Close
Menu

ਅੱਵਲ ਵਿਦਿਆਰਥੀਆਂ ਨੂੰ ਇਕ ਲੱਖ, ਦੂਜੇ ਸਥਾਨ ਵਾਲਿਆਂ ਨੂੰ 75 ਹਜ਼ਾਰ ਤੇ ਤੀਜੇ ਸਥਾਨ ਉਤੇ ਰਹੇ ਵਿਦਿਆਰਥੀਆਂ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਮਿਲੀ

-- 10 October,2018

ਸਿੱਖਿਆ ਮੰਤਰੀ ਨੇ ਬੱਚਿਆਂ ਨੂੰ ਅਗਾਂਹ ਹੋਰ ਮਿਹਨਤ ਕਰਨ ਲਈ ਪ੍ਰੇਰਿਆ

ਚੰਡੀਗੜ੍ਹ, 10 ਅਕਤੂਬਰ

ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਮਾਰਚ 2018 ਵਿੱਚ ਹੋਈ ਪ੍ਰੀਖਿਆ ਵਿੱਚੋਂ ਰਾਜ ਭਰ ਵਿੱਚੋਂ ਮੋਹਰੀ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ।

ਇੱਥੇ ਹੋਏ ਇਕ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਸਿੱਖਿਆ ਮੰਤਰੀ ਨੇ 18 ਵਿਦਿਆਰਥੀਆਂ ਨੂੰ ਕੁੱਲ 15,50,000 ਦੀ ਇਨਾਮੀ ਰਾਸ਼ੀ ਤੇ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਹਰੇਕ ਸਟਰੀਮ ਵਿੱਚੋਂ ਪਹਿਲੇ ਸਥਾਨ ਉਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਕ ਲੱਖ ਰੁਪਏ, ਦੂਜੇ ਸਥਾਨ ਲਈ 75 ਹਜ਼ਾਰ ਰੁਪਏ ਅਤੇ ਤੀਜੇ ਸਥਾਨ ਉਤੇ ਰਹੇ ਵਿਦਿਆਰਥੀਆਂ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ।

ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਜਿੱਥੇ ਅੱਵਲ ਰਹੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ, ਉਥੇ ਉਨ੍ਹਾਂ ਨੂੰ ਅਗਾਂਹ ਤੋਂ ਹੋਰ ਵੀ ਮਿਹਨਤ ਕਰ ਕੇ ਆਪਣੇ ਮਾਪਿਆਂ ਤੇ ਸੂਬੇ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜੇ ਬੱਚੇ ਆਪਣੇ ਟੀਚੇ ਨੂੰ ਸਾਹਮਣੇ ਰੱਖ ਕੇ ਮਿਹਨਤ ਕਰਨਗੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਉਨ੍ਹਾਂ ਨੂੰ ਆਪਣੇ ਉਦੇਸ਼ ਦੀ ਪ੍ਰਾਪਤੀ ਤੋਂ ਨਹੀਂ ਰੋਕ ਸਕਦੀ। ਉਨ੍ਹਾਂ ਅਗਲੇ ਵਰ੍ਹੇ ਤੋਂ ਇਨਾਮ ਰਾਸ਼ੀ ਨੂੰ ਡੇਢ ਗੁਣਾ ਵਧਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨਾਲ ਹੀ ਕਿਹਾ ਕਿ ਜਿਹੜੇ ਸਕੂਲ ਦੇ ਪੰਜ ਬੱਚੇ ਪੰਜਾਬ ਦੀ ਮੈਰਿਟ ਵਿੱਚ ਥਾਂ ਬਣਾਉਣਗੇ, ਉਸ ਦੇ ਪ੍ਰਿੰਸੀਪਲ ਨੂੰ ਵੀ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਸ੍ਰੀ ਸੋਨੀ ਨੇ ਬੱਚਿਆਂ ਨੂੰ ਪ੍ਰੇਰਿਆ ਕਿ ਜੇ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਆਪਣੀ ਥਾਂ ਬਣਾਉਣਾ ਚਾਹੁੰਦੇ ਹਨ ਤਾਂ ਇਸ ਦੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਦੇਣ।

