Close
Menu

ਕਰਨਾਟਕ: ਕਿਸੇ ਪਾਰਟੀ ਨੂੰ ਨਾ ਮਿਲਿਆ ਬਹੁਮਤ

-- 16 May,2018

ਬੰਗਲੌਰ, 16 ਮਈ
ਕਰਨਾਟਕ ਵਿਧਾਨ ਸਭਾ ਚੋਣਾਂ ਦੇ ਅੱਜ ਆਏ ਨਤੀਜਿਆਂ ਵਿੱਚ ਕਿਸੇ ਪਾਰਟੀ ਨੂੰ ਮੁਕੰਮਲ ਬਹੁਮਤ ਨਾ ਮਿਲਣ ਕਾਰਨ ਹੁਣ ਸਾਰੀਆਂ ਨਜ਼ਰਾਂ ਰਾਜਪਾਲ ਵਜੂਭਾਈ ਵਾਲਾ ਵੱਲ ਲੱਗ ਗਈਆਂ ਹਨ, ਕਿ ਕੀ ਉਹ ਸਭ ਤੋਂ ਵੱਡੀ ਪਾਰਟੀ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦੇ ਹਨ ਜਾਂ ਸਪਸ਼ਟ ਬਹੁਮਤ ਵਾਲੇ ਜਨਤਾ ਦਲ (ਐਸ)-ਕਾਂਗਰਸ ਦੇ ਗੱਠਜੋੜ ਨੂੰ। ਦੂਜੀ ਵੱਡੀ ਪਾਰਟੀ ਰਹੀ ਕਾਂਗਰਸ ਨੇ ਪਿਛਲੇ ਤਜਰਬਿਆਂ ਤੋਂ ਸਬਕ ਲੈਂਦਿਆਂ ਅੱਜ ਬਿਨਾਂ ਕੋਈ ਵਕਤ ਗੁਆਏ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਤੀਜੇ ਨੰਬਰ ਉਤੇ ਰਹੀ ਜੇਡੀ(ਐਸ) ਨੂੰ ਐਚ.ਡੀ. ਕੁਮਾਰਾਸਵਾਮੀ ਦੀ ਅਗਵਾਈ ਹੇਠ ਸਰਕਾਰ ਬਣਾਉਣ ਲਈ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਗੱਠਜੋੜ ਨੇ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਲਈ ਦਾਅਵਾ ਵੀ ਪੇਸ਼ ਕਰ ਦਿੱਤਾ। ਭਾਜਪਾ ਨੇ ਵੀ ਰਾਜਪਾਲ ਨੂੰ ਮਿਲ ਦੇ ਦਾਅਵਾ ਜਤਾਇਆ ਹੈ।
ਇਸ ਤੋਂ ਪਹਿਲਾਂ ਚੋਣ ਨਤੀਜਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਦਾ ਜੇਤੂ ਰੱਥ ਇਸ ਦੱਖਣੀ ਸੂਬੇ ਵਿੱਚ ਬਹੁਮਤ ਦੇ ਅੰਕੜੇ ਤੱਕ ਪੁੱਜਣ ਵਿੱਚ ਨਾਕਾਮ ਰਿਹਾ। ਸੂਬਾਈ ਵਿਧਾਨ ਸਭਾ ਦੀਆਂ ਕੁੱਲ 224 ਸੀਟਾਂ ਵਿੱਚੋਂ 12 ਮਈ ਨੂੰ 222 ਸੀਟਾਂ ਲਈ ਚੋਣ ਹੋਈ ਸੀ। ਅੱਜ ਹੋਈ ਗਿਣਤੀ ਦੌਰਾਨ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਤਾਂ ਉੱਭਰੀ ਪਰ ਇਹ 104 ਸੀਟਾਂ ਨਾਲ ਪੂਰਨ ਬਹੁਮਤ ਲਈ ਲੋੜੀਂਦੀਆਂ 112 ਸੀਟਾਂ ਦੇ ਅੰਕੜੇ ਤੋਂ ਪਿਛਾਂਹ ਰਹਿ ਗਈ। ਦੂਜੇ ਪਾਸੇ ਹਾਕਮ ਕਾਂਗਰਸ ਨੂੰ 78, ਜੇਡੀ(ਐਸ) ਨੂੰ 38 ਸੀਟਾਂ ਮਿਲੀਆਂ ਜਦੋਂਕਿ ਦੋ ਸੀਟਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ, ਜੋ ਕਾਂਗਰਸ ਦੇ ਹੀ ਬਾਗ਼ੀ ਦੱਸੇ ਜਾ ਰਹੇ ਹਨ। ਜੇਡੀ(ਐਸ) ਦੀਆਂ 38 ਸੀਟਾਂ ਵਿੱਚ ਇਸ ਦੇ ਭਾਈਵਾਲਾਂ ਬਸਪਾ ਤੇ ਕੇਪੀਜੇਪੀ ਦੀ ਇਕ-ਇਕ ਸੀਟ ਵੀ ਸ਼ਾਮਲ ਹੈ। ਬਸਪਾ ਨੇ ਦੱਖਣ ਵਿੱਚ ਪਹਿਲੀ ਵਾਰ ਖਾਤਾ ਖੋਲਿ੍ਹਆ ਹੈ।