Close
Menu

ਅਮਰਨਾਥ ਸ਼ਰਧਾਲੂਆਂ ਵਾਲੀ ਬੱਸ ਖੱਡ ’ਚ ਡਿੱਗੀ; 17 ਹਲਾਕ

-- 17 July,2017

ਰਾਮਬਨ/ਜੰਮੂ, ਅਮਰਨਾਥ ਦੀ ਪਵਿੱਤਰ ਗੁਫ਼ਾ ਦੇ ਦਰਸ਼ਨਾਂ ਨੂੰ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ਅੱਜ ਬਾਅਦ ਦੁਪਹਿਰ ਜੰਮੂ-ਸ੍ਰੀਨਗਰ ਮਾਰਗ ਉੱਤੇ ਰਾਮਬਨ ਨੇੜੇ ਖੱਡ ਵਿੱਚ ਡਿਗ ਗਈ ਅਤੇ ਹਾਦਸੇ ਵਿੱਚ 16 ਸ਼ਰਧਾਲੂਆਂ ਦੀ ਮੌਕੇ ੳੱੱਤੇ ਹੀ ਮੌਤ ਹੋ ਗਈ ਅਤੇ 31 ਸ਼ਰਧਾਲੂ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ 19 ਸ਼ਰਧਾਲੂਆਂ ਦੀ ਹਾਲਤ ਗੰਭੀਰ ਹੈ। ਪੀੜਤ ਸ਼ਰਧਾਲੂ ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਹਰਿਆਣਾ ਅਤੇ ਮੱਧ ਪ੍ਰਦੇਸ਼ ਨਾਲ ਸਬੰੰਧਤ ਹਨ। ਮ੍ਰਿਤਕਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ।
ਅੱਜ ਬਾਅਦ ਦੁਪਹਿਰ ਰਾਮਬਨ ਨੇੜੇ ਨਚਲਾਨਾ ਇਲਾਕੇ ਵਿੱਚ ਜੰਮੂ- ਸ੍ਰੀਨਗਰ ਮਾਰਗ ਉੱਤੇ  ਬੱਸ ਬੇਕਾਬੂ ਹੋ ਕੇ ਬਾਜ਼ੀਆਂ ਖਾਂਦੀ ਹੋਈ ਇੱਕ ਨਾਲੇ ਵਿੱਚ ਜਾ ਡਿਗੀ। ਇਹ ਜਾਣਕਾਰੀ ਰਾਮਬਨ ਦੇ ਸੀਨੀਅਰ ਸੁਪਰਡੈਂਟ ਪੁਲੀਸ ਮੋਹਨ ਲਾਲ ਨੇ ਦਿੱਤੀ।
ਹਾਦਸਾਗ੍ਰਸਤ ਬੱਸ ਜੋ ਕਿ ਜੰਮੂ – ਕਸ਼ਮੀਰ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਸੀ, ਜੰਮੂ ਤੋਂ ਅਮਰਨਾਥ ਦੀ ਯਾਤਰਾ ਲਈ ਰਵਾਨਾ ਹੋਏ 3603 ਸ਼ਰਧਾਲੂਆਂ ਦੇ ਕਾਫਲੇ ਦਾ ਹਿੱਸਾ ਸੀ। 19 ਗੰਭੀਰ ਜ਼ਖ਼ਮੀਆਂ ਨੂੰ ਹੈਲੀਕਾਪਟਰਾਂ ਰਾਹੀਂ ਜੰਮੂ ਦੇ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਹੈ। ਅੱਠ ਜ਼ਖ਼ਮੀਆਂ ਨੂੰ ਰਾਮਬਨ ਦੇ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਜ਼ਖ਼ਮੀਆਂ ਨੂੰ ਅਤੇ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਡੂੰਘੀ ਖੱਡ ਵਿੱਚੋਂ ਕੱਢਣ ਵਿੱਚ ਫ਼ੌਜ, ਸੀਮਾ ਸੁਰੱਖਿਆ ਬਲ ਦੇ ਜਵਾਨਾਂ ਅਤੇ ਸਥਾਨਕ ਲੋਕਾਂ ਨੇ ਸਹਾਇਤਾ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਗੰਭੀਰ ਜ਼ਖ਼ਮੀਆਂ ਵਿੱਚ ਸ਼ਾਮਲ ਇੱਕ ਔਰਤ ਲਲਿਤਾ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਸ੍ਰੀਨਗਰ ਦੇ ਹਸਪਤਾਲ ਵਿੱਚ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪਹਿਲਾਂ ਬੱਸ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ 27 ਦੱਸੀ ਗਈ ਸੀ ਜੋ ਬਾਅਦ ਵਿੱਚ ਪ੍ਰਾਪਤ ਰਿਪੋਰਟਾਂ ਦੇ ਅਨੁਸਾਰ ਵਧ ਕੇ 31 ਹੋ ਗਈ ਹੈ।  