Close
Menu

ਆਸਟਰੇਲਿਆਈ ਨਿਵੇਸ਼ਕ ਵੀਜ਼ਾ ਪ੍ਰਣਾਲੀ ਦੀ ਸਮੀਖਿਆ ਮੰਗੀ

-- 10 October,2018

ਸਿਡਨੀ, ਆਸਟਰੇਲੀਆ ਵੱਲੋਂ ਅਮੀਰਾਂ ਲਈ ਸ਼ੁਰੂ ਕੀਤੇ ਮਹੱਤਵਪੂਰਨ ਨਿਵੇਸ਼ਕ ਵੀਜ਼ੇ (ਐਸਆਈਵੀ) ਦੀ ਸਮੀਖਿਆ ਕਰਨ ਦੀ ਮੰਗ ਉਠ ਰਹੀ ਹੈ। ਇਹ ਮਸਲਾ ਕਾਲੇ ਧਨ ਦਾ ਨਿਵੇਸ਼ ਹੋਣ ਕਰਕੇ ਉੱਠਿਆ ਹੈ। ਵੀਜ਼ੇ ਦਾ ਵਧੇਰੇ ਲਾਭ ਚੀਨ ਦੇ ਲੋਕ ਲੈ ਰਹੇ ਹਨ। ਵੀਜ਼ੇ ਅਨੁਸਾਰ ਨਿਵੇਸ਼ਕ ਨੂੰ 50 ਲੱਖ ਡਾਲਰ ਦਾ ਆਸਟਰੇਲੀਆ ’ਚ ਨਿਵੇਸ਼ ਕਰਨਾ ਜ਼ਰੂਰੀ ਹੈ। ਇਸ ਤਹਿਤ ਨਿਵੇਸ਼ਕ ਨੂੰ ਪਰਿਵਾਰ ਸਣੇ ਮੁਲਕ ਦਾ ਪੀਆਰ (ਪੱਕੀ ਰਿਹਾਇਸ਼) ਵੀਜ਼ਾ ਮਿਲਦਾ ਹੈ।
ਸਰਕਾਰ ਵੱਲੋਂ ਅੱਜ ਜਾਰੀ ਰਿਪੋਰਟ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਨੇ ਆਪਣੀ ਵਧੇਰੇ ਪੂੰਜੀ ਸੂਬਾ ਨਿਊ ਸਾਊਥ ਵੇਲਜ਼ (ਐਨਐੱਸਡਬਲਯੂ) ਵਿੱਚ ਲਾਈ ਹੈ। ਸਰਕਾਰ ਨੇ ਕਿਹਾ ਕਿ ਇਸ ਵੀਜ਼ੇ ਨਾਲ ਕੁਝ ਆਰਥਿਕ ਲਾਭ ਜ਼ਰੂਰ ਹੋਏ ਹਨ ਪਰ ਕਿੰਨੇ ਲੋਕਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਹੋਏ ਹਨ, ਦੇ ਬਾਰੇ ਵਿੱਚ ਸੰਘੀ ਸਮੀਖਿਆ ਹੋਣੀ ਬਾਕੀ ਹੈ। ਇਹ ਯੋਜਨਾ ਜੂਲੀਆ ਗਿਲਾਰਡ ਸਰਕਾਰ ਅਧੀਨ 2012 ਵਿੱਚ ਤਿਆਰ ਕੀਤੀ ਗਈ ਸੀ। ਇਸ ਦਾ ਆਸਟਰੇਲੀਆ ਦੇ ਉਤਪਾਦਕਤਾ ਕਮਿਸ਼ਨ ਨੇ ਸਾਲ 2016 ਵਿੱਚ ਅਧਿਐਨ ਕਰਕੇ ਇਸ ਨੂੰ ਬੰਦ ਕਰਨ ਬਾਰੇ ਸੁਝਾਅ ਦਿੱਤੇ ਸਨ। ਰਿਪੋਰਟ ਵਿੱਚ ਇਸ ਯੋਜਨਾ ’ਚ ਦਿਖਾਏ ਵਿਆਪਕ ਆਰਥਿਕ ਲਾਭਾਂ ਨੂੰ ਖ਼ਾਰਜ ਕਰ ਦਿੱਤਾ ਗਿਆ ਸੀ। ਆਸਟਰੇਲੀਆ ਵਿੱਚ ਰਿਹਾਇਸ਼ੀ ਵੀਜ਼ੇ ਵਿੱਚ ‘ਕਾਲੇ ਧਨ’ ਨੂੰ ਨਿਵੇਸ਼ ਲਈ ਇੱਕ ਰਾਹ ਵਜੋਂ ਵਰਤਣਾ ਦਾ ਸਵਾਲ ਉੱਠਿਆ ਸੀ। ਨਿਵੇਸ਼ਕ ਲਈ ਅੰਗਰੇਜ਼ੀ ਭਾਸ਼ਾ ਦੇ ਪੱਧਰ ਮਾਪਦੰਡ ਵਿਚਲੀ ਢਿੱਲ ਮੱਠ ਵੀ ਮੁੱਦਾ ਬਣੀ। ਇਹ ਸਿਫ਼ਾਰਸ਼ ਕੀਤੀ ਗਈ ਸੀ ਕਿ ਸਕੀਮ ਨੂੰ ਖ਼ਤਮ ਕੀਤਾ ਜਾਵੇ ਪਰ ਰਿਪੋਰਟ ਠੰਢੇ ਬਸਤੇ ਵਿਚ ਪੈ ਗਈ।
ਮੁੱਖ ਵਿਰੋਧੀ ਪਾਰਟੀ ਲੇਬਰ ਦੇ ਉਦਯੋਗਿਕ ਬੁਲਾਰੇ ਐਡਮ ਨੇ ਕਿਹਾ ਕਿ ਯੋਜਨਾ ਵਿੱਚ ਲਗਾਤਾਰ ਹਿੱਸਾ ਲੈਣ ਵਾਲੇ ਕੁਝ ਪਰਵਾਸੀਆਂ ਦੁਆਲੇ ਘੁੰਮਦੇ ਵੀਜ਼ੇ ਦੇ ਗ਼ਲਤ ਢੰਗ ਵਰਤੇ ਗਏ ਹਨ। ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਤਰਜਮਾਨ ਨੇ ਕਿਹਾ ਕਿ ਜੂਨ 2018 ਦੇ ਅਨੁਸਾਰ, ਐਸਆਈਵੀ ਪ੍ਰੋਗਰਾਮ ਦੇ ਤਹਿਤ 10 ਬਿਲੀਅਨ ਡਾਲਰ ਤੋਂ ਵੀ ਵੱਧ ਦਾ ਨਿਵੇਸ਼ ਹੋਇਆ ਹੈ। ਚੀਨ ਦੇ ਨਾਗਰਿਕ ਸਕੀਮ ਦੇ ਮੁੱਖ ਲਾਭਪਾਤਰੀ ਬਣੇ ਹਨ, ਜੋ ਸਾਲ 2012 ਤੋਂ ਦਿੱਤੇ ਕੁੱਲ 2022 ਵੀਜ਼ਿਆਂ ਵਿੱਚੋਂ 87 ਫ਼ੀਸਦੀ ਹਨ।

Facebook Comment
Project by : XtremeStudioz