Close
Menu
Breaking News:

ਅਜ਼ਲਾਨ ਸ਼ਾਹ ਹਾਕੀ: ਭਾਰਤ ਨੇ ਹਾਰਾਂ ਦਾ ਸਿਲਸਿਲਾ ਤੋੜਿਆ

-- 08 March,2018

ਇਪੋਹ, ਭਾਰਤ ਨੇ ਹਾਰਾਂ ਦਾ ਸਿਲਸਿਲਾ ਤੋੜਦਿਆਂ ਮੇਜ਼ਬਾਨ ਮਲੇਸ਼ੀਆ ਨੂੰ ਅੱਜ 5-1 ਨਾਲ ਹਰਾ ਕੇ 27ਵੇਂ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕਰ ਲਈ ਹੈ। ਇਸ ਜਿੱਤ ਦੇ ਨਾਲ ਹੀ ਉਸ ਨੇ ਫਾਈਨਲ ਲਈ ਆਪਣੀਆਂ ਸੰਭਾਵਨਾਵਾਂ ਨੂੰ ਠੁੰਮਮ੍ਹਣਾ ਦੇ ਦਿੱਤਾ। ਭਾਰਤ ਦੀ ਚਾਰ ਮੈਚਾਂ ਵਿੱਚ ਇਹ ਪਹਿਲੀ ਜਿੱਤ ਹੈ। ਸ਼ੁਕਰਵਾਰ ਨੂੰ ਆਖ਼ਰੀ ਲੀਗ ਮੈਚਾਂ ਵਿੱਚ ਫਾਈਨਲ ਵਿੱਚ ਪਹੁੰਚ ਚੁੱਕੇ ਆਸਟਰੇਲੀਆ ਦਾ ਮੁਕਾਬਲਾ ਅਰਜਨਟੀਨਾ ਨਾਲ, ਭਾਰਤ ਦਾ ਆਇਰਲੈਂਡ ਨਾਲ ਅਤੇ ਮਲੇਸ਼ੀਆ ਦਾ ਇੰਗਲੈਂਡ ਨਾਲ ਹੋਣਾ ਹੈ। ਭਾਰਤ ਜੇਕਰ ਆਇਰਲੈਂਡ ਨੂੰ ਵੱਡੇ ਫਰਕ ਨਾਲ ਹਰਾ ਦਿੰਦਾ ਹੈ ਅਤੇ ਆਸਟਰੇਲੀਆ ਅਰਜਨਟੀਨਾ ਨੂੰ ਹਰਾ ਦਿੰਦਾ ਹੈ ਅਤੇ ਇੰਗਲੈਂਡ ਤੇ ਮਲੇਸ਼ੀਆ ਵਿਚਾਲੇ ਮੈਚ ਡਰਾਅ ਰਹਿੰਦਾ ਹੈ ਤਾਂ ਭਾਰਤ ਲਈ ਫਾਈਨਲ ਵਿੱਚ ਜਾਣ ਦੀਆਂ ਸੰਭਾਵਨਾਵਾਂ ਬਣ ਜਾਣਗੀਆਂ।
ਭਾਰਤ ਆਪਣਾ ਸ਼ੁਰੂਆਤੀ ਮੈਚ ਓਲੰਪਿਕ ਚੈਂਪੀਅਨ ਅਰਜਨਟੀਨਾ ਤੋਂ 2-3 ਨਾਲ ਹਾਰ ਗਿਆ ਸੀ ਜਦਕਿ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਉਸ ਦਾ ਦੂਜਾ ਮੈਚ 1-1 ਨਾਲ ਡਰਾਅ ਰਿਹਾ ਸੀ। ਭਾਰਤ ਨੂੰ ਮੁੜ ਵਿਸ਼ਵ ਚੈਂਪੀਅਨ ਆਸਟਰੇਲੀਆ ਤੋਂ 2-4 ਨਾਲ ਹਾਰ ਝੱਲਣੀ ਪਈ ਸੀ।
