Home » ਅੰਤਰਾਸ਼ਟਰੀ, ਵਿਸ਼ੇਸ਼ ਲੇਖ » ਈਰਾਨ ਨੇ ਪਾਬੰਦੀਆਂ ਦੇ ਜਵਾਬ ‘ਚ ਉਠਾਇਆ ਕਦਮ : ਫਰਾਂਸ, ਬ੍ਰਿਟੇਨ ਨੂੰ ਤੇਲ ਵਿਕਰੀ ਰੋਕੀ

ਈਰਾਨ ਨੇ ਪਾਬੰਦੀਆਂ ਦੇ ਜਵਾਬ ‘ਚ ਉਠਾਇਆ ਕਦਮ : ਫਰਾਂਸ, ਬ੍ਰਿਟੇਨ ਨੂੰ ਤੇਲ ਵਿਕਰੀ ਰੋਕੀ


ਤਹਿਰਾਨ, 20 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਈਰਾਨ ਨੇ ਜੁਆਬੀ ਕਾਰਵਾਈ ਕਰਦਿਆਂ ਫਰਾਂਸ ਅਤੇ ਬ੍ਰਿਟੇਨ ਨੂੰ ਸੀਮਤ ਤੇਲ ਵਿਕਰੀ ਰੋਕ ਦਿੱਤੀ ਹੈ। ਈਰਾਨ ਨੇ ਯੂਰਪੀਨ ਯੂਨੀਅਨ ਵਲੋਂ ਤੇਲ ‘ਤੇ ਲਾਈਆਂ ਗਈਆਂ ਪੜਾਅਵਾਰ ਪਾਬੰਦੀਆਂ ਦੇ ਜਵਾਬ ਵਿੱਚ ਇਹ ਕਦਮ ਉਠਾਇਆ ਹੈ। ਇਹ ਰੋਕ ਅਜੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਈ।
ਤੇਲ ਮੰਤਰਾਲੇ ਦੇ ਬੁਲਾਰੇ ਰਜਾ ਨਿਕਜਾਡ ਰਹਿਬਰ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਬਰਤਾਨੀਆ ਤੇ ਫਰਾਂਸੀਸੀ ਕੰਪਨੀਆਂ ਨੂੰ ਤੇਲ ਦੀ ਵਿਕਰੀ ਰੋਕ ਦਿੱਤੀ ਗਈ ਹੈ। ਮੰਤਰਾਲਾ ਦੀ ਵੈਬਸਾਈਟ ‘ਤੇ ਆਏ ਇਸ ਬਿਆਨ ‘ਚ ਕਿਹਾ ਗਿਆ ਹੈ ਕਿ ਅਸੀਂ ਬ੍ਰਿਟੇਨ ਅਤੇ ਫਰਾਂਸੀਸੀ ਕੰਪਨੀਆਂ ਦੀ ਜਗ੍ਹਾ ਹੋਰ ਦੇਸ਼ਾਂ ਨੂੰ ਤੇਲ ਸਪਲਾਈ ਕਰਨ ਲਈ ਕਦਮ ਚੁੱਕੇ ਹਨ। ਈਰਾਨ ਦੇ ਇਸ ਫੈਸਲੇ ਦਾ ਕੋਈ ਜ਼ਿਆਦਾ ਅਸਰ ਹੋਣ ਦਾ ਅੰਦਾਜ਼ਾ ਨਹੀਂ ਹੈ, ਕਿਉਂਕਿ ਇਨ੍ਹਾਂ ਦੋਵਾਂ ਦੇਸ਼ਾਂ ਦਾ ਈਰਾਨ ਨਾਲ ਤੇਲ ਵਪਾਰ ਮਾਮੂਲੀ ਹੈ। ਬ੍ਰਿਟੇਨ ਹੁਣ ਇਸ ਕੋਲੋਂ ਤੇਲ ਲੈਂਦਾ ਹੀ ਨਹੀਂ, ਪਰ ਇਸ ਕਦਮ ਨਾਲ ਇਟਲੀ, ਸਪੇਨ ਤੇ ਯੂਨਾਨ ਵਰਗੇ ਦੂਸਰੇ ਯੂਰਪੀ ਦੇਸ਼ਾਂ ਲਈ ਇਹ ਚੇਤਾਵਨੀ ਮੰਨੀ ਜਾ ਰਹੀ ਹੈ, ਜੋ ਈਰਾਨੀ ਤੇਲ ‘ਤੇ ਕਾਫੀ ਨਿਰਭਰ ਹਨ। ਇਸੇ ਦੌਰਾਨ ਈਰਾਨ ਦੇ ਅੱਜ ਦੇ ਫੈਸਲੇ ਤੋਂ ਪ੍ਰਭਾਵਤ ਦੇਸ਼ਾਂ ਨੇ ਕਿਹਾ ਕਿ ਉਹ ਈਰਾਨੀ ਤੇਲ ਨਾ ਖਰੀਦਣ ਦੇ ਯੂਰਪੀਨ ਯੂਨੀਅਨ ਦੇ ਫੈਸਲੇ ਵਿੱਚ ਸ਼ਾਮਲ ਹਨ।