ਇਸੇ ਦੌਰਾਨ ਜੰਮੂ- ਕਸ਼ਮੀਰ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਨੇ ਅਮਰਨਾਥ ਸ਼ਰਧਾਲੂਆਂ ਦੀ ਬੱਸ ਨੂੰ ਆਏ ਹਾਦਸੇ ਦੀ ਜਾਂਚ ਦੇ ਅਦੇਸ਼ ਦਿੱਤੇ ਹਨ। ਜੰਮੂ- ਕਸ਼ਮੀਰ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਮੀਰ ਅਫਰੋਜ਼ ਅਹਿਮਦ ਅਨੁਸਾਰ ਸੜਕ ਹਾਦਸੇ ਦੀ ਜਾਂ ਕਮੇਟੀ ਦਾ ਗਠਿਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੋ ਦਿਨ ਦੇ ਵਿੱਚ ਆਪਣੀ ਰਿਪੋਰਟ ਦੇਵੇਗੀ। ਅਮਰਨਾਥ ਸ਼ਰਧਾਲੂਆਂ ਦੀ ਬੱਸ ਹਾਦਸੇ ਵਿੱਚ ਮੌਤ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੋਦੀ ਨੇ ਟਵੀਟ ਕਰਕੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਹ ਦਿਲੀ ਤੌਰ ਉੱਤੇ ਬੱਸ ਹਾਦਸੇ ਦੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਨ।
ਉਨ੍ਹਾਂ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਲਈ ਪ੍ਰਾਥਨਾ ਵੀ ਕੀਤੀ। ਉਨ੍ਹਾਂ ਰਾਹਤ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਦਾ ਪ੍ਰਗਟਵਾ ਕੀਤਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਮਰਨਾਥ ਸ਼ਰਧਾਲੂਆਂ ਦੀ ਬੱਸ ਨੂੰ ਆਏ ਹਾਦਸੇ ਉੱਤੇ ਸ਼ੋਕ ਪ੍ਰਗਟਾਇਆ ਹੈ। ਉਨ੍ਹਾਂ ਨੇ ਸੂਬੇ ਦੇ ਰਾਜਪਾਲ ਐੱਨ ਐੱਨ ਵੋਹਰਾ ਅਤੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਨਾਲ ਗੱਲਬਾਤ ਕਰਕੇ ਸਥਿਤੀ ਦਾ ਪਤਾ ਕੀਤਾ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਸ਼ਰਧਾਲੂਆਂ ਦੀ ਮੌਤ ਉੱਤੇ ਦੁੱਖ ਪ੍ਰਗਟਾਇਆ ਹੈ।
ਇਸ ਦੌਰਾਨ ਹੀ ਹਾਦਸੇ ਵਿੱਚ ਮਾਰੇ ਗਏ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਹਾਦਸੇ ਉੱਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੀ ਆਪਣੀ  ਡੂੰਘੀ ਸੰਵੇਦਨਾ ਪ੍ਰਗਟਾਈ ਹੈ।

Facebook Comment
Project by : XtremeStudioz