Close
Menu

ਕਰਜ਼ਾ ਮੁਆਫ਼ੀ ਕਿਸਾਨਾਂ ਨਾਲ ਧੋਖਾ: ਅਕਾਲੀ ਦਲ

-- 12 January,2018

ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਸਰਕਾਰ ਦੀ ਕਰਜ਼ਾ ਮੁਆਫ਼ੀ ਯੋਜਨਾ ਨੂੰ ਕਿਸਾਨਾਂ ਨਾਲ ਮਜ਼ਾਕ ਤੇ ਧੋਖਾ ਕਰਾਰ ਦਿੰਦਿਆਂ ਇਸ ਮੁੱਦੇ ’ਤੇ ਰਾਜ ਵਿਆਪੀ ਲਾਮਬੰਦੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਸੀਨੀਅਰ ਆਗੂਆਂ ਨਾਲ ਚਰਚਾ ਕਰਦਿਆਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ, ਪਰ ਹੁਣ ਬਹੁਤ ਥੋੜ੍ਹੇ ਕਿਸਾਨਾਂ ਦਾ ਮਾਮੂਲੀ ਕਰਜ਼ਾ ਮੁਆਫ਼ ਕਰ ਕੇ ਡੰਗ ਟਪਾਇਆ ਜਾ ਰਿਹਾ ਹੈ। ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਰੈਲੀਆਂ ਕਰ ਕੇ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ ਤੇ ਰਾਜ ਵਿਆਪੀ ਪੋਲ ਖੋਲ੍ਹ ਲਹਿਰ ਚਲਾਈ ਜਾਵੇਗੀ ਤੇ ਭਲਕੇ ਕੋਰ ਕਮੇਟੀ ਵੱਲੋਂ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਸਰਕਾਰ ਖ਼ਿਲਾਫ਼ ਮੰਗ ਪੱਤਰ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਿਰ 90 ਹਜ਼ਾਰ ਕਰੋੜ ਦਾ ਕਰਜ਼ਾ ਹੈ, ਜਦਕਿ ਸਰਕਾਰ ਹੁਣ ਮਹਿਜ਼ 700 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਰਹੀ ਹੈ। ਕੋਰ ਕਮੇਟੀ ਨੇ ਕੈਪਟਨ ਸਰਕਾਰ ਵੱਲੋਂ ਸੇਵਾਮੁਕਤ ਜੱਜ ਰਣਜੀਤ ਸਿੰਘ ਅਤੇ ਮਹਿਤਾਬ ਸਿੰਘ ਗਿੱਲ ’ਤੇ ਅਧਾਰਿਤ ਗਠਿਤ ਦੋ ਜਾਂਚ ਕਮਿਸ਼ਨਾਂ ਦੀ ਭਰੋਸੇਯੋਗਤਾ ’ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਬੇਅਦਬੀ ਮਾਮਲਿਆਂ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਸਟਿਸ ਮਹਿਤਾਬ ਸਿੰਘ ਦੀ ਅਗਵਾਈ ਵਾਲਾ ਮੌਜੂਦਾ ਕਮਿਸ਼ਨ ਪਹਿਲਾਂ ਹੀ ਭਰੋਸੇਯੋਗਤਾ ਗੁਆ ਚੁੱਕਾ ਹੈ।

ਮੁੱਖ ਮੰਤਰੀ ਤੁਰੰਤ ਅਸਤੀਫ਼ਾ ਦੇਣ: ਸੁਖਬੀਰ ਬਾਦਲ
ਇਸ ਦੌਰਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਨੂੰ ਸੱਚਮੁਚ ਹੀ ਸਿੱਖਾਂ ਨਾਲ ਦਿਲੋਂ ਹਮਦਰਦੀ ਹੈ ਤਾਂ ਕਾਂਗਰਸ ਅਤੇ ਗਾਂਧੀ ਪਰਿਵਾਰ ਦਾ ਸਾਥ ਤੁਰੰਤ ਛੱਡ ਕੇ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋ ਜਾਣ। ਉਨ੍ਹਾਂ ਕਿਹਾ ਕਿ ਫੋਕੀ ਬਿਆਨਬਾਜ਼ੀ ਨਾਲ ਸਿੱਖ ਹਿਰਦਿਆਂ ਨੂੰ ਸ਼ਾਂਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ 186 ਮਾਮਲਿਆਂ ਦੀ ਜਾਂਚ ਦੇ ਦਿੱਤੇ ਗਏ ਹੁਕਮ ਕਾਂਗਰਸ ਲਈ ਵੀ ਝਟਕਾ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਠੀਕ ਕਦਮ ਹੈ ਪਰ ਉਨ੍ਹਾਂ ਨੂੰ ਕਾਂਗਰਸ ਵੀ ਤੁਰੰਤ ਛੱਡਣੀ ਚਾਹੀਦੀ ਹੈ।

Facebook Comment
Project by : XtremeStudioz