ਉਧਰ ਈਰਾਨ ਨੇ ਇਸਰਾਈਲ ਅਤੇ ਅਮਰੀਕਾ ਸਮੇਤ ਆਪਣੇ ਸਭ ਵਿਰੋਧੀਆਂ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਐਤਵਾਰ ਸਵੇਜ਼ ਨਹਿਰ ਦੇ ਰਸਤੇ ਭੂ-ਮੱਧ ਸਾਗਰ ਵਿੱਚ ਆਪਣੇ ਜੰਗੀ ਬੇੜੇ ਉਤਾਰ ਦਿੱਤੇ ਹਨ। ਖਬਰ ਏਜੰਸੀ ਇਰਨਾ ਨੇ ਦੇਸ਼ ਦੇ ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਹਬੀਬ-ਉਲਾ ਸਿਆਰੀ ਦੇ ਹਵਾਲੇ ਨਾਲ ਕਿਹਾ ਕਿ ਈਰਾਨ ਨੇ ਭੂ-ਮੱਧ ਸਾਗਰ ਵਿੱਚ ਆਪਣੇ ਜੰਗੀ ਬੇੜੇ ਤਾਇਨਾਤ ਕਰਕੇ ਅਮਰੀਕਾ ਸਮੇਤ ਸਾਰੇ ਵਿਰੋਧੀਆਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾ ਦਿੱਤਾ ਹੈ। ਈਰਾਨ ਦੀ ਸਮੁੰਦਰੀ ਫੌਜ ਇਸਲਾਮੀ ਕ੍ਰਾਂਤੀ ਪਿੱਛੋਂ ਦੂਜੀ ਵਾਰ ਸਵੇਜ਼ ਨਹਿਰ ਦੇ ਰਸਤੇ ਤੋਂ ਭੂ-ਮੱਧ ਸਾਗਰ ਤੱਕ ਪੁੱਜੀ ਹੈ। ਐਡਮਿਰਲ ਸਿਆਰੀ ਨੇ ਨਾ ਤਾਂ ਇਹ ਦੱਸਿਆ ਕਿ ਕਿੰਨੇ ਜੰਗੀ ਬੇੜੇ ਤਾਇਨਾਤ ਕੀਤੇ ਗਏ ਹਨ ਤੇ ਨਾ ਭਵਿੱਖ ਦੀ ਯੋਜਨਾ ਬਾਰੇ ਕੋਈ ਜਾਣਕਾਰੀ ਦਿੱਤੀ। ਉਨ੍ਹਾਂ ਸਿਰਫ ਇੰਨਾ ਦੱਸਿਆ ਕਿ ਇਹ ਜੰਗੀ ਬੇੜੇ ਪਹਿਲਾਂ ਸਾਊਦੀ ਅਰਬ ਦੇ ਬੰਦਰਗਾਹ ਸ਼ਹਿਰ ਜਦਾਹ ਦੇ ਕੰਢੇ ‘ਤੇ ਖੜੇ ਸਨ। ਇਹ ਜੰਗੀ ਬੇੜੇ ਉਂਝ ਤਾਂ ਸ਼ਾਂਤੀ ਦਾ ਸੰਦੇਸ਼ ਲਈ ਤਾਇਨਾਤ ਕੀਤੇ ਗਏ ਹਨ, ਪਰ ਉਹ ਨਾਲ ਹੀ ਈਰਾਨ ਦੀ ਤਾਕਤ ਨੂੰ ਵੀ ਦਰਸਾਉਂਦੇ ਹਨ।
ਇਥੇ ਇਹ ਗੱਲ ਦੱਸਣ ਯੋਗ ਹੈ ਕਿ ਈਰਾਨ ਨੇ ਅਮਰੀਕਾ ਅਤੇ ਇਸਰਾਈਲ ਦੀਆਂ ਚਿਤਾਵਨੀਆਂ ਨੂੰ ਟਿੱਚ ਜਾਣਦਿਆਂ ਇਹ ਕਦਮ ਚੁੱਕਿਆ ਹੈ। ਅਮਰੀਕੀ ਰੱਖਿਆ ਮੰਤਰੀ ਪੇਨੇਟਾ ਨੇ ਸ਼ਨੀਵਾਰ ਈਰਾਨ ਨੂੰ ਸਖਤ ਚੇਤਾਵਨੀ ਦਿੱਤੀ ਸੀ ਕਿ ਜੇ ਉਸ ਨੇ ਹਰਮੁਜ ਪਾਣੀ ਸੰਧੀ ਬੰਦ ਕੀਤੀ ਜਾਂ ਪ੍ਰਮਾਣੂ ਹਥਿਆਰ ਬਣਾਇਆ ਤਾਂ ਉਸ ਵਿਰੁੱਧ ਕਾਰਵਾਈ ਦੇ ਸਭ ਬਦਲ ਖੁੱਲ੍ਹੇ ਹਨ।

Leave a Reply

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.