Close
Menu

ਕਾਂਗਰਸ ਦੇ 126 ਆਗੂ ਤੇ ਵਰਕਰ ਡਿਫਾਲਟਰਾਂ ਦੀ ਸੂਚੀ ’ਚ ਸ਼ਾਮਲ

-- 12 June,2018

ਚੰਡੀਗੜ੍ਹ, ਪੰਜਾਬ ਖੇਤੀਬਾੜੀ ਵਿਕਾਸ ਬੈਂਕ ਨੂੰ ਕਰਜ਼ੇ ਦੀ ਉਗਰਾਹੀ ਨਾ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਕਮ ਧਿਰ ਕਾਂਗਰਸ ਨਾਲ ਸਬੰਧਤ ਆਗੂ ਅਤੇ ਵਰਕਰਾਂ ਵੱਲੋਂ ਵੀ ਕਾਫੀ ਅਰਸੇ ਤੋਂ ਬੈਂਕ ਦਾ ਕਰਜ਼ਾ ਵਾਪਸ ਨਹੀਂ ਕੀਤਾ ਗਿਆ। ਇਸ ਪਾਰਟੀ ਦੇ  126 ਵਿਅਕਤੀ ਡਿਫਾਲਟਰਾਂ ਦੀ ਸੂਚੀ ਵਿੱਚ ਸ਼ਾਮਲ ਹਨ ਤੇ ਇਨ੍ਹਾਂ ਵਿੱਚੋਂ ਕੁਝ ਨੇ ਸਾਲ 2003 ਤੋਂ ਕਰਜ਼ੇ ਦੀ ਕੋਈ ਕਿਸ਼ਤ ਨਹੀਂ ਮੋੜੀ।
ਪਟਿਆਲਾ ਜ਼ਿਲ੍ਹੇ ਦੇ ਉੱਪਲੀ ਪਿੰਡ ਦੇ ਮਲਕ ਸਿੰਘ ਨੇ ਸਾਲ 2003 ਵਿੱਚ ਡੇਅਰੀ ਲਈ ਚਾਰ ਲੱਖ ਦਾ ਕਰਜ਼ਾ ਲਿਆ ਸੀ, ਜਿਹੜਾ ਕਿਸ਼ਤਾਂ ਨਾ ਮੋੜੇ ਜਾਣ ਕਾਰਨ ਗਿਆਰਾਂ ਲੱਖ ਤੋਂ ਉਪਰ ਹੋ ਚੁੱਕਾ ਹੈ। ਇਸੇ ਜ਼ਿਲ੍ਹੇ ਦੇ ਭੇਡਪੁਰ ਪਿੰਡ ਦੇ ਜਰਨੈਲ ਸਿੰਘ ਨੇ ਮੁਰਗੀ ਪਾਲਣ ਲਈ 2011 ਵਿੱਚ ਦਸ ਲੱਖ ਦਾ ਕਰਜ਼ਾ ਲਿਆ ਸੀ ਜੋ ਵੱਧ ਕੇ ਤੇਰਾਂ ਲੱਖ ਦੇ ਕਰੀਬ ਹੋ ਚੁੱਕਾ ਹੈ। ਨਾਭਾ ਤੋਂ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਦੇ ਸਾਬਕਾ ਮੀਤ ਚੇਅਰਮੈਨ ਨੇ 2013 ਵਿਚ 4.99 ਲੱਖ ਦਾ ਕਰਜ਼ਾ ਲਿਆ ਸੀ, ਜਿਸ ਵਿਚੋਂ ਕੁਝ ਪੈਸਾ ਮੋੜ ਦਿੱਤਾ ਗਿਆ ਸੀ ਪਰ ਅਜੇ ਵੀ ਉਸ ਵੱਲ 4.46 ਲੱਖ ਦਾ ਕਰਜ਼ਾ ਖੜਾ ਹੈ। ਸਮਾਣਾ ਦੇ ਸਰੈਣ ਪੱਤੀ ਦੇ ਬੇਅੰਤ ਸਿੰਘ ਨੇ 2003 ਵਿੱਚ ਗੋਦਾਮ ਲਈ ਤਿੰਨ ਲੱਖ ਰੁਪਏ ਅਤੇ ਸਾਲ 2004 ਵਿਚ ਟਰੈਕਟਰ ਲਈ 3.22 ਲੱਖ ਦਾ ਕਰਜ਼ਾ ਲਿਆ ਸੀ। ਦੋਵੇਂ ਕਰਜ਼ੇ ਨਾ ਮੋੜੇ ਜਾਣ ਕਰ ਕੇ 4.88 ਲੱਖ ਅਤੇ 6.20 ਲੱਖ ਹੋ ਚੁੱਕੇ ਹਨ।
