ਕਾਂਗਰਸ ਲਈ ਦਾਗ਼ ਧੋਣ ਦਾ ਵੇਲਾ

ਭਾਰਤੀ ਲੋਕਤੰਤਰ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ ਪਰ ਇਸ ਲੋਕਤੰਤਰ ਨੂੰ ਚਲਾਉਣ ਵਾਲੇ ਜ਼ਿਆਦਾਤਰ ਆਗੂ ਅਜਿਹੇ ਹਨ ਜੋ ਆਪਣੀ ਵੋਟ ਰਾਜਨੀਤੀ ਖ਼ਾਤਰ ਗਿਰਾਵਟ ਦੀਆਂ ਨੀਵਾਣਾਂ ਤੱਕ ਚਲੇ ਜਾਂਦੇ ਹਨ। ਭਾਰਤੀ ਲੋਕਤੰਤਰ ਦੇ ਇਤਿਹਾਸ ਵਿਚ ਗਿਰਾਵਟ ਦੀਆਂ ਇਨ੍ਹਾਂ ਨੀਵਾਣਾਂ ਦੀਆਂ ਕਈ ਅਜਿਹੀਆਂ ਮਿਸਾਲਾਂ ਹਨ ਜੋ ਲੋਕਤੰਤਰ ਉਪਰ ਬਦਨੁਮਾਂ ਦਾਗ਼ ਦੀ ਤਰ੍ਹਾਂ ਹਨ। ਭਾਰਤੀ ਲੋਕਤੰਤਰ ਦੇ ਇਤਿਹਾਸ ਦੇ ਪੰਨਿਆਂ ‘ਤੇ ਅਜਿਹਾ ਹੀ ਇਕ ਬਦਨੁਮਾ ਦਾਗ਼ ਹੈ ਨਵੰਬਰ 1984 ਦੇ ਸਿੱਖ ਵਿਰੋਧੀ ਦੰਗੇ। ਇਨ੍ਹਾਂ ਸਿੱਖ ਵਿਰੋਧੀ ਦੰਗਿਆਂ ਦੌਰਾਨ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਇਸ ਲਈ ਮਾਰ ਮੁਕਾਇਆ ਕਿ ਸਮੇਂ ਦੀ ਰਾਜਨੀਤੀ ਰਾਜ ਕਰ ਰਹੀ ਪਾਰਟੀ ਦੇ ਹੱਕ ਵਿਚ ਭੁਗਤਣੀ ਸੀ। ਗੁੰਡਿਆਂ ਦੀਆਂ ਭੀੜਾਂ ਇਕੱਠੀਆ ਕੀਤੀਆਂ ਗਈਆਂ ਤੇ ਉਨ੍ਹਾਂ ਦੀ ਅਗਵਾਈ ਕੀਤੀ ਗਈ ਕੁਝ ਕਾਂਗਰਸੀ ਆਗੂਆਂ ਵੱਲੋਂ। ਸਮੇਂ ਨੇ ਕਰਵਟ ਲਈ ਪਰ ਦੰਗਾ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ। ਦੰਗਿਆਂ ਲਈ ਜ਼ਿੰਮੇਵਾਰ ਆਗੂਆਂ ਨੂੰ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਰਿਹਾ। ਪਿਛਲੇ ਕੁਝ ਸਮੇਂ ਦੌਰਾਨ ਦੋਸ਼ੀਆਂ ਖਿਲਾਫ ਆਵਾਜ਼ ਮੁੜ ਬੁਲੰਦ ਹੋਈ ਹੈ। ਦੋ ਮੁੱਖ ਦੋਸ਼ੀਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਖਿਲਾਫ਼ ਸੀ. ਬੀ. ਆਈ. ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਸਰਕਾਰ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਮੁਕੱਦਮਾ ਚਲਾਉਣ ਦੀ ਆਗਿਆ ਦਿੱਤੀ ਹੈ। ਭਾਵੇਂ ਇਹ ਪ੍ਰਵਾਨਗੀ ਰਸਮੀ ਤੌਰ ‘ਤੇ ਦਿੱਲੀ ਦੇ ਲੈਫ. ਗਵਰਨਰ ਨੇ ਦਿੱਤੀ ਹੈ ਪਰ ਇਸ ਪਿੱਛੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀਆਂ ਸਪੱਸ਼ਟ ਹਦਾਇਤਾਂ ਕੰਮ ਕਰ ਰਹੀਆਂ ਸਨ। ਭਾਰਤ ਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਪਾਰਲੀਮੈਂਟ ਵਿਚ ਕੀਤਾ ਆਪਣਾ ਵਾਅਦਾ ਨਿਭਾਅ ਦਿੱਤਾ ਹੈ ਪਰ ਹੁਣ ਵੇਖਣ ਵਾਲੀ ਗੱਲ ਹੈ ਕਿ ਪ੍ਰੋਸੀਕਿਊਸ਼ਨ ਕਿਸ ਤਰ੍ਹਾਂ ਇਸ ਕੇਸ ਨੂੰ ਨਜਿੱਠਦੀ ਹੈ ਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦੁਆਉਾਂਦੀ? ਦਿੱਲੀ ਦੰਗਿਆਂ ਵਿਚ ਸਰਕਾਰੀ ਅਨੁਮਾਨਾਂ ਅਨੁਸਾਰ ਤਿੰਨ ਹਜ਼ਾਰ ਤੋਂ ਵੱਧ ਬੇਕਸੂਰ ਲੋਕ ਮਾਰੇ ਗਏ ਸਨ ਅਤੇ ਜਿਸ ਨਫ਼ਰਤ ਤੇ ਦਰਿੰਦਗੀ ਨਾਲ ਇਨ੍ਹਾਂ ਦੰਗਿਆਂ ਨੂੰ ਕੁਝ ਕਾਂਗਰਸੀ ਨੇਤਾਵਾਂ ਨੇ ਸੰਚਾਲਿਤ ਕੀਤਾ ਉਸ ਤੋਂ ਜਾਪਦਾ ਹੈ ਕਿ ਇਹ ਇਕ ਬਹੁਤ ਵੱਡੀ ਸੋਚੀ-ਸਮਝੀ ਸਾਜ਼ਿਸ਼ ਸੀ। ਹੁਣ ਸੱਜਣ ਕੁਮਾਰ ਖਿਲਾਫ ਕਾਰਵਾਈ ਦੇ ਨਾਲ-ਨਾਲ ਦਿੱਲੀ ਦੰਗਿਆਂ ਦੇ ਹੋਰ ਦੋਸ਼ੀਆਂ ਖਿਲਾਫ ਕਾਰਵਾਈ ਵਿਚ ਵੀ ਤੇਜ਼ੀ ਆਉਣੀ ਚਾਹੀਦੀ ਹੈ ਤੇ ਇਸੇ ਤਰ੍ਹਾਂ ਹੀ ਗੁਜਰਾਤ ਦੰਗਿਆਂ ਵਿਚ ਸ਼ਾਮਿਲ ਲੋਕਾਂ ਖਿਲਾਫ ਵੀ ਧਾਰਾ 302 ਤਹਿਤ ਕਾਨੂੰਨੀ ਕਾਰਵਾਈ ਫਾਸਟ ਟਰੈਕ ਅਦਾਲਤਾਂ ਵਿਚ ਕਰਕੇ ਉਨ੍ਹਾਂ ਨੂੰ ਬਣਦੀ ਸਜ਼ਾ ਦੁਆਉਣੀ ਚਾਹੀਦੀ ਹੈ। ਜੇਕਰ ਭਾਰਤ ਸਰਕਾਰ ਦੇਸ਼ ਦਾ ਧਰਮ-ਨਿਰਪੱਖ ਚੇਹਰਾ ਬਰਕਰਾਰ ਰੱਖਣਾ ਚਾਹੁੰਦੀ ਹੈ ਤਾਂ ਇਸ ਨੂੰ ਫਿਰਕੂ ਦੰਗਿਆਂ ਵਰਗੀਆਂ ਘਟਨਾਵਾਂ ਨੂੰ ਮਾਨਵਤਾ ਤੋਂ ਗਿਰੀਆਂ ਹੋਈਆਂ ਕਰਾਰ ਦੇ ਕੇ ਇਨ੍ਹਾਂ ਦੇ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤਾਂ ਵਿਚ ਖੜ੍ਹੇ ਕਰਨਾ ਚਾਹੀਦਾ ਹੈ ਤੇ ਕੁਝ ਕੁ ਮਹੀਨਿਆਂ ਵਿਚ ਹੀ ਅਜਿਹੇ ਅਪਰਾਧੀਆਂ ਨੂੰ ਮਿਸਾਲੀ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ।
ਇਸ ਸਮੇਂ ਕਾਂਗਰਸ ਪਾਰਟੀ ਦੀ ਅਗਵਾਈ ਸ੍ਰੀਮਤੀ ਸੋਨੀਆ ਗਾਂਧੀ ਦੇ ਹੱਥ ਵਿਚ ਹੈ, ਜਿਨ੍ਹਾਂ ਦਾ ਅਕਸ ਬਹੁਤ ਹੀ ਸਾਫ਼-ਸੁਥਰਾ ਤੇ ਸੁਥਰੀ ਰਾਜਨੀਤੀ ਵਾਲਾ ਹੈ। ਆਸ ਕੀਤੀ ਜਾਂਦੀ ਹੈ ਕਿ ਸੋਨੀਆ ਗਾਂਧੀ ਕਾਂਗਰਸ ਦੇ ਮੱਥੇ ‘ਤੇ ਪਿਛਲੇ ਸਮੇਂ ਲੱਗੇ ਦਾਗ਼ਾਂ ਨੂੰ ਧੋਣ ਦਾ ਯਤਨ ਕਰੇਗੀ ਤੇ ਦੋਸ਼ੀਆਂ ਨੂੰ ਉਚਿਤ ਸਜ਼ਾਵਾਂ ਦਿਤੀਆ ਜਾ ਸਕਣਗੀਆਂ।

Leave a Reply

ਤਾਜ਼ਾ ਖ਼ਬਰ

Punjab Insurance Inc At Middle
Copyright © 2010 · All Rights Reserved