ਉਤਰ ਪ੍ਰਦੇਸ਼ ‘ਚ ਚੌਥੇ ਗੇੜ ਲਈ 57 ਫੀਸਦੀ ਮਤਦਾਨ
ਇੰਡੀਆ, ਵਿਸ਼ੇਸ਼ ਲੇਖ Monday, February 20th, 2012
ਲਖਨਊ, 20 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਗੇੜ ਦੌਰਾਨ ਅੱਜ 57 ਫੀਸਦੀ ਵੋਟਾਂ ਪਈਆਂ। ਇਸ ਗੇੜ ਦੌਰਾਨ ਨਹਿਰੂ-ਗਾਂਧੀ ਪਰਵਾਰ ਦਾ ਗੜ੍ਹ ਮੰਨੇ ਜਾਂਦੇ ਅਮੇਠੀ, ਰਾਏ ਬਰੇਲੀ ਤੇ ਬੁੰਦੇਲਖੰਡ ਵਿੱਚ ਲੋਕਾਂ ਨੇ ਵੋਟਾਂ ਪਾਈਆਂ। ਇਸ ਦੌਰਾਨ 1.74 ਕਰੋੜ ਤੋਂ ਉਪਰ ਵੋਟਰਾਂ ਨੇ ਮਤਦਾਨ ਕਰ ਕੇ 967 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਕਰ ਦਿੱਤੀ ਹੈ। ਬਾਂਦਾ ਅਤੇ ਚਿਤਰਕੂਟ ਵਿਖੇ ਵੀ ਵੋਟਰਾਂ ਵਿੱਚ ਕਾਫੀ ਉਤਸ਼ਾਹ ਦੇਖਿਆ ਗਿਆ। ਇਹ ਇਲਾਕੇ ਲੁੱਟਾਂ-ਖੋਹਾਂ ਤੋਂ ਕਾਫੀ ਪ੍ਰਭਾਵਤ ਹਨ।
ਚੌਥੇ ਗੇੜ ਦੇ ਇਸ ਮਤਦਾਨ ਦੌਰਾਨ ਸਖਤ ਸੁਰੱਖਿਆ ਪ੍ਰਬੰਧਾਂ ਹੇਠ 11 ਜ਼ਿਲਿਆਂ ਵਿੱਚ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ। ਚੋਣ ਅਮਲੇ ਮੁਤਾਬਕ ਵੋਟਾਂ ਅਮਨ-ਅਮਾਨ ਨਾਲ ਭੁਗਤੀਆਂ। ਇਸ ਗੇੜ ਵਿੱਚ 103 ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਤੇ 139 ਕਰੋੜਪਤੀ ਉਮੀਦਵਾਰ ਵੀ ਮੈਦਾਨ ‘ਚ ਸਨ। ਚੋਣਾਂ ਦੇ ਰਹਿੰਦੇ ਗੇੜਾਂ ਲਈ ਮਤਦਾਨ 23 ਤੇ 28 ਫਰਵਰੀ ਅਤੇ 3 ਮਾਰਚ ਨੂੰ ਹੋਵੇਗਾ।








