Close
Menu

ਕਠੂਆ ਕਾਂਡ: ਐਸਐਸਪੀ ਵੱਲੋਂ ਗਵਾਹਾਂ ਦੀ ਹਾਜ਼ਰੀ ਯਕੀਨੀ ਬਣਾਉਣ ਦਾ ਭਰੋਸਾ

-- 12 June,2018

ਪਠਾਨਕੋਟ,  ਕਠੂਆ ਜਬਰ-ਜਨਾਹ ਅਤੇ ਹੱਤਿਆ ਮਾਮਲੇ ਦੀ ਸੁਣਵਾਈ ਦੌਰਾਨ ਤਲਬ ਕੀਤੇ ਗਏ ਜੰਮੂ ਤੇ ਕਸ਼ਮੀਰ ਦੇ ਐਸਐਸਪੀ (ਕ੍ਰਾਈਮ ਬਰਾਂਚ) ਰਮੇਸ਼ ਕੁਮਾਰ ਜੱਲਾ ਨੇ ਅੱਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੂੰ ਦੱਸਿਆ ਕਿ ਉਹ ਅਗਲੀ ਸੁਣਵਾਈ ਦੌਰਾਨ ਗਵਾਹਾਂ ਦੀ ਮੌਜੂਦਗੀ ਯਕੀਨੀ ਬਣਾਉਣਗੇ। ਉਨ੍ਹਾਂ ਖਿਮਾ ਮੰਗਦਿਆਂ ਕਿਹਾ ਕਿ ਅੱਗੇ ਤੋਂ ਅਜਿਹੀ ਕੋਤਾਹੀ ਨਹੀਂ ਹੋਵੇਗੀ ਅਤੇ ਅਦਾਲਤ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ। ਯਾਦ ਰਹੇ ਕਿ ਅਦਾਲਤ ਨੇ ਬੀਤੇ ਦਿਨ ਕੇਸ ਦੀ ਸੁਣਵਾਈ ਦੌਰਾਨ ਸੰਮਨ ਕੀਤੇ 17 ਗਵਾਹਾਂ ਵਿੱਚੋਂ ਕਿਸੇ ਦੇ ਵੀ ਪੇਸ਼ ਨਾ ਹੋਣ ’ਤੇ ਨਿਰਾਸ਼ਾ ਜ਼ਾਹਰ ਕੀਤੀ ਸੀ। ਕੇਸ ਦਾ ਨਿਰਧਾਰਿਤ ਸਮੇਂ ’ਚ ਨਿਪਟਾਰਾ ਕਰਨ ਦੀ ਸੁਪਰੀਮ ਕੋਰਟ ਦੀ ਹਦਾਇਤ ਮਗਰੋਂ ਸੈਸ਼ਨ ਜੱਜ ਨੇ  ਐਸਐਸਪੀ (ਕ੍ਰਾਈਮ) ਨੂੰ ਤਲਬ ਕੀਤਾ ਸੀ। ਸੈਸ਼ਨ ਜੱਜ ਨੇ ਐਸਐਸਪੀ ਨੂੰ ਸਪੱਸ਼ਟ ਕਰ ਦਿੱਤਾ ਕਿ ਅਦਾਲਤ ਨੂੰ ਰੋਜ਼ਾਨਾ ਗਵਾਹੀਆਂ ਦੀ ਲੋੜ ਹੁੰਦੀ ਹੈ।
ਬਚਾਅ ਪੱਖ ਤੋਂ ਅੱਜ 46 ਐਡਵੋਕੇਟਾਂ ਵਿਚੋਂ 31 ਪੇਸ਼ ਹੋਏ ਜਦ ਕਿ ਪ੍ਰੋਸੀਕਿਊਸ਼ਨ ਤੋਂ ਐਸ.ਐਸ.ਬਸਰਾ ਤੇ ਜੇ.ਕੇ. ਚੋਪੜਾ ਪੇਸ਼ ਹੋਏ। ਬਚਾਅ ਪੱਖ ਦੇ ਜੰਮੂ ਤੋਂ ਐਡਵੋਕੇਟ ਆਸੀਮ ਸਾਹਨੀ ਨੇ ਦੱਸਿਆ ਕਿ ਅੱਜ ਇਕ ਗਵਾਹ ਪੇਸ਼ ਹੋਇਆ। ਪ੍ਰੋਸੀਕਿਊਸ਼ਨ ਵੱਲੋਂ ਕੈਮਰੇ ਦੀ ਨਿਗਰਾਨੀ ਵਿੱਚ ਸਰਕਾਰ ਅਤੇ ਪੀੜਤ ਪੱਖ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ। ਬਚਾਅ ਪੱਖ ਦੇ ਵਕੀਲਾਂ ਨੇ ਬਹਿਸ ਨੂੰ ਸ਼ਾਮ ਤੱਕ ਜਾਰੀ ਰੱਖਿਆ। ਸੂਤਰਾਂ ਅਨੁਸਾਰ ਅੱਜ ਪੁਲੀਸ ਨੇ 4 ਗਵਾਹ ਲਿਆਂਦੇ ਸਨ, ਜਿਨ੍ਹਾਂ ਵਿਚੋਂ ਇਕ ਨੂੰ ਹੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬਚਾਅ ਪੱਖ ਦੇ ਵਕੀਲ ਏ.ਕੇ. ਸਾਹਨੀ ਨੇ ਦੱਸਿਆ ਕਿ ਗਵਾਹ ਅੱਜ ਕੁਝ ਗੱਲਾਂ ਆਪਣੇ ਹੱਥ ’ਤੇ ਲਿਖ ਕੇ ਲਿਆਇਆ ਸੀ, ਜਿਸ ਦਾ ਉਨ੍ਹਾਂ ਇਤਰਾਜ਼ ਉਠਾਇਆ ਅਤੇ ਜੱਜ ਨੇ ਵੀ ਇਸ ਦਾ ਗੰਭੀਰ ਨੋਟਿਸ ਲਿਆ।

Facebook Comment
Project by : XtremeStudioz