ਨੇਤਾ ਜੀ ਦੀ ਨੌਜਵਾਨਾਂ ਨੂੰ ਅਪੀਲ

ਨੇਤਾ ਜੀ ਨੂੰ ਆਪਣੀ ਸੁਰਮੇ ਵਾਲੀ ਸੱਜੀ ਅੱਖ ਰਾਹੀਂ ਹੁਣੇ-ਹੁਣੇ ਤਾਜ਼ਾ-ਤਾਜ਼ਾ ਗਿਆਨ ਹੋਇਆ ਹੈ ਕਿ ਅੱਜਕਲ੍ਹ ਦੇ ਨੌਜਵਾਨ ਉਨ੍ਹਾਂ ਦੀ ਰਾਜਗੱਦੀ ਦਾ ਚੌਥਾ ਪੌਡਾ ਹਨ। ਇਹ ਪੌਡਾ ਮਜ਼ਬੂਤ ਨਾ ਹੋਵੇ ਤਾਂ ਸਿੰਘਾਸਨ ਤੋਟ ਮਾਰੇ ਅਮਲੀ ਵਾਂਗ ਡਾਵਾਂਡੋਲ ਹੋਣ ਲਗਦਾ ਹੈ। ਜੰਗਾਲ ਖਾਧੇ ਕਬਜ਼ੇ ਵਾਂਗ ਰੋਣ ਲਗਦਾ ਹੈ। ਹੜ੍ਹ ‘ਚ ਘਿਰੇ ਮਜ਼ਲੂਮ ਟੱਬਰ ਦੀ ਛੱਤ ਵਾਂਗ ਚੋਣ ਲਗਦਾ ਹੈ। ਨੇਤਾ ਜੀ ਨੂੰ ਅੱਜਕਲ੍ਹ ਇਲਹਾਮ ਹੋਣ ਲੱਗਾ ਹੈ ਕਿ ਜੇ ਇਹ ਚੌਥਾ ਪੌਡਾ ਮਜ਼ਬੂਤ ਨਾ ਕੀਤਾ ਗਿਆ ਤਾਂ ਰਾਜਗੱਦੀ ‘ਤੇ ਸੁਖ ਦੀ ਨੀਂਦੇ ਸੌਣ ਵਾਲੇ ਉਨ੍ਹਾਂ ਦੇ ਸੁਫ਼ਨੇ ਖੱਖੜੀਆਂ ਕਰੇਲੇ ਹੋ ਜਾਣਗੇ। ਉਨ੍ਹਾਂ ਦੇ ਸੁੰਦਰ ਸੋਹਣੇ ਮਹੱਲ ਮਾੜੀਆਂ ਤਬੇਲੇ ਹੋ ਜਾਣਗੇ।
ਇਸੇ ਲਈ ਨੇਤਾ ਜੀ ਹੁਣ ਨੌਜਵਾਨਾਂ ਨੂੰ ਵਕਤਨ ਸੁਵਕਤਨ ਅਪੀਲ-ਦਰ-ਅਪੀਲ ਕਰਦੇ ਰਹਿੰਦੇ ਹਨ। ਸੰਬੋਧਨੀ ਸੁਰ ਅਖ਼ਤਿਆਰ ਕਰਦਿਆਂ ਆਖਦੇ ਹਨ: ਪਿਆਰੇ ਨੌਜਵਾਨੋਂ, ਬੁੱਢੇ ਦੇਸ਼ ਦੀ ਵਹਿੰਗੀ ਦਾ ਭਾਰ ਹੁਣ ਤੁਹਾਡੇ ਮਜ਼ਬੂਤ ਮੋਢਿਆਂ ‘ਤੇ ਆ ਟਿਕਿਆ ਹੈ। ਤੁਸੀਂ ਸ੍ਰਵਨ ਕੁਮਾਰ ਦੇ ਵਾਰਿਸ ਹੋ। ਸਾਡੇ ਜਿਹੇ ਅੰਨ੍ਹੇ ਅਤੇ ਬੁੱਢੇ ਨੇਤਾਵਾਂ ਦਾ ਬੋਝ ਹੁਣ ਤੁਸੀਂ ਤੇ ਤੁਸੀਂ ਹੀ ਢੋਣਾ ਹੈ। ਅਸੀਂ ਜਾਣਦੇ ਹਾਂ ਤੁਸੀਂ ਸ਼ਰਧਾਵਾਨ ਪੀੜ੍ਹੀ ਦੇ ਵੰਸ਼ਜ਼ ਹੋ। ਤੁਹਾਡੀ ਸ਼ਰਧਾ ਅਤੇ ਆਸਥਾ ਰਸ਼ਕ ਦੇ ਕਾਬਲ ਹੈ। ਇਸ ਸ਼ਰਧਾ ਦੇ ਦੀਵੇ ‘ਚ ਲਗਾਤਾਰ ਤੇਲ ਪਾਉਂਦੇ ਰਹੋ। ਤੇਲ ਨਾ ਮਿਲੇ ਤਾਂ ਦੇਸੀ ਘਿਓ ਪਾਓ। ਦੇਸੀ ਘਿਓ ਵੀ ਨਾ ਮਿਲੇ ਤਾਂ ਘੜੀ ਦੀ ਘੜੀ ਰਿਫਾਈਂਡ ਪਾ ਦੇਣਾ। ਅਸੀਂ ਤਾਂ ਸਬਰ ਵਾਲੇ ਬੁੱਢੇ ਹਾਂ। ਡਾਲਡੇ ਨਾਲ ਵੀ ਆਪਣੀ ਜੋਤ ਜਗਦੀ ਰੱਖਾਂਗੇ। ਅਸੀਂ ਜਾਣਦੇ ਹਾਂ ਕਿ ਸਾਡੇ ਨੌਜਵਾਨਾਂ ਵਿਚ ਅੰਤਾਂ ਦਾ ਜੋਸ਼ ਹੈ। ਉਨ੍ਹਾਂ ਦੇ ਡੌਲਿਆਂ ਦੀਆਂ ਮੱਛੀਆਂ ਹਮੇਸ਼ਾ ਫੜਕਦੀਆਂ ਰਹਿੰਦੀਆਂ ਨੇ। ਆਪਾਂ ਇਸ ਬੁੱਢੇ ਤੇ ਨਿਰਬਲ ਦੇਸ਼ ਨੂੰ ਅਗਾਂਹ ਲਿਜਾਣਾ ਹੈ। ਸਾਡੀਆਂ ਕਮਜ਼ੋਰ ਨਜ਼ਰਾਂ ਹੁਣ ਤੁਹਾਡੇ ‘ਤੇ ਹੀ ਟਿਕੀਆਂ ਹੋਈਆਂ ਹਨ। ਆਓ ਇਕ ਮਜ਼ਬੂਤ ਮੁਲਕ ਦੀ ਨੀਂਹ ਰੱਖੀਏ। ਜੈ ਹਿੰਦ।‘
ਨੇਤਾ ਜੀ ਦੀ ਸੁਤਾ ਸੱਤਾ ਨੂੰ ਚਿੰਬੜੀ ਹੋਈ ਹੈ। ਉਹ ਨੌਜਵਾਨਾਂ ਵਾਲਾ ਖੇਡਦੇ ਹਨ ਪੱਤਾ। ਜਿਲਦ ਮਜ਼ਬੂਤ ਕਰਨ ਲਈ ਮੋਟਾ ਲਾਉਂਦੇ ਹਨ ਗੱਤਾ। ਸੱਤਾ ਡਕਾਰਨ ਲਈ ਪੀਂਦੇ ਹਨ ਨਿੰਬੂ ਵਾਲਾ ਬੱਤਾ।
ਨੇਤਾ ਜੀ ਦਾ ਪ੍ਰਵਚਨ ਜਾਰੀ ਰਹਿੰਦਾ ਹੈ। ਉਹ ਵੱਡੇ ਨੇਤਾਵਾਂ ਦੇ ਵਚਨ ਲੱਭ-ਲੱਭ ਨੌਜਵਾਨਾਂ ਨੂੰ ਸੁਣਾਉਂਦੇ ਹਨ, ‘ਤੁਸੀਂ ਇਹ ਨਾ ਸੋਚੋ ਕਿ ਅਸੀਂ ਜਾਂ ਦੇਸ਼ ਤੁਹਾਨੂੰ ਕੀ ਦੇ ਸਕਦਾ ਹੈ। ਹਮੇਸ਼ਾ ਇਹੋ ਸੋਚੋ ਕਿ ਤੁਸੀਂ ਸਾਨੂੰ ਕੀ ਦੇ ਸਕਦੇ ਹੋ। ਇਹੋ ਇਸ ਪਵਿੱਤਰ ਦੇਸ਼ ਦੀ ਰੀਤ ਹੈ। ਤੁਸੀਂ ਹਮੇਸ਼ਾ ਦਿੰਦੇ ਰਹੇ ਹੋ ਅਤੇ ਅਸੀਂ ਹਮੇਸ਼ਾ ਲੈਂਦੇ ਆਏ ਹਾਂ। ਕਰਨ ਜਿਹੇ ਯੋਧਿਆਂ ਨੇ ਆਪਣਾ ਸੋਨੇ ਦਾ ਦੰਦ ਤੱਕ ਦਾਨ ਕਰ ਦਿੱਤਾ ਸੀ। ਇਕ ਹੋਰ ਨੌਜਵਾਨ ਨੇ ਤਾਂ ਆਪਣੇ ਬਾਪ ਲਈ ਬ੍ਰਹਮਚਾਰੀ ਤੱਕ ਰਹਿਣ ਦਾ ਪ੍ਰਣ ਕਰ ਲਿਆ ਸੀ। ਉਸ ਦੇ ਪਿਓ ਨੇ ਸੁੰਦਰ ਕੰਨਿਆ ਨਾਲ ਵਿਆਹ ਕਰ ਲਿਆ ਸੀ ਤੇ ਉਹ ਵੀਰ ਯੋਧਾ ਬਾਲ ਬ੍ਰਹਮਚਾਰੀ ਹੀ ਰਹਿ ਗਿਆ ਸੀ। ਨੌਜਵਾਨਾਂ ਦੀਆਂ ਕੁਰਬਾਨੀਆਂ ਹਮੇਸ਼ਾ ਰੰਗ ਲਿਆਈਆਂ ਨੇ…।‘ ਏਨਾ ਆਖਦੇ ਹੋਏ ਨੇਤਾ ਜੀ ਘੜੀ ਪਲ ਸਾਹ ਲੈਣ ਲਈ ਰੁਕਦੇ ਹਨ।
ਨੌਜਵਾਨਾਂ ਦੀ ਭੀੜ ‘ਚੋਂ ਇਕ ਤਿੱਖੀ ਆਵਾਜ਼ ਸੁਣਾਈ ਪੈਂਦੀ ਹੈ, ‘ਖਾਣ-ਪੀਣ ਨੂੰ ਬਾਂਦਰੀ ਤੇ ਟੰਬੇ ਖਾਣ ਨੂੰ ਰਿੱਛ।‘
ਨੇਤਾ ਜੀ ਨੂੰ ਵੀ ਇਕ ਆਵਾਜ਼ ਸੁਣ ਜਾਂਦੀ ਹੈ ਪਰ ਉਹ ਬਹੁਤ ਸਬਰ ਸੰਤੋਖ ਵਾਲੇ ਭੱਦਰਪੁਰਸ਼ ਹਨ। ਇਹੋ ਜਿਹੀਆਂ ਸੈਂਕੜੇ ਨਹੀਂ, ਹਜ਼ਾਰਾਂ, ਹਜ਼ਾਰਾਂ ਨਹੀਂ ਲੱਖਾਂ ਆਵਾਜ਼ਾਂ ਸੁਣਦੇ-ਸੁਣਦੇ ਬੁੱਢੇ ਹੋਏ ਹਨ। ਘੜੀ ਪਲ ਲਈ ਆਪਣੀ ਤੁਲਨਾ ਬਾਂਦਰੀ ਨਾਲ ਹੁੰਦੀ ਸੁਣ ਕੇ ਥੋੜ੍ਹਾ ਬਹੁਤ ਗੁੱਸਾ ਤਾਂ ਉਨ੍ਹਾਂ ਨੂੰ ਆਉਂਦਾ ਹੀ ਆਉਂਦਾ ਹੈ, ਪਰ ਉਹ ਜਾਣਦੇ ਹਨ ਕਿ ਆਇਆ ਗੁੱਸਾ ਪੀ ਜਾਣਾ ਹੀ ਚੰਗੀ ਲੀਡਰੀ ਦਾ ਮੂਲਮੰਤਰ ਹੁੰਦਾ ਹੈ। ਚੰਗੇ ਨੇਤਾ ਨੂੰ ਪਹਿਲਾ ਸਬਕ ਹੀ ਅੱਜਕਲ੍ਹ ਇਹ ਮਿਲਦਾ ਹੈ ਕਿ ਵਿਰੋਧੀ ਦੀ ਆਖੀ ਕੌੜੀ ਗੱਲ ਵੀ ਮਿੱਠੇ ਸ਼ਰਬਤ ਦੀ ਘੁੱਟ ਵਾਂਗ ਨਿਘਾਰ ਲਵੋ।