ਸਵੇਰੇ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਇਕ ਵਾਰ ਤਾਂ ਜਾਪ ਰਿਹਾ ਸੀ ਕਿ ਭਾਜਪਾ ਬਹੁਮਤ ਦੇ ਅੰਕੜੇ ਨੂੰ ਛੂਹ ਲਵੇਗੀ ਅਤੇ ਪੰਜ ਸਾਲ ਬਾਅਦ ਰਾਜ ਦੀ ਸੱਤਾ ’ਚ ਇਸ ਦੀ ਵਾਪਸੀ ਹੋ ਜਾਵੇਗੀ। ਇਸ ਕਾਰਨ ਭਾਜਪਾ ਕਾਰਕੁਨਾਂ ਨੇ ਜਿੱਤ ਦੇ ਜਸ਼ਨ ਮਨਾਉਣੇ ਵੀ ਸ਼ੁਰੂ ਕਰ ਦਿੱਤੇ ਸਨ, ਪਰ ਬਾਅਦ ਵਿੱਚ ਰੁਝਾਨ ਸਾਫ਼ ਹੋਣ ਪਿੱਛੋਂ ਜਸ਼ਨ ਠੱਪ ਹੋ ਗਏ ਤੇ ਭਾਜਪਾ ਦਫ਼ਤਰਾਂ ਵਿੱਚ ਵੀਰਾਨੀ ਛਾ ਗਈ।
ਇਸ ਹਾਲਾਤ ਨੂੰ ਦੇਖਦਿਆਂ ਗੋਆ ਤੇ ਮਨੀਪੁਰ ਆਦਿ ਦੇ ਤਜਰਬਿਆਂ ਤੋਂ ਸਬਕ ਲੈ ਕੇ ਕਾਂਗਰਸ ਨੇ ਫ਼ੌਰੀ ਜੇਡੀ(ਐਸ) ਨੂੰ ਸਰਕਾਰ ਬਣਾਉਣ ਲਈ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਇਸ ਸਬੰਧੀ ਕਾਂਗਰਸ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ, ‘‘ਸਵੇਰੇ ਤਾਂ ਲੱਗ ਰਿਹਾ ਸੀ ਕਿ ਭਾਜਪਾ ਬਹੁਮਤ ਲੈ ਜਾਵੇਗੀ। ਪਰ ਜਦੋਂ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਬਹੁਮਤ ਤੱਕ ਨਾ ਪੁੱਜੀ ਤਾਂ ਅਸੀਂ ਸਮਝ ਗਏ ਕਿ ਹੁਣ ਸਾਡੇ ਲਈ ਕਾਰਵਾਈ ਕਰਨ ਦਾ ਮੌਕਾ ਹੈ।’’
ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਗੋਆ ਤੇ ਮਨੀਪੁਰ ਵਿੱਚ ਕਾਂਗਰਸ ਦੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦੇ ਬਾਵਜੂਦ ਭਾਜਪਾ ਸਰਕਾਰਾਂ ਬਣਾਉਣ ਵਿੱਚ ਸਫਲ ਰਹੀ ਸੀ। ਗੱਠਜੋੜ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਰਾਜਪਾਲ ਨੂੰ ਮਿਲਣ ਵਾਲੇ ਵਫ਼ਦ ਵਿੱਚ ਸ੍ਰੀ ਆਜ਼ਾਦ ਤੋਂ ਇਲਾਵਾ ਕਾਂਗਰਸ ਦੇ ਮਲਿਕਅਰਜੁਨ ਖੜਗੇ ਤੇ ਜੇਡੀ(ਐਸ) ਦੇ ਮੁਖੀ ਐਚ.ਡੀ. ਕੁਮਾਰਾਸਵਾਮੀ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਕਾਂਗਰਸ ਨਾਲ ਸਬੰਧਤ ਮੁੱਖ ਮੰਤਰੀ ਸਿੱਧਾਰਮੱਈਆ ਨੇ ਅਹੁਦੇ ਤੋਂ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ।