ਇਸ ਮੌਕੇ ਬਾਰ੍ਹਵੀਂ ਵਿੱਚੋਂ ਅੱਵਲ ਰਹੇ ਵਿਦਿਆਰਥੀਆਂ ਜਸਨੂਰ ਕੌਰ (ਕਾਮਰਸ), ਪੂਜਾ ਜੋਸ਼ੀ (ਹਿਊਮੈਨਟੀਜ਼), ਵਿਵੇਕ ਰਾਜਪੂਤ (ਸਾਇੰਸ), ਸੰਦੀਪ ਕੌਰ (ਵੋਕੇਸ਼ਨਲ), ਰਾਹੁਲ ਸਿੰਘ (ਕਾਮਰਸ, ਸਪੋਰਟਸ ਸ਼੍ਰੇਣੀ), ਪ੍ਰਾਚੀ ਗੌਰ (ਹਿਊਮੈਨਟੀਜ਼, ਸਪੋਰਟਸ ਸ਼੍ਰੇਣੀ), ਪੁਸ਼ਵਿੰਦਰ ਕੌਰ (ਹਿਊਮੈਨਟੀਜ਼, ਸਪੋਰਟਸ ਸ਼੍ਰੇਣੀ), ਦਮਨਪ੍ਰੀਤ ਕੌਰ (ਹਿਊਮੈਨਟੀਜ਼, ਸਪੋਰਟਸ ਸ਼੍ਰੇਣੀ), ਸੰਜੋਗ ਕੁਮਾਰ ਕੁਸ਼ਵਾਹਾ (ਸਾਇੰਸ, ਸਪੋਰਟਸ ਸ਼੍ਰੇਣੀ) ਨੂੰ ਇਕ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ, ਜਦੋਂ ਕਿ ਦਸਵੀਂ ਵਿੱਚੋਂ ਅੱਵਲ ਰਹੇ ਗੁਰਪ੍ਰੀਤ ਸਿੰਘ ਨੂੰ ਇਕ ਲੱਖ ਰੁਪਏ, ਦੂਜੇ ਸਥਾਨ ਉਤੇ ਰਹੀ ਜਸਮੀਨ ਕੌਰ ਨੂੰ 75 ਹਜ਼ਾਰ ਰੁਪਏ ਅਤੇ ਤੀਜੇ ਸਥਾਨ ਉਤੇ ਰਹੀਆਂ ਤਿੰਨ ਵਿਦਿਆਰਥਣਾਂ ਪੁਨੀਤ ਕੌਰ, ਗੁਰਲੀਨ ਕੌਰ ਤੇ ਕਿਰਨਦੀਪ ਕੌਰ ਨੂੰ 50-50 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ। ਦਸਵੀਂ ਦੀ ਸਪੋਰਟਸ ਮੈਰਿਟ ਵਿੱਚੋਂ ਪਹਿਲੇ ਸਥਾਨ ਉਤੇ ਰਹੀ ਸ਼੍ਰੀਆ ਤੇ ਹਰਮਨਜੋਤ ਸਿੰਘ ਨੂੰ ਇਕ-ਇਕ ਲੱਖ ਰੁਪਏ, ਦੂਜੇ ਸਥਾਨ ਉਤੇ ਰਹੀ ਵਿਦਿਆਰਥਣ ਡੌਲੀ ਨੂੰ 75 ਹਜ਼ਾਰ ਰੁਪਏ ਅਤੇ ਤੀਜੇ ਨੰਬਰ ਉਤੇ ਰਹੀ ਅਮਨਪ੍ਰੀਤ ਕੌਰ ਨੂੰ 50 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ।

ਸਮਾਰੋਹ ਦੌਰਾਨ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਡੀ.ਜੀ.ਐਸ.ਈ. ਪ੍ਰਸ਼ਾਂਤ ਕੁਮਾਰ ਗੋਇਲ, ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ, ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਡੀ.ਪੀ.ਆਈ. (ਸੈਕੰਡਰੀ) ਸੁਖਜੀਤ ਪਾਲ ਸਿੰਘ, ਡੀ.ਪੀ.ਆਈ. (ਐਲੀਮੈਂਟਰੀ) ਇੰਦਰਜੀਤ ਸਿੰਘ ਅਤੇ ਸਿੱਖਿਆ ਮੰਤਰੀ ਦੇ ਓ.ਐਸ.ਡੀ. ਡੀ.ਐਸ. ਸਰੋਆ ਹਾਜ਼ਰ ਸਨ।

Facebook Comment
Project by : XtremeStudioz