ਘੜੀ ਪਲ ਸਾਹ ਲੈ ਕੇ ਨੇਤਾ ਜੀ ਫੇਰ ਆਖਦੇ ਹਨ, ‘ਤੁਹਾਡੀਆਂ ਕੁਰਬਾਨੀਆਂ ਰੰਗ ਲਿਆਈਆਂ ਸੀ। ਤੁਸੀਂ ਸ਼ਹੀਦੀਆਂ ਪਾਈਆਂ, ਅਸੀਂ ਰਾਜ ਗੱਦੀਆਂ, ਤੁਸੀਂ ਲਹੂ ਵਹਾਇਆ, ਅਸੀਂ ਪੈਸਾ ਕਮਾਇਆ। ਸੱਠ ਵਰ੍ਹੇ ਅਸੀਂ ਤੁਹਾਡੀਆਂ ਬਖਸ਼ੀਆਂ ਗੱਦੀਆਂ ਸੀਨੇ ਨਾਲ ਲਾ ਕੇ ਰੱਖੀਆਂ, ਇਨ੍ਹਾਂ ਨੂੰ ਆਂਚ ਨਹੀਂ ਆਉਣ ਦਿੱਤੀ। ਦਿਨੇ-ਰਾਤੀਂ, ਸੁੱਤਿਆਂ-ਜਾਗਦਿਆਂ ਇਨ੍ਹਾਂ ਦੀ ਅਣਥੱਕ ਚੌਕੀਦਾਰ ਵਾਂਗ ਰਾਖੀ ਕੀਤੀ।‘
‘ਹੁਣ ਕਦੋਂ ਤੱਕ ਹੋਰ ਸਾਡਾ ਲਹੂ ਪੀਂਦੇ ਰਹੋਗੇ? ਜੋਕਾਂ! ਜੋਕਾਂ!!‘ ਭੀੜ ‘ਚੋਂ ਹੀ ਇਕ ਹੋਰ ਆਵਾਜ਼ ਸੁਣਾਈ ਪੈਂਦੀ ਹੈ।
ਸੁਣਦਿਆਂ ਹੀ ਨੇਤਾ ਜੀ ਮੁਸਕਰਾ ਕੇ ਆਖਦੇ ਹਨ, ‘ਹਾਂ, ਹਾਂ, ਅਸੀਂ ਹਾਂ ਲੋਕਾਂ, ਲੋਕਾਂ, ਲੋਕਾਂ ਲਈ। ਵਿਰੋਧੀਆਂ ਨੂੰ ਰੋਕਾਂ, ਰੋਕਾਂ, ਰੋਕਾਂਗੇ।‘
‘ਅਸੀਂ ਹੁਣ ਤੁਹਾਨੂੰ ਠੋਕਾਂ, ਠੋਕਾਂ, ਠੋਕਾਂਗੇ…‘ ਇਕ ਹੋਰ ਆਵਾਜ਼ ਭੀੜ ‘ਚੋਂ ਉਭਰਦੀ ਹੈ।
‘ਠੇਕੇ, ਠੇਕੇ? ਜਿੰਨੇ ਤੁਸੀਂ ਚਾਹੋਂਗੇ ਠੇਕੇ ਹੋਰ ਖੋਲ੍ਹ ਦਿਆਂਗੇ। ਜਿੰਨੇ ਕਹੋਂਗੇ ਖੋਲ੍ਹ ਦਿਆਂਗੇ ਠੇਕੇ, ਸਾਡਾ ਕਿਹੜਾ ਮੁੱਲ ਲੱਗਦੈ।‘
‘ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ।‘ ਇਹ ਤਾਂ ਉਹ ਵੀ ਟੱਪਗੇ।‘ ਇਕ ਨੌਜਵਾਨ ਹੂਰਾ ਵੱਟ ਕੇ ਆਖਦਾ ਹੈ।
ਨੇਤਾ ਜੀ ਮੁਸਕਰਾ ਕੇ ਫਿਰ ਪ੍ਰਵਚਨੀ ਮੁਦਰਾ ਅਖ਼ਤਿਆਰ ਕਰਦੇ ਹੋਏ ਆਖਦੇ ਹਨ, ‘ਅਸੀਂ ਨੌਜਵਾਨਾਂ ਦੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਸਮਝਦੇ ਹਾਂ। ਸਾਡੇ ਜਿਹੇ ਬੁੱਢਿਆਂ ਨੂੰ ਹੁਣ ਇਹ ਪਸੰਦ ਨਹੀਂ ਕਰਦੇ। ਇਸੇ ਲਈ ਅਸੀਂ ਹੁਣ ਰਾਜਨੀਤੀ ਤੋਂ ਸੰਨਿਆਸ ਲੈ ਰਹੇ ਹਾਂ। ਸਾਡੀ ਥਾਂ ਹੁਣ ਤੁਹਾਡੀ ਅਗਵਾਈ ਕਾਕਾ ਜੀ, ਆਪਣੇ ਪਿਆਰੇ ਕਾਕਾ ਜੀ ਕਰਨਗੇ। ਆਪਣੀਆਂ ਕੁਰਬਾਨੀਆਂ ਨਾਲ ਹੁਣ ਇਨ੍ਹਾਂ ਦੇ ਹੱਥ ਮਜ਼ਬੂਤ ਕਰੋ। ਅਸੀਂ ਜਾਣਦੇ ਹਾਂ ਕਿ ਨੌਜਵਾਨਾਂ ਦੀ ਅਗਵਾਈ ਕੋਈ ਜੋਸ਼ੀਲਾ ਨੌਜਵਾਨ ਹੀ ਕਰ ਸਕਦਾ ਹੈ। ਉਹੀ ਤੁਹਾਡੇ ਦਿਲ ਦੀਆਂ ਬੁਝ ਸਕਦਾ ਹੈ। ਹੁਣ ਕਾਕਾ ਜੀ ਨਾਲ ਆਪਣੇ ਮਜ਼ਬੂਤ ਮੋਢੇ ਜੋੜੋ। ਨਵੀਂ ਕ੍ਰਾਂਤੀ ਲਈ ਰਾਹ ਤਿਆਰ ਕਰੋ।‘
ਕਾਕਾ ਜੀ ਆਪਣੀਆਂ ਭੂਰੀਆਂ-ਭੂਰੀਆਂ ਮੁੱਛਾਂ ਨੂੰ ਉਤਾਂਹ ਖੜ੍ਹਾ ਕਰਦੇ ਹੋਏ ਭੀੜ ਨੂੰ ਦੋਵੇਂ ਹੱਥ ਜੋੜ ਨਮਸਕਾਰ ਕਰਦੇ ਹਨ।
‘ਆਓ ਮਿਲ ਕੇ ਨਵੇਂ ਦੇਸ਼ ਦਾ ਨਿਰਮਾਣ ਕਰੀਏ।‘ ਮੰਚ ਤੋਂ ਕੋਈ ਚਮਚਾ ਕਾਕਾ ਜੀ ਪਿੱਛੋਂ ਨਾਅਰਾ ਚੁੱਕਦਾ ਹੈ।
‘ਆਓ ਕਿਸੇ ਨਵੇਂ ਭੇਸ ਦਾ ਨਿਰਮਾਣ ਕਰੀਏ।‘ ਭੀੜ ‘ਚੋਂ ਆਵਾਜ਼ ਆਉਂਦੀ ਹੈ।
‘ਕਾਕਾ ਜੀ ਦਾ ਸਾਥ ਦਿਓ ਲੋਕੋ।‘ ਮੰਚ ਤੋਂ ਹੀ ਇਕ ਹੋਰ ਚਮਚਾ ਨਾਅਰਾ ਬੁਲੰਦ ਕਰਦਾ ਹੈ।
‘ਉਹੋ ਜਿਹੇ ਕਾਕੇ, ਜਿਹੋ ਜਿਹੀ ਕੋਕੋ।‘
ਪਤਾ ਲੱਗਾ ਹੈ ਕਿ ਭੀੜ ਹੁਣ ਸੋਚਣ ਲੱਗ ਪਈ ਹੈ, ਭੀੜ ਦਾ ਸੋਚਣ ਲੱਗ ਪੈਣਾ ਨੇਤਾ ਜੀ ਲਈ ਹਮੇਸ਼ਾ ਖ਼ਤਰੇ ਦੀ ਘੰਟੀ ਅਤੇ ਜੀਅ ਦਾ ਜੰਜਾਲ ਬਣਦਾ ਰਿਹਾ ਹੈ।
- ਵਰਿੰਦਰ ਸਿੰਘ

Leave a Reply

ਤਾਜ਼ਾ ਖ਼ਬਰ

Punjab Insurance Inc At Middle
Copyright © 2010 · All Rights Reserved