ਸੰਤ ਢੱਡਰੀਆਂਵਾਲੇ ’ਤੇ ਹਮਲੇ ਦੇ ਮਾਅਨੇ

ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਉੱਚ ਪੁਲੀਸ ਅਧਿਕਾਰੀਆਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਭਰੋਸਿਆਂ ਦੇ ਬਾਵਜੂਦ ਦਸ ਦਿਨਾਂ ਵਿੱਚ ਵੀ ਹਮਲੇ ਦੀ ਸਾਜ਼ਿਸ਼ ਤੇ ਸਾਜ਼ਿਸ਼ਕਾਰ ਨੂੰ ਬੇਪਰਦ ਕਰਨ ਵਿੱਚ ਨਾਕਾਮ ਰਹਿਣ ’ਤੇ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਸੀਬੀਆਈ ਜਾਂਚ ਦੀ ਮੰਗ ਕਰਨ ਨਾਲ ਪੰਜਾਬ ਸਰਕਾਰ ਅਤੇ ਪੁਲੀਸ ਦੀ ਕਾਰਗੁਜ਼ਾਰੀ ਸਵਾਲਾਂ ਵਿੱਚ ਘਿਰ ਗਈ ਹੈ। ਵਾਰਦਾਤ ਦੀ ਸੰਗੀਨੀ ਨੂੰ ਵੇਖਦਿਆਂ ਭਾਵੇਂ ਸਰਕਾਰ ਅਤੇ ਪੁਲੀਸ ਨੇ ਕੁਝ ਹਮਲਾਵਰਾਂ ਨੂੰ ਦਬੋਚਣ ਵਿੱਚ ਫੁਰਤੀ ਦਿਖਾਈ ਪਰ ਉਹ ਇਸ ਹਮਲੇ ਦੀ ਸਾਜਿਸ਼ ਦੀ ਤਹਿ ਤਕ ਜਾਣ ਅਤੇ ਸਾਜ਼ਿਸ਼ਕਾਰ ਨੂੰ ਗ੍ਰਿਫ਼ਤਾਰ ਕਰਨ ਦੀ ਜੁਰੱਅਤ ਸੌੜੇ ਸਿਆਸੀ ਮੰਤਵਾਂ ਤਹਿਤ ਨਹੀਂ ਵਿਖਾ ਰਹੀ। ਦੂਜੇ ਪਾਸੇ ਸੰਤ ਸਮਾਜ ਤੇ ਦਮਦਮੀ ਟਕਸਾਲ ਦਾ ਮੁਖੀ ਹਰਨਾਮ ਸਿੰਘ ਧੁੰਮਾ ਸ਼ਰ੍ਹੇਆਮ ਨਾ ਕੇਵਲ ਸੰਤ ਢੱਡਰੀਆਂਵਾਲੇ ’ਤੇ ਹਮਲੇ ਨੂੰ ਦਰੁਸਤ ਹੀ ਠਹਿਰਾ ਰਿਹਾ ਹੈ ਬਲਕਿ ਹਮਲਾਵਰਾਂ ਦੀ ਪਿੱਠ ਵੀ ਠੋਕ ਰਿਹਾ ਹੈ। ਹਮਲੇ ਲਈ ਵਰਤੀਆਂ ਗਈਆਂ ਗੱਡੀਆਂ ਵਿੱਚੋਂ ਇੱਕ ਗੱਡੀ ਵੀ ਉਸ ਦੇ ਨਾਂ ਬੋਲਦੀ ਹੈ ਅਤੇ ਉਹ ਸੰਤ ਢੱਡਰੀਆਂਵਾਲੇ ਨੂੰ ਦਮਦਮੀ ਟਕਸਾਲ ਦੀ ਦਸਤਾਰ ਸਬੰਧੀ ਕੀਤੀਆਂ ਟਿੱਪਣੀਆਂ ਲਈ ਮੁਆਫ਼ੀ ਨਾ ਮੰਗਣ ਦੀ ਸੂਰਤ ਵਿੱਚ ਵਿੱਚ ਸਬਕ ਸਿਖਾਉਣ ਦੀ ਧਮਕੀ ਵੀ ਦੇ ਰਿਹਾ ਹੈ। ਇਸ ਸਭ ਕੁਝ ਦੇ ਬਾਵਜੂਦ ਪੁਲੀਸ ਵੱਲੋਂ ਉਸ ਨੂੰ ਤਫ਼ਤੀਸ਼ ਵਿੱਚ ਸ਼ਾਮਲ ਕਰਨ ਤੋਂ ਵੀ ਗੁਰੇਜ਼ ਕਰਨਾ ਸਰਕਾਰ ਅਤੇ ਪੁਲੀਸ ਦੇ ਕਿਰਦਾਰ ਤੇ ਵਿਵਹਾਰ ਉੱਤੇ ਸਵਾਲ ਖੜ੍ਹੇ ਕਰ ਰਿਹਾ ਹੈ। ਹੋਰ ਤਾਂ ਹੋਰ, ਬਾਬਾ ਧੁੰਮਾ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਦੋਵਾਂ ਧਿਰਾਂ ਨੂੰ ਸੰਕੋਚ ਵਰਤਣ ਦੇ ਦਿੱਤੇ ਗਏ ਆਦੇਸ਼ਾਂ ਨੂੰ ਵੀ ਟਿੱਚ ਸਮਝ ਰਿਹਾ ਹੈ।
