ਬਚਪਨ ਦੇ ਪ੍ਰਛਾਵੇਂ ਮੈਨੂੰ ਫੜਨੇ ਚੰਗੇ ਲੱਗਦੇ ਨੇ।
ਚੋਰੀ ਸਾਂਭ ਸੰਭਾਲੇ ਪੱਤਰ ਪੜ੍ਹਨੇ ਚੰਗੇ ਲੱਗਦੇ ਨੇ।
ਮੇਰੇ ਵਾਂਗ ਉਮਰ ਦੇ ਪੰਜਵੇਂ ਡੰਡੇ ‘ਤੇ ਨੇ ਬੈਠੀਆਂ ਜੋ,
ਚਿੜੀਆਂ ਦੇ ਖੰਭਾਂ ਵਿੱਚ ਤਾਰੇ ਜੜਨੇ ਚੰਗੇ ਲੱਗਦੇ ਨੇ।
ਮੈਂ ਵਕਤਾਂ ਦਾ ਘਾੜਨਹਾਰਾ, ਮੇਰੀ ਜ਼ਿੰਮੇਵਾਰੀ ਇਹ,
ਗ਼ਜ਼ਲਾਂ ਦੇ ਸ਼ੀਸ਼ੇ ਵਿੱਚ ਹੀਰੇ ਮੜ੍ਹਨੇ ਚੰਗੇ ਲੱਗਦੇ ਨੇ।
ਪੁਰਖੇ, ਪੈਸਾ ਪੌੜੀ ਰੁਤਬੇ, ਏਨੇ ਮੇਰੇ ਪਾਸ ਨਹੀਂ,
ਏਸੇ ਕਰ ਕੇ ਪਰਬਤ ਪੈਰੀਂ ਚੜ੍ਹਨੇ ਚੰਗੇ ਲੱਗਦੇ ਨੇ।
ਨਿੱਕੀਆਂ-ਨਿੱਕੀਆਂ ਜੰਗਾਂ ਛੇੜਾਂ, ਮੇਰਾ ਬਿਲਕੁਲ ਸ਼ੌਕ ਨਹੀਂ,
ਲੰਮੇ ਯੁੱਧ ਨਿਰੰਤਰ ਮੈਨੂੰ, ਲੜਨੇ ਚੰਗੇ ਲੱਗਦੇ ਨੇ।
ਰੰਗੇ ਬਿਰੰਗੇ ਪੈੱਨ-ਪੈਨਸਲਾਂ, ਸ਼ਾਨਾਂ ਭਾਵੇਂ ਮੇਜ਼ ਦੀਆਂ,
ਆਪਣੇ ਹੱਥੀਂ ਕਲਮਾਂ ਕਾਨ੍ਹੇ ਘੜਨੇ ਚੰਗੇ ਲੱਗਦੇ ਨੇ।
ਮੇਰੇ ਅੰਦਰ ਬੈਠਾ ਬੱਚਾ, ਚਾਂਭਲਦੈ, ਜਦ ਵੇਖ ਲਵੇ,
ਰਾਤ ਦੇ ਕੇਸੀ ਜੁਗਨੂੰ ਇਸ ਨੂੰ ਅੜਨੇ ਚੰਗੇ ਲੱਗਦੇ ਨੇ।











