Close
Menu

ਕੇਂਦਰੀ ਵਾਤਾਵਰਨ ਮੰਤਰੀ ਦਵੇ ਦਾ ਦੇਹਾਂਤ

-- 19 May,2017

ਨਵੀਂ ਦਿੱਲੀ, ਕਾਂਗਰਸੀ ਆਗੂ ਦਿਗਵਿਜੈ ਸਿੰਘ ਨੂੰ 2003 ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਗੱਦੀ ਤੋਂ ਹਟਾਉਣ ਲਈ ਭਾਜਪਾ ਦੀ ਰਣਨੀਤੀ ਬਣਾਉਣ ਲਈ ਜਾਣੇ ਜਾਂਦੇ ਲੰਮੇ ਸਮੇਂ ਤੋਂ ਆਰਐਸਐਸ ਮੈਂਬਰ ਰਹੇ ਵਾਤਾਵਰਨ ਮੰਤਰੀ ਅਨਿਲ ਮਾਧਵ ਦਵੇ ਦਾ ਅੱਜ ਦੇਹਾਂਤ ਹੋ ਗਿਆ। ਉਹ 60 ਸਾਲਾਂ ਦੇ ਸਨ।
ਸਰਕਾਰੀ ਸੂਤਰਾਂ ਅਨੁਸਾਰ ਮੱਧ ਪ੍ਰਦੇਸ਼ ਤੋਂ ਦੋ ਦਫ਼ਾ ਰਾਜ ਸਭਾ ਮੈਂਬਰ ਰਹੇ ਸ੍ਰੀ ਦਵੇ ਨੂੰ ਅੱਜ ਸਵੇਰੇ ਘਰ ਵਿੱਚ ਬੇਚੈਨੀ ਦੀ ਸ਼ਿਕਾਇਤ ਹੋਈ ਅਤੇ ਉਨ੍ਹਾਂ ਨੂੰ ਏਮਸ ਲੈ ਜਾਇਆ ਗਿਆ, ਜਿੱਥੇ ਉਨ੍ਹਾਂ ਦਾ    ਦੇਹਾਂਤ ਹੋ ਗਿਆ। ਸ੍ਰੀ ਦਵੇ ਦੇ ਦੇਹਾਂਤ ਦੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਟਵੀਟ ਨਾਲ ਸਾਹਮਣੇ ਆਈ। ਉਨ੍ਹਾਂ ਕਿਹਾ ਕਿ ਸ੍ਰੀ ਦਵੇ ਦੇ ਦੇਹਾਂਤ ਨਾਲ ਨਿੱਜੀ ਘਾਟਾ ਪਿਆ ਹੈ। ਏਮਸ ਦੇ ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਮੰਤਰੀ ਨੂੰ ਸਵੇਰੇ 8:50 ਉਤੇ ਲਿਆਂਦਾ ਗਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਨੂੰ ਬਚਾਉਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਵੇਰੇ 9:45 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਨੇ ਸ੍ਰੀ ਦਵੇ ਦੀ ਸਰਕਾਰੀ ਰਿਹਾਇਸ਼ ਉਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਜਨਾਥ ਸਿੰਘ ਅਤੇ ਵੈਂਕਈਆ ਨਾਇਡੂ ਸਣੇ ਕਈ ਕੇਂਦਰੀ ਮੰਤਰੀਆਂ ਅਤੇ ਭਾਜਪਾ ਦੇ ਸਰਪ੍ਰਸਤ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਉਨ੍ਹਾਂ ਦੇ ਦੇਹਾਂਤ ਉਤੇ ਦੁੱਖ ਪ੍ਰਗਟਾਇਆ। ਕੇਂਦਰੀ ਮੰਤਰੀ ਸ੍ਰੀ ਦਵੇ ਦੇ ਅਚਾਨਕ ਦੇਹਾਂਤ ਤੋਂ ਬਾਅਦ ਭੋਪਾਲ ਵਿੱਚ ਲੋਕ ਉਨ੍ਹਾਂ ਦੇ ਗ੍ਰਹਿ ‘ਨਦੀ ਕਾ ਘਰ’ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ।

Facebook Comment
Project by : XtremeStudioz