ਐਡਮਿੰਟਨ (ਦੇਸ.ਪ੍ਰਦੇਸ਼ ਟਾਈਮਜ਼ ਬਿਉਰੋ)_ਐਲਬਰਟਾ ਦੀ ਰਾਜਨੀਤੀ ਵਿਚ ਉਸ ਵੇਲੇ ਵੱਡਾ ਭੂਚਾਲ ਆਇਆ ਜਦੋਂ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀਆਂ ਨੀਤੀਆਂ ਤੋਂ ਦੁੱਖੀ ਹੋ ਕੇ ਇਸ ਪਾਰਟੀ ਦੇ ਦੋ ਐਮ.ਐਲ.ਏ. ਵਾਇਲਡਰੋਜ਼ ਗਠਜੋੜ ਵਿਚ ਸ਼ਾਮਿਲ ਹੋ ਗਏ ਜਿਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ। ਬਗ਼ਾਵਤ ਦਾ ਝੰਡਾ ਚੁੱਕਣ ਵਾਲੇ ਏਅਰਡਰਾਈ ਚੈਸਟਰਮੇਅਰ ਹਲਕੇ ਦੇ ਐਮ.ਐਲ.ਏ. ਰੌਬ ਐਂਡਰਸਨ ਅਤੇ ਕੈਲਗਰੀ ਫਿਸ਼-ਕਰੀਕ ਦੇ ਐਮ.ਐਲ.ਏ. ਹੀਥਰ ਫੌਰਸਾਇਥ ਦਾ ਵਾਇਲਡਰੋਜ਼ ਗਠਜੋੜ ਦੇ ਆਗੂਆਂ ਨੇ ਸਵਾਗਤ ਕਰਦਿਆਂ ਕਿਹਾ ਕਿ ਇਹ ਸਾਡੀਆਂ ਨੀਤੀਆਂ ਦੀ ਜਿੱਤ ਹੈ ਤੇ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਲੋਕ ਕੰਜ਼ਰਵੇਟਿਵ ਪਾਰਟੀ ਦੀ ਦੀਆਂ ਨੀਤੀਆਂ ਤੋਂ ਦੁੱਖੀ ਹਨ। ਨਵੇਂ ਗਠਜੋੜ ਵਿਚ ਸ਼ਾਮਿਲ ਹੋਈ ਹੀਥਰ ਫੋਰਸਿਥ ਨੇ ਗੱਲਬਾਤ ਵਿਚ ਕਿਹਾ ਕਿ ਮੇਰੀ ਪਹਿਲ ਹੋਵੇਗੀ ਕਿ ਆਪਣੇ ਹਲਕੇ ਦੇ ਲੋਕਾਂ ਦੀ ਸਹੀ ਨੁਮਾਇੰਦਗੀ ਕਰਾਂ ਅਤੇ ਲੋਕਾਂ ਦ ਵਿਕਾਸ ਕਾਰਜਾਂ ਨੂੰ ਕਰਵਾਉਣ ਲਈ ਸਰਕਾਰ ਸਾਹਮਣੇ ਆਵਾਜ਼ ਬੁਲੰਦ ਕਰਾਂ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕੋਈ ਯੋਜਨਾ ਨਹੀਂ ਬਣਾਈ। ਇਥੋਂ ਤੱਕ ਕਿ ਮੇਰੇ ਹਲਕੇ ਦੇ ਕਈ ਵਿਕਾਸ ਕਾਰਜ ਲੰਬੇ ਸਮੇਂ ਤੋਂ ਅਧੂਰੇ ਪਏ ਹੋਏ ਹਨ। ਇਸੇ ਕਰਕੇ ਪਾਰਟੀ ਨੂੰ ਛੱਡਣਾ ਪਿਆ।