ਦੂਜੇ ਪਾਸੇ ਭਾਜਪਾ ਦੇ ਮੁੱਖ ਮੰਤਰੀ ਲਈ ਉਮੀਦਵਾਰ ਸ੍ਰੀ ਯੇਡੀਯੁਰੱਪਾ ਨੇ ਦੋਸ਼ ਲਾਇਆ ਕਿ ਕਾਂਗਰਸ ਨਾਜਾਇਜ਼ ਢੰਗ ਨਾਲ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨ ਪਿੱਛੋਂ ਕਿਹਾ, ‘‘ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਅਸੀਂ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਵੇ ਤੇ ਅਸੀਂ ਸਦਨ ਵਿੱਚ ਬਹੁਮਤ ਸਾਬਤ ਕਰਾਂਗੇ।’’

ਰਾਜਪਾਲ ਕੋਲ ਹਨ ਕਿਹੜੇ-ਕਿਹੜੇ ਰਾਹ

ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲਣ ਕਾਰਨ ਹੁਣ ਸਭ ਦੀਆਂ ਨਜ਼ਰਾਂ ਰਾਜਪਾਲ ਵਜੂਭਾਈ ਵਾਲਾ ਉਤੇ ਹਨ। ਜਾਣਕਾਰ ਕਹਿੰਦੇ ਹਨ ਕਿ ਉਨ੍ਹਾਂ ਕੋਲ ਦੋ ਬਦਲ ਹਨ, ਪਹਿਲਾਂ ਇਹ ਕਿ ਉਹ ਸਭ ਤੋਂ ਵੱਡੇ ਦਲ ਦੇ ਰੂਪ ਵਿੱਚ ਉੱਭਰੀ ਭਾਜਪਾ ਨੂੰ ਮੌਕਾ ਦੇਣ। ਦੂਜਾ ਇਹ ਕਿ ਜੇਡੀ(ਐਸ) ਅਤੇ ਕਾਂਗਰਸ ਗੱਠਜੋੜ ਨੂੰ ਸਰਕਾਰ ਬਣਾਉਣ ਲਈ ਸੱਦਣ। ਯਾਦ ਰਹੇ ਕਿ ਕਰਨਾਟਕ ਦੇ ਮਾਮਲੇ ’ਚ ਬੋਮਈ ਕੇਸ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਕਿ ਬਹੁਮਤ ਦਾ ਫ਼ੈਸਲਾ ਵਿਧਾਨ ਸਭਾ ਅੰਦਰ ਹੋਣਾ ਚਾਹੀਦਾ ਹੈ।

Facebook Comment
Project by : XtremeStudioz