Close
Menu

ਅਮਰੀਕਾ ਵੱਲੋਂ ਉੱਤਰੀ ਕੋਰੀਆ ਨੂੰ ਬਾਸ਼ਰਤ ਸੁਰੱਖਿਆ ਦੀ ਪੇਸ਼ਕਸ਼

-- 12 June,2018

ਸਿੰਗਾਪੁਰ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉੱਤਰ ਕੋਰੀਆ ਦੇ ਚੇਅਰਮੈਨ ਕਿਮ ਜੌਂਗ ਉਨ ਦਰਮਿਆਨ ਭਲਕੇ ਹੋਣ ਵਾਲੀ ਇਤਿਹਾਸਕ ਸਿਖਰ ਵਾਰਤਾ ਤੋਂ ਪਹਿਲਾਂ ਅਮਰੀਕਾ ਨੇ ਉੱਤਰੀ ਕੋਰੀਆ ਨੂੰ ਨਿਵੇਕਲੀ ਪੇਸ਼ਕਸ਼ ਕੀਤੀ ਹੈ। ਅਮਰੀਕਾ ਮੁਤਾਬਕ ਜੇਕਰ ਉਹ ਪਰਮਾਣੂ ਹਥਿਆਰਾਂ ਨੂੰ ਮੁਕੰਮਲ ਤੌਰ ’ਤੇ ਛੱਡਦਾ ਹੈ ਤਾਂ ਉਹ ਉੱਤਰ ਕੋਰੀਆ ਨੂੰ ਸੁਰੱਖਿਆ ਦੀ ਗਾਰੰਟੀ ਦੇਣ ਲਈ ਤਿਆਰ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਤਿਆਰੀਆਂ ਨੂੰ ਲੈ ਕੇ ਗੱਲਬਾਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ।

ਉਨ੍ਹਾਂ ਕਿਹਾ,‘‘ਰਾਸ਼ਟਰਪਤੀ ਟਰੰਪ ਬੈਠਕ ’ਚ ਪੂਰੇ ਆਤਮ ਵਿਸ਼ਵਾਸ, ਹਾਂਪੱਖੀ ਰਵੱਈਏ ਅਤੇ ਉਮੀਦ ਨਾਲ ਜਾ ਰਹੇ ਹਨ।’’ ਪੌਂਪੀਓ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਉੱਤਰ ਕੋਰੀਆ ਦਾ ਸੰਪੂਰਨ, ਤਸਦੀਕਸ਼ੁਦਾ ਅਤੇ ਬਦਲਾਅ ਰਹਿਤ ਪਰਮਾਣੂ ਅਪਸਾਰ ਹੀ ਇਸ ਸਿਖਰ ਵਾਰਤਾ ਦਾ ਇਕਲੌਤਾ ਨਤੀਜਾ ਹੈ ਜੋ ਅਮਰੀਕਾ ਨੂੰ ਸਵੀਕਾਰ ਹੋਵੇਗਾ। ਉਂਜ ਉਨ੍ਹਾਂ ਕਿਹਾ ਕਿ ਪਰਮਾਣੂ ਹਥਿਆਰ ਖ਼ਤਮ ਕੀਤੇ ਜਾਣ ਦਾ ਟੀਚਾ ਹਾਸਲ ਹੋਣ ਤਕ ਉੱਤਰ ਕੋਰੀਆ ’ਤੇ ਪਾਬੰਦੀਆਂ ਲੱਗੀਆਂ ਰਹਿਣਗੀਆਂ। ਕੌਮੀ ਸੁਰੱਖਿਆ ਪ੍ਰੀਸ਼ਦ ਦੇ ਤਰਜਮਾਨ ਰੌਬਰਟ ਪੈਲਾਡੀਨੋ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਉੱਤਰ ਕੋਰੀਆ ਦੇ ਆਗੂ ਨਾਲ ਇਕੱਲਿਆਂ ਹੀ ਮਿਲਣਾ ਚਾਹੁੰਦੇ ਹਨ। ਦੋਵੇਂ ਮੁਲਕਾਂ ਦੇ ਕੂਟਨੀਤਕ ਮਤਭੇਦਾਂ ਨੂੰ ਦੂਰ ਕਰਨ ਲਈ ਬੰਦ ਕਮਰਾ ਬੈਠਕਾਂ ’ਚ ਰੁੱਝੇ ਹੋਏ ਹਨ। ਇਸ ਦੌਰਾਨ ਟਰੰਪ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਿਖਰ ਵਾਰਤਾ ਦੀ ਮੇਜ਼ਬਾਨੀ ਕਰਨ ਲਈ ਧੰਨਵਾਦ ਕੀਤਾ।
ਦੁਨੀਆ ਭਰ ਦੇ ਕਰੀਬ ਤਿੰਨ ਹਜ਼ਾਰ ਪੱਤਰਕਾਰ ਉਥੇ ਪੁੱਜ ਚੁੱਕੇ ਹਨ। ਟਰੰਪ ਬੈਠਕ ਮਗਰੋਂ ਭਲਕੇ ਸ਼ਾਮ ਹੀ ਅਮਰੀਕਾ ਲਈ ਰਵਾਨਾ ਹੋ ਜਾਣਗੇ।
ਭਾਰਤੀ ਮੂਲ ਦੇ ਦੋ ਮੰਤਰੀ ਨਿਭਾਉਣਗੇ ਅਹਿਮ ਭੂਮਿਕਾ: ਇਥੋਂ ਦੇ ਭਾਰਤੀ ਮੂਲ ਦੇ ਦੋ ਮੰਤਰੀ ਵਿਵੀਆਨ ਬਾਲਾਕ੍ਰਿਸ਼ਨਨ ਅਤੇ ਕੇ ਸ਼ਨਮੁਗਮ ਭਲਕੇ ਹੋਣ ਵਾਲੀ ਇਤਿਹਾਸਕ ਸਿਖਰ ਵਾਰਤਾ ’ਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ।
ਪੱਤਰਕਾਰਾਂ ਨੂੰ ਪਰੋਸੇ ਜਾਣਗੇ ਭਾਰਤੀ ਪਕਵਾਨ: ਇਤਿਹਾਸਕ ਸਿਖਰ ਵਾਰਤਾ ਕਵਰ ਕਰਨ ਪੁੱਜੇ ਪੱਤਰਕਾਰਾਂ ਨੂੰ ਪੁਲਾਵ, ਫਿਸ਼ ਕਰੀ, ਚਿਕਨ ਕਰੀ, ਦਾਲ, ਪਾਪੜ ਅਤੇ ਚਿਕਨ ਕੋਰਮਾ ਸਮੇਤ ਹੋਰ ਭਾਰਤੀ ਲਜ਼ੀਜ਼ ਪਕਵਾਨਾਂ ਸਮੇਤ 45 ਤਰ੍ਹਾਂ ਦੇ ਖਾਣੇ ਦਿੱਤੇ ਜਾਣਗੇ। ਸਟਰੇਟ ਟਾਈਮਜ਼ ਦੀ ਰਿਪੋਰਟ ਮੁਤਾਬਕ ਹੋਰ ਮੁਲਕਾਂ ਦੇ ਪਕਵਾਨ ਵੀ ਪੇਸ਼ ਕੀਤੇ ਜਾਣਗੇ।

Facebook Comment
Project by : XtremeStudioz