ਕਾਂਗਰਸ ਕਿਸਾਨ ਸੈੱਲ ਪਾਤੜਾਂ ਦੇ ਚੇਅਰਮੈਨ ਇਕਬਾਲ ਸਿੰਘ ਨੇ 2004 ਵਿੱਚ ਮਕਾਨ ਬਣਾਉਣ ਲਈ ਚਾਰ ਲੱਖ ਦਾ ਕਰਜ਼ਾ ਲਿਆ ਸੀ ਜਿਹੜਾ ਹੁਣ 9.56 ਲੱਖ ਹੋ ਚੁੱਕਾ ਹੈ। ਫਿਰੋਜ਼ਪੁਰ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਚੰਦ ਸਿੰਘ ਨੇ 2003 ਵਿੱਚ ਟਰੈਕਟਰ ਖਰੀਦਣ  ਲਈ  ਚਾਰ ਲੱਖ ਦਾ ਕਰਜ਼ਾ ਲਿਆ ਸੀ ਪਰ ਕਿਸ਼ਤਾਂ ਨਾ ਮੋੜੇ ਜਾਣ ਕਰ ਕੇ ਇਹ ਵੱਧ ਕੇ 12.52 ਲੱਖ ਰੁਪਏ ਹੋ ਚੁੱਕਾ ਹੈ। ਪੂਰਾ ਕਰਜ਼ਾ ਨਾ ਮੋੜਣ ਵਾਲਿਆਂ ਵਿੱਚ ਕਾਂਗਰਸ ਵਿਧਾਇਕ ਦੇ ਪੀ.ਏ. ਪ੍ਰਿਥੀ ਸਿੰਘ, ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦੇ ਪ੍ਰਧਾਨ ਰਾਜਿੰਦਰ ਸਿੰਘ, ਧੂਰੀ ਤੋਂ ਸਾਬਕਾ ਵਿਧਾਇਕ ਸੁਰਿੰਦਰ ਸਿੰਘ, ਉਸ ਦੇ ਲੜਕੇ ਰਮਨਜੋਤ ਸਿੰਘ  ਦੇ ਸਿਰ ’ਤੇ 17.45 ਲੱਖ ਦਾ ਕਰਜ਼ਾ ਹੈ। ਲੁਧਿਆਣਾ ਤੋਂ ਸਾਬਕਾ ਲੋਕ ਸਭਾ ਮੈਂਬਰ ਅਮਰੀਕ ਸਿੰਘ ਆਲੀਵਾਲ ਅਤੇ ਉਸ ਦਾ ਲੜਕਾ ਯਾਦਵਿੰਦਰ ਸਿੰਘ ,ਪੱਟੀ ਤੋਂ ਕਾਂਗਰਸ ਵਿਧਾਇਕ ਦਾ ਭਰਾ ਅਨੂਪ ਸਿੰਘ ਵੀ ਡਿਫਾਲਟਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਗਿੱਦੜਬਾਹਾ ਦੇ ਕੋਟਭਾਈ ਪਿੰਡ ਦੇ ਹਰਜਿੰਦਰ ਸਿੰਘ ਨੇ ਸਾਲ 2004 ਵਿੱਚ ਪੋਲਟਰੀ ਫਾਰਮ ਲਈ ਤੇਰਾਂ ਲੱਖ ਦਾ ਕਰਜ਼ਾ ਲਿਆ ਸੀ ਪਰ ਕਰਜ਼ੇ ਦੀਆਂ ਕਿਸ਼ਤਾਂ ਨਾ ਭਰੇ ਜਾਣ ਕਰ ਕੇ ਕਰਜ਼ਾ ਵੱਧ ਕੇ 34.38 ਲੱਖ ਹੋ ਚੁੱਕਾ ਹੈ।
ਸਹਿਕਾਰਤਾ ਵਿਭਾਗ ਵੱਲੋਂ ਪਿਛਲੇ ਦਿਨੀਂ ਸਖਤੀ ਕੀਤੇ ਜਾਣ ਤੋਂ ਬਾਅਦ ਤਕਰੀਬਨ 46 ਲੱਖ ਤੋਂ ਵੱਧ ਕਰਜ਼ੇ ਦੀ ਅਦਾਇਗੀ ਹੋ ਗਈ ਹੈ ਪਰ ਅਜੇ ਵੀ ਤੇਰਾਂ ਕਰੋੜ ਰੁਪਏ ਦਾ ਕਰਜ਼ਾ ਖੜਾ ਹੈ।

Facebook Comment
Project by : XtremeStudioz