Close
Menu

ਅਕਾਲੀ ਦਲ ਵੱਲੋਂ ਨਵਜੋਤ ਸਿੱਧੂ ਨੂੰ ਮੰਤਰੀ ਮੰਡਲ ’ਚੋਂ ਕੱਢਣ ਦੀ ਮੰਗ

-- 14 April,2018

ਚੰਡੀਗੜ੍ਹ, 14 ਅਪਰੈਲ
ਸ਼੍ਰੋਮਣੀ ਅਕਾਲੀ ਦਲ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਤਿੰਨ ਸੀਨੀਅਰ ਆਗੂਆਂ ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਹਾਈ ਕੋਰਟ ਵੱਲੋਂ ਸੁਣਾਈ ਗਈ ਸਜ਼ਾ ਬਹਾਲ ਰੱਖਣ ਦੀ ਮੰਗ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮੰਤਰੀ ਦੀ ਕੁਰਸੀ ’ਤੇ ਬੈਠੇ ਰਹਿਣ ਦਾ ਨੈਤਿਕ ਅਧਿਕਾਰ ਗੁਆ ਚੁੱਕੇ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਵਜ਼ਾਰਤ ਵਿੱਚ ਸ੍ਰੀ ਸਿੱਧੂ ਦਾ ਮੌਜੂਦ ਰਹਿਣਾ ਨਾ ਸਿਰਫ ਨੈਤਿਕ ਤੌਰ ’ਤੇ ਗਲਤ ਹੈ ਸਗੋਂ ਸੰਵਿਧਾਨ ਦਾ ਮਜ਼ਾਕ ਉਡਾਉਣ ਦੇ ਬਰਾਬਰ ਵੀ ਹੈ। ਡਾ. ਚੀਮਾ ਨੇ ਕਿਹਾ ਕਿ ਕ੍ਰਿਕਟਰ ਤੋਂ ਸਿਅਸਤਦਾਨ ਬਣੇ ਇਸ ਆਗੂ ਨੇ ਹਮੇਸ਼ਾ ਨੈਤਿਕਤਾ ’ਤੇ ਪਹਿਰਾ ਦੇਣ ਅਤੇ ਅਸੂਲਾਂ ਦੀ ਰਾਜਨੀਤੀ ਕਰਨ ਦਾ ਦਾਅਵਾ ਕੀਤਾ ਹੈ। ਇਸ ਲਈ ਅਜੋਕੇ ਮਾਹੌਲ ਵਿੱਚ ਨੈਤਿਕਤਾ ਇਹੀ ਕਹਿੰਦੀ ਹੈ ਕਿ ਸ੍ਰੀ ਸਿੱਧੂ ਤੁਰੰਤ ਕੁਰਸੀ ਤੋਂ ਲਾਂਭੇ ਹੋ ਜਾਣ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਸਿੱਧੂ ਨੂੰ ਬਰਖ਼ਾਸਤ ਕਰ ਦੇਣ। ਡਾ. ਚੀਮਾ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਹਾਈ ਕੋਰਟ ਦੇ ਹੁਕਮ ਬਹਾਲ ਕਰਨ ਦੀ ਮੰਗ ਕਰਨਾ ਵੀ ਸਾਬਤ ਕਰਦਾ ਹੈ ਕਿ ਕੈਪਟਨ ਆਪਣੇ ਸਾਥੀ ਮੰਤਰੀ ਦਾ ਬਚਾਅ ਕਰ ਰਹੇ ਹਨ ਜਦੋਂ ਕਿ ਪੀੜਤ ਪਰਿਵਾਰ ਧਾਰਾ 302 ਤਹਿਤ ਕਾਰਵਾਈ ਕਰਨ ਦੀ ਕਾਨੂੰਨੀ ਲੜਾਈ ਲੜ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ’ਚ ਸ਼ਾਮਲ ਕਰਾਉਣ ਤੋਂ ਪਹਿਲਾਂ ਕੇਸ ਤੋਂ ਬਚਾਉਣ ਦਾ ਸੌਦਾ ਕੀਤਾ ਸੀ ਤੇ ਇਹ ਸੌਦਾ ਕਿਸ ਪੱਧਰ ’ਤੇ ਹੋਇਆ ਇਸ ਦਾ ਵੀ ਜਨਤਕ ਤੌਰ ’ਤੇ ਸਰਕਾਰ ਨੂੰ ਖ਼ੁਲਾਸਾ ਕਰਨਾ ਚਾਹੀਦਾ ਹੈ। ਅਕਾਲੀ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਉਤੇ ਵੀ ਨਵਜੋਤ ਸਿੰਘ ਸਿੱਧੂ ਨੂੰ ਬਚਾਉਣ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਅਤੇ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਵਜੋਂ ਕੰਮ ਕਰ ਰਹੇ ਹਨ।

Facebook Comment
Project by : XtremeStudioz