ਇਹ ਵਰਤਾਰਾ ਜਿੱਥੇ ਸਰਕਾਰ ਅਤੇ ਪੁਲੀਸ ਲਈ ਚੁਣੌਤੀ ਹੈ, ਉੱਥੇ ਸਮੁੱਚੇ ਪੰਜਾਬੀਆਂ, ਵਿਸ਼ੇਸ਼ ਕਰਕੇ ਸਿੱਖ ਸੰਗਤਾਂ ਲਈ ਵੀ ਚਿੰਤਾ ਅਤੇ ਚਿੰਤਨ ਕਰਨ ਵਾਲਾ ਹੈ। ਬਾਬਿਆਂ ਦੀਆਂ ਗ਼ੈਰਕਾਨੂੰਨੀ ਕਾਰਵਾਈਆਂ ਜਿੱਥੇ ਸੂਬੇ ਦੇ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀਆਂ ਹਨ, ਉੱਥੇ ਭਾਈਚਾਰਕ ਸਾਂਝ ਨੂੰ ਖੇਰੂੰ-ਖੇਰੂੰ ਕਰਨ ਵੱਲ ਵੀ ਵਧ ਰਹੀਆਂ ਹਨ। ਸਾਧਾਰਨ ਜੁਰਮਾਂ ਦੇ ਸ਼ੱਕੀ ਦੋਸ਼ੀਆਂ ਨੂੰ ਥਾਣਿਆਂ ਵਿੱਚ ਬੰਦ ਕਰਨ ਅਤੇ ਤਸ਼ੱਦਦ ਕਰਨ ਵਾਲੀ ਪੁਲੀਸ, ਸਿਆਸੀ ਦਖ਼ਲਅੰਦਾਜ਼ੀ ਕਾਰਨ ਕਾਨੂੰਨ ਅਤੇ ਰਾਜ ਨੂੰ ਚੁਣੌਤੀ ਦੇ ਰਹੇ ਬਾਬੇ ਮੁੂਹਰੇ ਬੇਵੱਸ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਪੁਲੀਸ ਢਾਂਚੇ ਨੂੰ ਮੌਜੂਦਾ ਸਰਕਾਰ ਨੇ ਪਹਿਲਾਂ ਹੀ ਆਪਣੇ ਸਥਾਨਕ ਅਕਾਲੀ ਨੇਤਾਵਾਂ ਦੀ ਗ਼ੁਲਾਮ ਬਣਾ ਕੇ ਰੱਖ ਦਿੱਤਾ ਹੈ। ਇਸ ਸਥਿਤੀ ਵਿੱਚ ਸੂਬਾਈ ਪੁਲੀਸ ਦੀ ਸਿਆਸੀ ਹੁਕਮਾਂ ਬਿਨਾਂ ਸਾਜ਼ਿਸ਼ਕਾਰ ਦੀ ਹਵਾ ਵੱਲ ਝਾਕਣ ਦੀ ਹਿੰਮਤ ਵੀ ਨਹੀਂ। ਆਗਾਮੀ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਧਿਰ ਕਿਸੇ ਵੀ ਬਾਬੇ ਵਿਰੁੱਧ ਠੋਸ ਕਾਰਵਾਈ ਕਰਨ ਦੀ ਜੁਰੱਅਤ ਨਹੀਂ ਦਿਖਾ ਰਹੀ ਅਤੇ ਫੁੂਕ-ਫੁੂਕ ਕੇ ਪੈਰ ਰੱਖ ਰਹੀ ਹੈ।
ਸੰਤ ਢੱਡਰੀਆਂਵਾਲੇ ਉੱਤੇ ਕਾਤਲਾਨਾ ਹਮਲਾ ਉਸ ਮੌਕੇ ਹੋਇਆ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਮੁਲਕ ਦਾ ਸਭ ਤੋਂ ਸੁਰੱਖਿਅਤ ਅਤੇ ਸ਼ਾਂਤੀ ਵਾਲਾ ਸੂਬਾ ਹੋਣ ਦਾ ਦਾਅਵਾ ਕਰ ਰਿਹਾ ਸੀ। ਇਹ ਗੱਲ ਵੱਖਰੀ ਹੈ ਕਿ ਸੂਬੇ ਵਿੱਚ ਗੈਂਗਸਟਰਾਂ ਦੇ ਦਬਦਬੇ, ਲੁੱਟਾਂ-ਖੋਹਾਂ ਅਤੇ ਔਰਤਾਂ ’ਤੇ ਹਮਲਿਆਂ ਦੀ ਵਧ ਰਹੀਆਂ ਵਾਰਦਾਤਾਂ ਉਪ ਮੁੱਖ ਮੰਤਰੀ ਦੇ ਦਾਅਵੇ ਦੀ ਫੂਕ ਕੱਢ ਰਹੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਨਾਮਧਾਰੀ ਮਾਤਾ ਚੰਦ ਕੌਰ ਦੇ ਕਤਲ ਸਮੇਤ ਦਰਜਨਾਂ ਅਹਿਮ ਕੇਸਾਂ ਨੂੰ ਹੱਲ ਕਰਨ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਰਕਾਰ ਅਤੇ ਪੁਲੀਸ ਦੀ ਅਸਫ਼ਲਤਾ ਜੱਗ ਜ਼ਾਹਿਰ ਹੈ। ਠੋਸ ਕਾਰਵਾਈ ਦੀ ਥਾਂ ਹਰ ਅਹਿਮ ਘਟਨਾ ਬਾਅਦ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਤੋਂ ਇਲਾਵਾ ਪੁਲੀਸ ਦੇ ਪੱਲੇ ਹੋਰ ਕੁਝ ਨਹੀਂ ਜਾਪਦਾ। ਜਿਸ ਢੰਗ ਨਾਲ ਸਰਕਾਰ ਅਤੇ ਪੁਲੀਸ ਇਸ ਕੇਸ ਨੂੰ ਸਹਿਜਤਾ ਨਾਲ ਲੈ ਰਹੀ ਹੈ; ਉਸ ਤੋਂ ਸਾਢੇ ਤਿੰਨ ਦਹਾਕੇ ਪਹਿਲਾਂ ਅਤਿਵਾਦ ਦੀ ਸ਼ੁਰੂਆਤ ਦੇ ਦਿਨਾਂ ਦੀ ਯਾਦ ਆਉਣੀ ਸੁਭਾਵਿਕ ਹੈ। ਸੌੜੇ ਸਿਆਸੀ ਹਿੱਤਾਂ ਲਈ ਬਾਬਿਆਂ ਦੀਆਂ ਗ਼ੈਰਕਾਨੂੰਨੀ ਕਾਰਵਾਈਆਂ ਮੂਹਰੇ ਗੋਡੇ ਟੇਕਣ ਦੀ ਸਰਕਾਰ ਅਤੇ ਪੁਲੀਸ ਦੀ ਨੀਤੀ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਵਿੱਚ ਨਹੀਂ। ਬਾਬਿਆਂ ਸਮੇਤ ਹਰ ਨਾਗਰਿਕ ਨੂੰ ਕਾਨੂੰਨ ਸਾਹਮਣੇ ਬਰਾਬਰ ਅਤੇ ਜਵਾਬਦੇਹ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਸ ਤੋਂ ਭੱਜਣਾ ਖ਼ਤਰਨਾਕ ਸਿੱਧ ਹੋ ਸਕਦਾ ਹੈ।

Leave a Reply

Your email address will not be published. Required fields are marked *

Please type the characters of this captcha image in the input box

Please type the characters of this captcha image in the input box

Error. Page cannot be displayed. Please contact your service provider for more details. (9)