ਪਿਛਲੇ ਟੂਰਨਾਮੈਂਟ ਵਿੱਚ ਤੀਜੇ ਸਥਾਨ ’ਤੇ ਰਹੀ ਭਾਰਤੀ ਟੀਮ ਲਈ ਮਲੇਸ਼ੀਆ ਨੂੰ ਹਰਾਉਣਾ ਬਹੁਤ ਜ਼ਰੂਰੀ ਸੀ ਅਤੇ ਉਸ ਨੇ ਗੁਰਜੰਟ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਮਲੇਸ਼ੀਆ ਨੂੰ 5-1 ਨਾਲ ਹਰਾ ਦਿੱਤਾ। ਆਸਟਰੇਲੀਆ 12 ਅੰਕਾਂ ਨਾਲ ਫਾਈਨਲ ਵਿੱਚ ਪਹੁੰਚ ਗਿਆ ਹੈ। ਅਰਜਨਟੀਨਾ ਸੱਤ ਅੰਕਾਂ ਨਾਲ ਦੂਜੇ, ਮਲੇਸ਼ੀਆ ਛੇ ਅੰਕਾਂ ਨਾਲ ਤੀਜੇ, ਇੰਗਲੈਂਡ ਪੰਜ ਅੰਕਾਂ ਨਾਲ ਚੌਥੇ ਅਤੇ ਭਾਰਤ ਚਾਰ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਭਾਰਤ ਨੇ ਮੈਚ ਦਾ ਪਹਿਲਾ ਗੋਲ 10ਵੇਂ ਮਿੰਟ ਵਿੱਚ ਕੀਤਾ। ਨੌਜਵਾਨ ਖਿਡਾਰੀ ਸ਼ਿਲਾਨੰਦ ਲਾਕੜਾ ਨੇ ਮੈਦਾਨੀ ਗੋਲ ਨਾਲ ਭਾਰਤ ਨੂੰ ਲੀਡ ਦਿਵਾਈ। ਭਾਰਤ ਦੀ ਇੱਕ ਗੋਲ ਦੀ ਲੀਡ ਪਹਿਲੇ ਹਾਫ਼ ਵਿੱਚ ਕਾਇਮ ਰਹੀ। ਮਲੇਸ਼ੀਆ ਨੇ 33ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਫੈਜ਼ਲ ਸਾਰੀ ਦੇ ਗੋਲ ਨਾਲ ਬਰਾਬਰੀ ਹਾਸਲ ਕਰ ਲਈ।
ਗੁਰਜੰਟ ਨੇ 42ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਕੀਤਾ ਅਤੇ ਭਾਰਤ 2-1 ਨਾਲ ਅੱਗੇ ਹੋ ਗਿਆ। ਸੁਮਿਤ ਕੁਮਾਰ ਨੇ 48ਵੇਂ ਮਿੰਟ ਵਿੱਚ ਮੈਦਾਨੀ ਗੋਲ ਨਾਲ ਭਾਰਤ ਨੂੰ 3-1 ਦੀ ਲੀਡ ਦਿਵਾ ਦਿੱਤੀ। ਸਟਾਰ ਖਿਡਾਰੀ ਰਮਨਦੀਪ ਸਿੰਘ ਨੇ 51ਵੇਂ ਮਿੰਟ ਵਿੱਚ ਭਾਰਤ ਦਾ ਚੌਥਾ ਗੋਲ ਕੀਤਾ। ਗੁਰਜੰਟ ਨੇ 57ਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ਦਾ ਪੂਰਾ ਫ਼ਾਇਦਾ ਚੁੱਕਦਿਆਂ ਆਪਣਾ ਦੂਜਾ ਅਤੇ ਟੀਮ ਦਾ ਪੰਜਵਾਂ ਗੋਲ ਕੀਤਾ। ਇਸ ਤੋਂ ਪਹਿਲਾਂ ਖੇਡੇ ਗਏ ਮੈਚਾਂ ਵਿੱਚ ਆਸਟਰੇਲੀਆ ਨੇ ਆਇਰਲੈਂਡ ਨੂੰ 4-1 ਨਾਲ ਹਰਾਇਆ ਜਦਕਿ ਅਰਜਨਟੀਨਾ ਅਤੇ ਇੰਗਲੈਂਡ ਦਾ ਮੈਚ 1-1 ਨਾਲ ਬਰਾਬਰ ਰਿਹਾ।

Facebook Comment
Project by : XtremeStudioz