Close
Menu

ਅੰਮ੍ਰਿਤਸਰ: ਵਾਤਾਵਰਨ ਪੱਖੀ ਲਿਫਾਫਿਆਂ ਦੀ ਮੰਗ ਵੱਧ, ਸਪਲਾਈ ਘਟ

-- 12 June,2018

ਅੰਮ੍ਰਿਤਸਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪੋਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਨੂੰ ਬੰਦ ਕਰਨ ਅਤੇ ਇਸ ਦੀ ਥਾਂ ਮੱਕੀ ਤੇ ਆਲੂਆਂ ਤੋਂ ਬਣੇ ਵਾਤਾਵਰਨ ਪੱਖੀ ਲਿਫਾਫਿਆਂ ਦੀ ਵਰਤੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼ਹਿਰ ਵਿੱਚ ਸ਼ੁਰੂ ਹੋ ਗਈ ਹੈ। ਪਰ ਹੁਣ ਤੱਕ ਮੰਗ ਅਤੇ ਪੂਰਤੀ ਵਿਚਾਲੇ ਸੰਤੁਲਨ ਨਾ ਬਣਨ ਕਾਰਨ ਵਾਤਾਵਰਨ ਪੱਖੀ ਲਿਫਾਫਿਆਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਕਾਰਨ ਪੋਲੀਥੀਨ ਲਿਫਾਫਿਆਂ ਦੀ ਵਰਤੋਂ ਵੀ ਸ਼ਹਿਰ ਵਿੱਚ ਨਿਰੰਤਰ ਜਾਰੀ ਹੈ। ਬੋਰਡ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇਹ ਮੁਹਿੰਮ ਇੱਕ ਅਪਰੈਲ ਤੋਂ ਹਰਿਮੰਦਰ ਸਾਹਿਬ ਤੋਂ ਸ਼ੁਰੂ ਕੀਤੀ ਗਈ ਸੀ। ਸ੍ਰੀ ਹਰਿਮੰਦਰ ਸਾਹਿਬ ਵਿੱਚ ਇਸ ਤੋਂ ਪਹਿਲਾਂ ਕੜਾਹ ਪ੍ਰਸਾਦਿ ਅਤੇ ਪਿੰਨੀ ਪ੍ਰਸਾਦਿ ਲੈ ਜਾਣ ਵਾਸਤੇ ਪੋਲੀਥੀਨ ਦੇ ਲਿਫਾਫੇ ਵਰਤੇ ਜਾਂਦੇ ਸਨ। ਇਸੇ ਤਰ੍ਹਾਂ ਪ੍ਰਸਾਦਿ ਵਜੋਂ ਮਿਲਦੇ ਸਿਰੋਪਾਓ ਵਾਸਤੇ ਵੀ ਇਹ ਲਿਫਾਫਾ ਵਰਤਿਆ ਜਾਂਦਾ ਸੀ। ਬੋਰਡ ਵੱਲੋਂ ਇਸ ਦੀ ਥਾਂ ’ਤੇ ਵਾਤਾਵਰਨ ਪੱਖੀ ਲਿਫਾਫੇ ਮੰਗਵਾਏ ਗਏ ਸਨ, ਜੋ ਗੁਜਰਾਤ ਦੀ ਇੱਕ ਕੰਪਨੀ ਵੱਲੋਂ ਬਣਾਏ ਜਾ ਰਹੇ ਹਨ।

