ਚੰਡੀਗੜ੍ਹ, 18 ਫਰਵਰੀ – ਕੇਂਦਰੀ ਗ੍ਰਹਿ ਮੰਤਰਾਲੇ ਨੇ ਇੰਗਲੈਂਡ ਦੇ ਸ਼ਹਿਰ ਸਲੋਹ ਦੇ ਸਿੱਖ ਮੇਅਰ ਜੋਗਿੰਦਰ ਸਿੰਘ ਬੱਲ ਵਿਰੁੱਧ ਭਾਰਤ ਵਿੱਚ ਦਾਖਲ ਹੋਣ ਦੀ ਪਾਬੰਦੀ ਹਟਾ ਲਈ ਹੈ। ਕੇਂਦਰੀ ਗ੍ਰਹਿ ਵਿਭਾਗ ਦੇ ਵਿਦੇਸ਼ੀ ਵਿੰਗ ਦੇ ਸੈਕਸ਼ਨ ਅਧਿਕਾਰੀ ਵੇਦ ਪ੍ਰਕਾਸ਼ ਵਲੋਂ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹਰਵਿੰਦਰ ਸੰਘ ਹੰਸਪਾਲ ਨੂੰ ਮੰਤਰਾਲੇ ਵਲੋਂ ਦਿੱਤੇ ਜਵਾਬ ਵਿੱਚ ਕਿਹਾ ਗਿਆ ਹੈ ਕਿ ਸ੍ਰ. ਬੱਲ ਮੇਅਰ ਸਲੋਹ (ਯੂ ਕੇ) ਨੂੰ ਅੰਮ੍ਰਤਸਰ ਹਵਾਈ ਅੱਡੇ ‘ਤੇ 12 ਅਪ੍ਰੈਲ 2007 ਨੂੰ ਕਿਸੇ ਕਾਰਨ ਰੋਕਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸ੍ਰ. ਬੱਲ ‘ਤੇ ਭਾਰਤ ਆਉਣ ਦੀ ਪਾਬੰਦੀ ਸੀ, ਪਰ ਹੁਣ ਮੰਤਰਾਲੇ ਨੇ ਬੱਲ ਦਾ ਨਾਮ ਸ਼ੱਕੀ ਸੂਚੀ ਵਿੱਚੋਂ ਹਟਾ ਦਿੱਤਾ ਹੈ। ਮੰਤਰਾਲੇ ਨੇ ਹੁਣ ਸਪੱਸ਼ਟ ਸ਼ਬਦਾਂ ਵਿੱਚ ਆਦੇਸ਼ ਜਾਰੀ ਕੀਤੇ ਹਨ ਕਿ ਭਵਿੱਖ ਵਿੱਚ ਬੱਲ ਨੂੰ ਭਾਰਤ ਵਿਖੇ ਆਉਣ-ਜਾਣ ‘ਤੇ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਸਾਲ 2007 ਸਲੋਹ ਦੇ ਮੇਅਰ ਬੱਲ ਲੰਦਨ ਤੋਂ ਅੰਮ੍ਰਿਤਸਰ ਆ ਕੇ ਹਵਾਈ ਅੱਡੇ ਉੱਤੇ ਉਤਰੇ ਸਨ, ਪਰ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਉਸ ਸਮੇਂ ਡੀਪੋਰਟ ਕਰ ਦਿੱਤਾ ਸੀ, ਹਾਲਾਂਕਿ ਬੱਲ ਕੋਲ ਭਾਰਤ ਆਉਣ ਦਾ ਯੋਗ ਵੀਜ਼ਾ ਵੀ ਸੀ। ਸ੍ਰ. ਬੱਲ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਾਨਾ ਤਲਵੰਡੀ ਹਲਕਾ ਭੁਲੱਥ ਦੇ ਰਹਿਣ ਵਾਲੇ ਹਨ। ਇਸ ਮਾਮਲੇ ਬਾਰੇ ਵਿਧਾਨ ਸਭਾ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਚਿੰਤਾ ਪ੍ਰਗਟ ਕਰਦਿਆਂ ਮਾਮਲਾ ਭਾਰਤ ਸਰਕਾਰ ਅਤੇ ਸ੍ਰ. ਹਰਵਿੰਦਰ ਸਿੰਘ ਹੰਸਪਾਲ ਦੇ ਧਿਆਨ ਵਿੱਚ ਲਿਆਂਦਾ ਸੀ। ਹੰਸਪਾਲ ਨੇ ਇਸ ਕੇਸ ਨੂੰ ਪਹਿਲ ਦੇ ਆਧਾਰ ‘ਤੇ ਗ੍ਰਹਿ ਮੰਤਰਾਲੇ ਤੱਕ ਪੁਚਾਇਆ। ਆਖਰ ਸ੍ਰ. ਬੱਲ ਨੂੰ ਆਪਣਾ ਵਤਨ ਵੇਖਣ ਦੀ ਇਜਾਜ਼ਤ ਮਿਲ ਗਈ।











