Close
Menu
Breaking News:

‘ਆਪ’ ਵੱਲੋਂ ਸੂਬਾ ਅਹੁਦੇਦਾਰਾਂ ਦੀ ਪਲੇਠੀ ਸੂਚੀ ਜਾਰੀ

-- 17 July,2017

ਚੰਡੀਗੜ੍ਹ, ਆਮ ਆਦਮੀ ਪਾਰਟੀ ਨੇ ਅੱਜ ਸੂਬਾ ਅਹੁਦੇਦਾਰਾਂ ਦੀ ਪਲੇਠੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਤੋਂ ਬਿਨਾਂ ਜ਼ੋਨ ਪ੍ਰਧਾਨਾਂ ਅਤੇ ਅਨੁਸ਼ਾਸਨੀ ਕਮੇਟੀ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਸੂਚੀ ’ਚ ਔਰਤਾਂ ਨੂੰ ਨਾਂਮਾਤਰ ਪ੍ਰਤੀਨਿਧਤਾ ਦਿੰਦਿਆਂ ਕੇਵਲ ਦੋ ਮਹਿਲਾਵਾਂ ਹੀ ਸ਼ਾਮਲ ਕੀਤੀਆਂ ਗਈਆਂ ਹਨ ਜਦਕਿ ਅਸੈਂਬਲੀ ਚੋਣ ਹਾਰਨ ਵਾਲੇ ਵੱਡੀ ਗਿਣਤੀ ਪਾਰਟੀ ਅਹੁਦੇਦਾਰਾਂ ਨੂੰ ਐਡਜਸਟ ਕੀਤਾ ਗਿਆ ਹੈ। ‘ਆਪ ਪੰਜਾਬ ਦੇ ਉਪ ਪ੍ਰਧਾਨ ਅਮਨ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਅਹੁਦੇਦਾਰਾਂ ਦੀ ਚੋਣ ਆਮ ਵਰਕਰਾਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਕੀਤੀ ਗਈ ਹੈ। ਸੰਸਦ ਮੈਂਬਰ ਭਗਵੰਤ ਮਾਨ ਨੂੰ ‘ਆਪ’ ਪੰਜਾਬ ਦੀ ਕਮਾਨ ਸੰਭਾਲੇ ਜਾਣ ਤੋਂ ਬਾਅਦ ਜਥੇਬੰਦਕ ਢਾਂਚੇ ਦਾ ਪੁਨਰਗਠਨ ਸ਼ੁਰੂ ਹੋ ਗਿਆ ਹੈ। ਪਾਰਟੀ ਵੱਲੋਂ ਅਗਲੇ ਦਿਨੀਂ ਦੂਜੀ ਸੂਚੀ ਵੀ ਜਾਰੀ ਕੀਤੀ ਜਾਵੇਗੀ।
ਪਾਰਟੀ ਵੱਲੋਂ ਪੰਜਾਬ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਮਾਲਵੇ ਖੇਤਰ ਦੀ ਕਮਾਨ ਤਿੰਨ ਜਰਨੈਲਾਂ ਨੂੰ ਸੌਂਪੀ ਗਈ ਹੈ। ਮਾਝਾ ਜ਼ੋਨ ਦਾ ਪ੍ਰਧਾਨ ਕੰਵਰਪ੍ਰੀਤ ਕਾਕੀ ਨੂੰ ਨਿਯੁਕਤ ਕੀਤਾ ਗਿਆ ਹੈ। ਮਾਝੇ ਵਿੱਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਤਰਨ ਤਾਰਨ ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ। ਦੋਆਬਾ ਖੇਤਰ ਦੇ ਚਾਰ ਜ਼ਿਲ੍ਹਿਆਂ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨਗੀ ਪਰਮਜੀਤ ਸਚਦੇਵਾ ਨੂੰ ਦਿੱਤੀ ਗਈ ਹੈ। ਮਾਲਵਾ ਜ਼ੋਨ ਇੱਕ ਵਿੱਚ ਫ਼ਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਨੂੰ ਸ਼ਾਮਲ ਕਰ ਕੇ ਅਨਿਲ ਠਾਕੁਰ ਨੂੰ ਪ੍ਰਧਾਨ ਲਾਇਆ ਗਿਆ ਹੈ ਜਦੋਂ ਕਿ ਜ਼ੋਨ ਦੋ ਵਿੱਚ ਫ਼ਰੀਦਕੋਟ, ਮੋਗਾ, ਲੁਧਿਆਣਾ ਅਤੇ ਫ਼ਤਹਿਗੜ੍ਹ ਸਾਹਿਬ ਨੂੰ ਰੱਖ ਕੇ ਪ੍ਰਧਾਨ ਦੀ ਜ਼ਿੰਮੇਵਾਰੀ ਗੁਰਦਿੱਤ ਸੇਖੋਂ ਨੂੰ ਸੌਂਪੀ ਗਈ ਹੈ। ਬਰਨਾਲਾ, ਸੰਗਰੂਰ, ਪਟਿਆਲਾ, ਰੋਪੜ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਮਾਲਵਾ ਜ਼ੋਨ ਤਿੰਨ ਵਿੱਚ ਸ਼ਾਮਲ ਕੀਤਾ ਗਿਆ ਹੈ। ਦਲਬੀਰ ਢਿੱਲੋਂ ਨੂੰ ਇਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅਨੁਸ਼ਾਸਨੀ ਕਮੇਟੀ ਵਿੱਚ ਡਾ. ਇੰਦਰਬੀਰ ਨਿੱਝਰ, ਜਸਬੀਰ ਸਿੰਘ ਬੀਰ, ਕਰਨਲ ਭਲਿੰਦਰ ਸਿੰਘ, ਬ੍ਰਿਗੇਡੀਅਰ ਰਾਜ ਕੁਮਾਰ ਅਤੇ ਰਾਜ ਲਾਲੀ ਗਿੱਲ ਨੂੰ ਲਿਆ ਗਿਆ ਹੈ। ਸਾਰੇ ਸੰਸਦ ਮੈਂਬਰ ਅਤੇ ਵਿਧਾਇਕ ਸੂਬਾ ਕਾਰਜਕਾਰਨੀ ਦੇ ਮੈਂਬਰ ਹੋਣਗੇ।
ਸੂਬਾ ਬਾਡੀ ਵਿੱਚ ਸਕੱਤਰ ਦੀ ਜ਼ਿੰਮੇਵਾਰੀ ਗੁਲਸ਼ਨ ਛਾਬੜਾ ਨੂੰ ਸੌਂਪੀ ਗਈ ਹੈ। ਆਰਗੇਨਾਈਜ਼ੇਸ਼ਨ ਬਿਲਡਿੰਗ ਟੀਮ ਇੰਚਾਰਜ ਦਾ ਅਹੁਦਾ ਨਵਾਂ ਰਚਿਆ ਗਿਆ ਹੈ ਅਤੇ ਇਸ ’ਤੇ ਗੈਰੀ ਬੜਿੰਗ ਨੂੰ ਨਿਯੁਕਤ ਕੀਤਾ ਗਿਆ ਹੈ। ਸੁਖਵਿੰਦਰ ਸਿੰਘ ਖ਼ਜ਼ਾਨਚੀ ਲਾਏ ਗਏ ਹਨ। ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਹਾਲ ਦੀ ਘੜੀ ਖ਼ਾਲੀ ਛੱਡ ਦਿੱਤਾ ਗਿ ਆ ਹੈ। ਸੱਤ ਮੀਤ ਪ੍ਰਧਾਨਾਂ ਵਿੱਚ ਡਾਕਟਰ ਬਲਬੀਰ ਸਿੰਘ, ਚਰਨਜੀਤ ਸਿੰਘ, ਬਲਦੇਵ ਸਿੰਘ ਆਜ਼ਾਦ, ਆਸ਼ੂਤੋਸ਼ ਟੰਡਨ, ਕੁਲਦੀਪ ਧਾਲੀਵਾਲ, ਕਰਨਬੀਰ ਟਿਵਾਣਾ ਅਤੇ ਹਰੀ ਸਿੰਘ ਟੋਹੜਾ ਦੇ ਨਾਂ ਸ਼ਾਮਲ ਹਨ। ਸੁਖਦੀਪ ਸਿੰਘ ਅੱਪਰਾ, ਜਸਬੀਰ ਸਿੰਘ ਰਾਜਾ ਗਿੱਲ, ਅਹਿਬਾਬ ਸਿੰਘ ਗਰੇਵਾਲ, ਡਾ. ਰਵਜੋਤ, ਮੁਨੀਸ਼ ਧੀਰ, ਜਰਨੈਲ ਸਿੰਘ ਮੰਨੂ, ਨਵਜੋਤ ਸਿੰਘ ਜਰਗ, ਕੁਲਜੀਤ ਸਿੰਘ, ਸੰਤੋਖ ਸਿੰਘ ਸਲਾਣਾ, ਹਰਿੰਦਰ ਸਿੰਘ, ਮਨਜੀਤ ਸਿੰਘ ਸਿੱਧੂ, ਭੁਪਿੰਦਰ ਸਿੰਘ ਬਿੱਟੂ, ਪਲਵਿੰਦਰ ਕੌਰ, ਦਲਬੀਰ ਸਿੰਘ ਤੁੰਗ, ਲਖਵੀਰ ਸਿੰਘ, ਭੁਪਿੰਦਰ ਗੋਰਾ, ਪਰਦੀਪ ਮਲਹੋਤਰਾ, ਬਲਵਿੰਦਰ ਸਿੰਘ ਚੌਂਦਾ ਅਤੇ ਅਜੈ ਸ਼ਰਮਾ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ।

Facebook Comment
Project by : XtremeStudioz