Close
Menu

ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਫ਼ੈਸਲੇ ਦਾ ਸਵਾਗਤ

-- 12 January,2018

ਅੰਮ੍ਰਿਤਸਰ,  ਵਿਦੇਸ਼ਾਂ ਵਿੱਚ ਭਾਰਤੀ ਅਧਿਕਾਰੀਆਂ ਦੇ ਗੁਰਦੁਆਰਿਆਂ ’ਚ ਦਾਖ਼ਲੇ ’ਤੇ ਲਾਈ ਗਈ ਰੋਕ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜਾਇਜ਼ ਕਰਾਰ ਦਿੰਦਿਆਂ ਆਖਿਆ ਕਿ ਇਨ੍ਹਾਂ ਵੱਲੋਂ ਕੌਮ ਵਿੱਚ ਵੰਡੀਆਂ ਪਾਉਣਾ ਅਤੇ ਗੁਰਦੁਆਰਿਆਂ ’ਚ ਬੇਲੋੜੀ ਦਖ਼ਲਅੰਦਾਜ਼ੀ ਠੀਕ ਨਹੀਂ ਹੈ। ਉਨ੍ਹਾਂ ਸੁਪਰੀਮ ਕੋਰਟ ਵੱਲੋਂ ਨਵੰਬਰ 1984 ਸਿੱਖ ਕਤਲੇਆਮ ਦੇ 186 ਕੇਸਾਂ ਦੀ ਮੁੜ ਜਾਂਚ ਦੇ ਆਦੇਸ਼ਾਂ ਦਾ ਸਵਾਗਤ ਕੀਤਾ ।ਅੱਜ ਇੱਥੇ ਇੱਕ ਮੀਡੀਆ ਕਾਨਫਰੰਸ ਦੌਰਾਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਭਾਰਤ ਵਿੱਚ ਵੀ ਗੁਰਦੁਆਰਿਆਂ ਵਿੱਚ ਅਜਿਹੇ ਅਧਿਕਾਰੀਆਂ ‘ਤੇ ਰੋਕ ਲਾਉਣ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਮਾਮਲਾ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ। ਮੁੰਬਈ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਗਾਇਕ ਮੀਕਾ ਸਿੰਘ ਕੋਲੋਂ ਗੁਰਬਾਣੀ ਦਾ ਕੀਰਤਨ ਕਰਵਾ ਕੇ ਮਰਿਆਦਾ ਦੀ ਉਲੰਘਣਾ ਹੋਣ ਸਬੰਧੀ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਇਸ ਪ੍ਰੋਗਰਾਮ ਵਿੱਚ ਸ਼ਾਮਲ ਸਨ। ਪ੍ਰਬੰਧਕਾਂ ਵੱਲੋਂ ਜਿਉਂ ਹੀ ਮੀਕਾ ਸਿੰਘ ਦੇ ਨਾਂ ਦਾ ਐਲਾਨ ਕੀਤਾ ਗਿਆ ਤਾਂ ਉਨ੍ਹਾਂ ਆਪਣਾ ਵਿਰੋਧ ਦਰਜ ਕਰਾਇਆ ਸੀ ਪਰ ਪ੍ਰਬੰਧਕਾਂ ਵੱਲੋਂ ਐਨ ਆਖ਼ਰੀ ਮੌਕੇ ਇਸ ਸਬੰਧੀ ਬਦਲਾਅ ਵਿੱਚ ਅਸਮਰੱਥਾ ਪ੍ਰਗਟਾਈ ਗਈ ਸੀ। ਪ੍ਰਬੰਧਕਾਂ ਨੇ ਇਸ ਸਬੰਧੀ ਭੁੱਲ ਦਾ ਅਹਿਸਾਸ ਕਰਦਿਆਂ ਖਿਮਾ ਯਾਚਨਾ ਵੀ ਕੀਤੀ ਸੀ ਅਤੇ ਭਵਿੱਖ ’ਚ ਮੁੜ ਅਜਿਹੀ ਗ਼ਲਤੀ ਨਾ ਕਰਨ ਦਾ ਭਰੋਸਾ ਵੀ ਦਿੱਤਾ ਸੀ।ਕਾਂਗਰਸੀ ਆਗੂ ਹੈਰੀ ਮਾਨ ਵੱਲੋਂ ਦਿੱਤੇ ਗਏ ਬਿਆਨ ਨੂੰ ਮੰਦਭਾਗਾ ਆਖਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਨਤਕ ਤੌਰ ‘ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।

Facebook Comment
Project by : XtremeStudioz