Close
Menu
Breaking News:

ਉਨਾਓ ਬਲਾਤਕਾਰ ਕਾਂਡ: ਸੀਬੀਆਈ ਵੱਲੋਂ ਭਾਜਪਾ ਵਿਧਾਇਕ ਗ੍ਰਿਫਤਾਰ

-- 14 April,2018

ਨਵੀਂ ਦਿੱਲੀ, 14 ਅਪਰੈਲ
ਭਾਜਪਾ ਦੇ ਵਿਧਾਇਕ ਕੁਲਦੀਪ ਸਿੰਘ ਸੈਂਗਰ ਨੂੰ ਸੀਬੀਆਈ ਟੀਮ ਨੇ 17 ਸਾਲ ਦੀ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਅੱਜ ਸ਼ਾਮ ਨੂੰ ਗਿ੍ਰਫਤਾਰ ਕਰ ਲਿਆ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਲਖਨਊ ਸਥਿਤ ਦਫਤਰ ਵਿੱਚ ਅੱਜ ਇਸ ਤੋਂ ਪਹਿਲਾਂ ਉਸ ਕੋਲੋਂ 16 ਘੰਟੇ ਪੁੱਛਗਿੱਛ ਕੀਤੀ। ਇਸ ਮਾਮਲੇ ਨਾਲ ਸਬੰਧਤ ਤਿੰਨ ਕੇਸਾਂ ਦੀ ਸੀਬੀਆਈ ਨੇ ਅੱਜ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਅਲਾਹਾਬਾਦ ਹਾਈਕੋਰਟ ਨੇ ਕਿਹਾ ਕਿ ਵਿਧਾਇਕ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਉਹ ਕਾਨੂੰਨੀ ਕਾਰਵਾਈ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਇਹ ਮਾਮਲਾ ਸੀਬੀਆਈ ਹਵਾਲੇ ਕੱਲ੍ਹ ਉੱਤਰ ਪ੍ਰਦੇਸ਼ ਸਰਕਾਰ ਉੱਤੇ ਪਏ ਭਾਰੀ ਦਬਾਅ ਤੋਂ ਬਾਅਦ ਕੀਤਾ ਗਿਆ ਹੈ। ਸੀਬੀਆਈ ਨੇ ਮੁੜ ਤੋਂ ਐਫਆਈਆਰਾਂ ਲਿਖ ਕੇ ਜਾਂਚ ਆਰੰਭ ਦਿੱਤੀ ਹੈ। ਅੱਜ ਸਵੇਰੇ ਸੀਬੀਆਈ ਨੇ ਚਾਰ ਵਾਰ ਵਿਧਾਇਕ ਬਣੇ ਸੈਂਗਰ ਨੂੰ ਉਸ ਦੇ ਘਰ ਤੋਂ ਸਵੇਰੇ ਪੰਜ ਵਜੇ ਹਿਰਾਸਤ ਵਿੱਚ ਲੈ ਲਿਆ ਸੀ। ਇਸ ਦੌਰਾਨ ਅਲਾਹਾਬਾਦ ਹਾਈ ਕੋਰਟ ਨੇ ਸੀਬੀਆਈ ਨੂੰ ਹੁਕਮ ਦਿੱਤੇ ਹਨ ਕਿ ਵਿਧਾਇਕ ਸੈਂਗਰ ਨੂੰ ਤੁਰੰਤ ਗਿ੍ਫਤਾਰ ਕੀਤਾ ਜਾਵੇ। ਹਾਈ ਕੋਰਟ ਨੇ ਕਿਹਾ ਹੈ ਕਿ ਸਟੇਟਸ ਰਿਪੋਰਟ 2 ਮਈ ਤੱਕ ਅਦਾਲਤ ਨੂੰ ਸੌਂਪੀ ਜਾਵੇ। ਸੀਬੀਆਈ ਦੇ ਵਿਸ਼ੇਸ਼ ਮਾਹਿਰਾਂ ਨੇ ਜੇਲ੍ਹ ਵਿੱਚ ਘਟਨਾ ਸਥਾਨ ਦਾ ਦੌਰਾ ਕੀਤਾ ਹੈ ਜਿੱਥੇ ਪੀੜਤ ਲੜਕੀ ਦੇ ਪਿਤਾ ਦੀ ਮੌਤ ਹੋਈ ਸੀ। ਇਸ ਮੌਕੇ ਸੀਬੀਆਈ ਅਧਿਕਾਰੀਆਂ ਨੇ ਜੇਲ੍ਹ ਸਟਾਫ ਤੋਂ ਵੀ ਪੁੱਛਗਿੱਛ ਕੀਤੀ। ਸੀਬੀਆਈ ਵੱਲੋਂ ਪਹਿਲੀ ਦਰਜ ਕੀਤੀ ਐਫਆਈਆਰ ਵਿੱਚ ਬੰਗਰਮਾਓ ਦੇ ਵਿਧਾਇਕ ਕੁਲਦੀਪ ਸਿੰਘ ਸੈਂਗਰ ਤੇ ਇੱਕ ਔਰਤ ਸ਼ਸ਼ੀ ਸਿੰਘ ਦਾ ਨਾਂ ਮੁਲਜ਼ਮ ਵਜੋਂ ਸ਼ਾਮਲ ਹੈ। ਦੂਜੀ ਵਿੱਚ ਚਾਰ ਸਥਾਨਕ ਵਸਨੀਕ ਸ਼ਾਮਲ ਹਨ, ਜਿਨ੍ਹਾਂ ਨੇ ਲੜਕੀ ਦੇ ਪਿਤਾ ਦੀ ਕੁੱਟਮਾਰ ਕੀਤੀ ਸੀ ਅਤੇ ਇਨ੍ਹਾਂ ਉੱਤੇ ਉਸ ਦੀ ਜੁਡੀਸ਼ੀਅਲ ਹਿਰਾਸਤ ਦੌਰਾਨ ਹੱਤਿਆ ਕਰਨ ਦਾ ਵੀ ਦੋਸ਼ ਹੈ। ਤੀਜਾ ਮਾਮਲਾ ਪੀੜਤ ਦੇ ਪਿਤਾ ਵਿਰੁੱਧ ਦਰਜ ਆਰਮਜ਼ ਐਕਟ ਦਾ ਹੈ।
ਇਸ ਦੌਰਾਨ ਹੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਭਰੋਸਾ ਦਿੱਤਾ ਹੈ ਕਿ ਉਨਾਓ ਬਲਾਤਕਾਰ ਕਾਂਡ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਅਪਰਾਧੀਆਂ ਵਿਰੁੱਧ ਕਰਾਂਗੇ ਸਖਤ ਕਾਰਵਾਈ: ਆਦਿੱਤਿਆਨਾਥ
ਲਖਨਊ: ਬਲਾਤਕਾਰ ਦੇ ਮਾਮਲੇ ਵਿੱਚ ਆਪਣੀ ਹੀ ਪਾਰਟੀ ਦੇ ਵਿਧਾਇਕ ਵਿਰੁੱਧ ਕਾਰਵਾਈ ਨਾ ਕਰਨ ਤੋਂ ਸਖਤ ਆਲੋਚਨਾ ਦਾ ਸ਼ਿਕਾਰ ਬਣੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਕਿਹਾ ਹੈ ਕਿ ਅਪਰਾਧੀ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਉਸ ਦੀ ਸਰਕਾਰ ਸਖ਼ਤੀ ਨਾਲ ਨਿਪਟੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਾਮਲਾ ਸੀਬੀਆਈ ਹਵਾਲੇ ਕੀਤਾ ਹੈ। ਉਨ੍ਹਾਂ ਦੀ ਸਰਕਾਰ ਅਪਰਾਧੀਆਂ ਨਾਲ ਕਿਸੇ ਪ੍ਰਕਾਰ ਦੀ ਨਰਮੀ ਨਹੀ ਵਰਤੇਗੀ।

ਧੀਆਂ ਨੂੰ ਮਿਲੇਗਾ ਨਿਆਂ: ਮੋਦੀ

ਨਵੀਂ ਦਿੱਲੀ, 14 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨਾਓ ਤੇ ਕਠੂਆ ਵਿੱਚ ਵਾਪਰੀਆਂ ਜਬਰ ਜਨਾਹ ਦੀਆਂ ਘਟਨਾਵਾਂ ਖ਼ਿਲਾਫ਼ ਅੱਜ ਪਹਿਲੀ ਵਾਰ ਟਿੱਪਣੀਆਂ ਕਰਦਿਆਂ ਕਿਹਾ ਕਿ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਧੀਆਂ ਨੂੰ ਇਨਸਾਫ਼ ਮਿਲੇਗਾ। ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਐਸਸੀ/ਐਸਟੀ ਐਕਟ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਇਥੇ ਬੀ.ਆਰ.ਅੰਬੇਦਕਰ ਦੀ ਯਾਦਗਾਰ ਦੇ ਉਦਘਾਟਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਇਨਸਾਫ਼ ਕੀਤਾ ਜਾਵੇਗਾ।

Facebook Comment
Project by : XtremeStudioz