Close
Menu

ਅਮਰੀਕੀ ‘ਸ਼ੱਟਡਾਊਨ’ 2019 ਵਿਚ ਦਾਖ਼ਲ ਹੋਣ ਦੀ ਸੰਭਾਵਨਾ

-- 29 December,2018

ਵਾਸ਼ਿੰਗਟਨ, 29 ਦਸੰਬਰ
ਡੈਮੋਕਰੇਟਾਂ ਤੇ ਰਿਪਬਲਿਕਨ ਮੈਂਬਰਾਂ ਵਿਚਾਲੇ ਕੋਈ ਸਮਝੌਤਾ ਨਾ ਹੋਣ ਕਾਰਨ ਅਮਰੀਕੀ ਸਰਕਾਰ ਵੱਲੋਂ ਐਲਾਨਿਆ ‘ਸ਼ੱਟਡਾਊਨ’ ਨਵੇਂ ਸਾਲ ਤੱਕ ਖ਼ਿਸਕ ਸਕਦਾ ਹੈ। ਜ਼ਿਕਰਯੋਗ ਹੈ ਦੋਵਾਂ ਧਿਰਾਂ ਵਿਚਾਲੇ ਸਰਹੱਦ ’ਤੇ ਕੰਧ ਬਣਾਉਣ ਸਬੰਧੀ ਫੰਡ ਜਾਰੀ ਕਰਨ ਬਾਰੇ ਟਕਰਾਅ ਬਣਿਆ ਹੋਇਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਫ਼ਿਲਹਾਲ ਕਿਸੇ ਵੀ ਖ਼ਰਚ ਬਿੱਲ ’ਤੇ ਸਹੀ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ, ਉਹ ਦਰਅਸਲ ਇਨ੍ਹਾਂ ਖ਼ਰਚਿਆਂ ’ਚ ਅਮਰੀਕਾ-ਮੈਕਸਿਕੋ ਸਰਹੱਦ ’ਤੇ ਸੁਰੱਖਿਆ ਦੀਵਾਰ ਬਣਾਉਣ ਲਈ ਫੰਡ ਦੀ ਤਜਵੀਜ਼ ਸ਼ਾਮਲ ਕਰਵਾਉਣਾ ਚਾਹੁੰਦੇ ਹਨ। ਰਾਸ਼ਟਰਪਤੀ ਦਾ ਕਹਿਣਾ ਹੈ ਕਿ ਗ਼ੈਰਕਾਨੂੰਨੀ ਪਰਵਾਸ ਰੋਕਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਅਮਰੀਕੀ ਕਾਂਗਰਸ ’ਚ ਡੈਮੋਕਰੇਟ 2019 ਵਿਚ ਬਹੁਮਤ ਵਿਚ ਹੋਣਗੇ। ਸੈਨੇਟ ਵਿਚ ਵੀ ਘੱਟ ਗਿਣਤੀ ਹੋਣ ਦੇ ਬਾਵਜੂਦ ਡੈਮੋਕਰੇਟਾਂ ਦਾ ਕਹਿਣਾ ਹੈ ਕਿ ਸੁਰੱਖਿਆ ਕੰਧ ਬਣਾਉਣਾ ਕਰਦਾਤਾ ਦੇ ਪੈਸੇ ਦੀ ਬਰਬਾਦੀ ਹੈ। ਦੋਵਾਂ ਧਿਰਾਂ ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਦਰਸਾਉਂਦੇ ਹਨ ਕਿ ਇਹ ਸਥਿਤੀ ਨਵੇਂ ਸਾਲ ਵਿਚ ਦਾਖ਼ਲ ਹੋਣ ਤੋਂ ਬਾਅਦ ਵੀ ਬਰਕਰਾਰ ਰਹਿ ਸਕਦੀ ਹੈ। ਸਰਕਾਰ ਵੱਲੋਂ ਲੰਘੇ ਸ਼ਨਿਚਰਵਾਰ ਐਲਾਨੇ ‘ਸ਼ੱਟਡਾਊਨ’ ਨਾਲ 800,000 ਫੈਡਰਲ ਮੁਲਾਜ਼ਮ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿਚੋਂ ਹੁਣ ਕਈ ਕੰਮ ਤੋਂ ਹਟੇ ਹੋਏ ਹਨ ਤੇ ਕਈ ਬਿਨਾਂ ਤਨਖ਼ਾਹ ਤੋਂ ਕੰਮ ਕਰ ਰਹੇ ਹਨ। ਰਾਸ਼ਟਰਪਤੀ ਟਰੰਪ ਇਸ ਵਰਤਾਰੇ ਲਈ ਡੈਮੋਕਰੇਟਾਂ ਨੂੰ ਦੋਸ਼ੀ ਠਹਿਰਾ ਰਹੇ ਹਨ। ਟਰੰਪ ਨੇ ਟਵੀਟ ਵਿਚ ਜ਼ੋਰਦਾਰ ਢੰਗ ਨਾਲ ਕਿਹਾ ਹੈ ਕਿ ‘ਸ਼ੱਟਡਾਊਨ’ ਸੁਰੱਖਿਆ ਦੀਵਾਰ ਬਨਾਉਣ ਤੋਂ ਵੱਡਾ ਮੁੱਦਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਹ ਕੰਧ ਸਟੀਕ ਹੱਲ ਹੈ ਤੇ ਇਜ਼ਰਾਈਲ ਇਸ ਦੀ ਮਿਸਾਲ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾਹ ਸੈਂਡਰਸ ਨੇ ਵੀ ਡੈਮੋਕਰੇਟਾਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵਾਸ਼ਿੰਗਟਨ ਵਿਚ ਰਹਿ ਕੇ ਮੁੱਦੇ ਦਾ ਹੱਲ ਕੱਢਣ ਦੀ ਬਜਾਏ ਕ੍ਰਿਸਮਸ ਦੀਆਂ ਛੁੱਟੀਆਂ ਮਨਾਉਣ ਵਿਚ ਰੁੱਝੀ ਹੋਈ ਹੈ।

Facebook Comment
Project by : XtremeStudioz