ਇਹ ਲਿਫਾਫੇ ਪਾਣੀ ਵਿੱਚ ਘੁਲਣਸ਼ੀਲ ਹਨ। ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਇਸੇ ਮੁਹਿੰਮ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਸ਼ੁਰੂ ਕੀਤਾ ਗਿਆ ਸੀ। ਪਰ ਸ਼ਹਿਰ ਵਿੱਚ ਮੰਗ ਮੁਤਾਬਕ ਵਾਤਾਵਰਨ ਪੱਖੀ ਲਿਫਾਫੇ ਨਾ ਮਿਲਣ ਕਾਰਨ ਇਸ ਪ੍ਰਤੀ ਮੁਹਿੰਮ ਨੂੰ ਹੁਣ ਤਕ ਪੂਰੀ ਤਰ੍ਹਾਂ ਸਫ਼ਲਤਾ ਨਹੀਂ ਮਿਲੀ ਹੈ। ਸ਼ਹਿਰ ਵਾਸਤੇ ਇੱਕ ਅਨੁਮਾਨ ਮੁਤਾਬਕ 35 ਤੋਂ 40 ਟਨ ਪ੍ਰਤੀ ਮਹੀਨਾ ਲਿਫਾਫਿਆਂ ਦੀ ਲੋੜ ਹੈ ਜਦੋਂਕਿ ਇਨ੍ਹਾਂ ਦੀ ਪੂਰਤੀ ਸਿਰਫ ਚਾਰ ਟਨ ਵਜੋਂ ਹੋ ਰਹੀ ਹੈ। ਇਹੀ ਸਥਿਤੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ ਹੈ। ਉਥੇ ਵੀ ਨਿਰੰਤਰ ਕਿਸੇ ਨਾ ਕਿਸੇ ਕਿਸਮ ਦੇ ਇਨ੍ਹਾਂ ਵਾਤਾਵਰਨ ਪੱਖੀ ਲਿਫਾਫਿਆਂ ਦੀ ਘਾਟ ਮਹਿਸੂਸ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪਿੰਨੀ ਪ੍ਰਸਾਦਿ ਦੇ ਲਿਫਾਫਿਆਂ ਦੀ ਵੀ ਘਾਟ ਹੈ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਹਰਿਮੰਦਰ ਸਾਹਿਬ ਵਿਖੇ ਛੋਟੇ ਅਤੇ ਵੱਡੇ ਆਕਾਰ ਦੇ ਵੱਖ ਵੱਖ ਕਿਸਮਾਂ ਦੇ ਲਿਫਾਫੇ ਮੰਗਵਾਏ ਜਾਂਦੇ ਹਨ ਪਰ ਅੱਜ ਕੱਲ੍ਹ ਵੀ ਇੱਕ ਕਿਸਮ ਲਿਫਾਫਿਆਂ ਦੀ ਘਾਟ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਲਗਪਗ 45 ਕਿਲੋ ਅਜਿਹੇ ਲਿਫਾਫੇ ਵਰਤੇ ਜਾਂਦੇ ਹਨ ਜਦੋਂਕਿ ਸ਼ਨਿਚਰਵਾਰ ਅਤੇ ਐਤਵਾਰ ਸਮੇਤ ਗੁਰਪੁਰਬ ਵਾਲੇ ਦਿਨਾਂ ਵਿੱਚ ਇਨ੍ਹਾਂ ਲਿਫਾਫਿਆਂ ਦੀ ਮੰਗ ਇੱਕ ਕੁਇੰਟਲ ਤੱਕ ਹੁੰਦੀ ਹੈ। ਹਾਲ ਹੀ ਵਿੱਚ ਸਾਢੇ ਚਾਰ ਕੁਇੰਟਲ ਲਿਫਾਫੇ ਸ਼੍ਰੋਮਣੀ ਕਮੇਟੀ ਕੋਲ ਪੁੱਜੇ ਹਨ ਪਰ ਇਨ੍ਹਾਂ ਵਿੱਚ ਸਾਮਾਨ ਘਰ ਲੈ ਜਾਣ ਵਾਲੇ ਵੱਡੇ ਲਿਫਾਫਿਆਂ ਦੀ ਘਾਟ ਹੈ। ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸੁਪਰਡੈਂਟ ਇੰਜਨੀਅਰ ਹਰਬੀਰ ਸਿੰਘ ਨੇ ਆਖਿਆ ਕਿ ਹਰਿਮੰਦਰ ਸਾਹਿਬ ਵਿੱਚ ਇਨ੍ਹਾਂ ਲਿਫਾਫਿਆਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

Facebook Comment
Project by : XtremeStudioz