Close
Menu
Breaking News:

ਕੇਂਦਰ ਦੇ ਅੱਤ ਵਾਲੇ ਰੁਖ਼ ਨੇ ਕਸ਼ਮੀਰ ਸਮੱਸਿਆ ਵਧਾਈ: ਚਿਦੰਬਰਮ

-- 17 July,2017

ਨਵੀਂ ਦਿੱਲੀ,  ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਕਸ਼ਮੀਰ ਬਾਰੇ ‘ਅੱਤ’ ਵਾਲਾ ਰੁਖ਼ ਅਖ਼ਤਿਆਰ ਕੀਤਾ ਗਿਆ ਹੈ, ਜਿਸ ਕਾਰਨ ਵਾਦੀ ਵਿੱਚ ਸਮੱਸਿਆ ‘ਹੋਰ ਵਧ’ ਗਈ ਹੈ। ਕੇਂਦਰ ਵੱਲੋਂ ਚੀਨ ਨਾਲ ਟਕਰਾਅ ਅਤੇ ਅਮਰਨਾਥ ਯਾਤਰੀਆਂ ਉਤੇ ਹਮਲੇ ਬਾਅਦ ਜੰਮੂ ਕਸ਼ਮੀਰ ਦੇ ਹਾਲਾਤ ਬਾਰੇ ਵਿਰੋਧੀ ਪਾਰਟੀਆਂ ਨੂੰ ਜਾਣੂ ਕਰਾਏ ਜਾਣ ਦੇ ਦੋ ਦਿਨਾਂ ਬਾਅਦ ਕਾਂਗਰਸੀ ਆਗੂ ਨੇ ਇਹ ਬਿਆਨ ਦਿੱਤਾ ਹੈ।
ਸਾਬਕਾ ਕੇਂਦਰੀ ਮੰਤਰੀ ਚਿਦੰਬਰਮ ਨੇ ਕਿਹਾ ਕਿ ਕਸ਼ਮੀਰ ਮੁੱਦਾ ‘ਨਾਸੂਰ’ ਬਣ ਗਿਆ ਹੈ। ਵਾਦੀ ਦੇ ਲੋਕ ਕੇਂਦਰ ਸਰਕਾਰ ਅਤੇ ਅਤਿਵਾਦੀਆਂ ਦੇ ‘ਸਿਖ਼ਰਲੇ ਕਦਮਾਂ’ ਵਿਚਾਲੇ ਫਸ ਗਏ ਹਨ। ਉਨ੍ਹਾਂ ਨੇ ਲੜੀਵਾਰ ਟਵੀਟ ਕਰਕੇ ਕਿਹਾ ਕਿ ਇਸ ਨਾਲ ਜੰਮੂ ਕਸ਼ਮੀਰ ਦੇ ਲੋਕ ਅਤੇ ਸੂਬੇ ਦਾ ਭਵਿੱਖ ਅਸਰਅੰਦਾਜ਼ ਹੋ ਰਿਹਾ ਹੈ। ਸ੍ਰੀ ਚਿਦੰਬਰਮ ਨੇ ਕਿਹਾ, ‘ਅਤਿਵਾਦੀਆਂ ਨੇ ਅੱਤ ਵਾਲਾ ਰੁਖ਼ ਅਖ਼ਤਿਆਰ ਕੀਤਾ ਹੈ, ਜਿਸ ਨੂੰ ਤੁਰੰਤ ਖ਼ਾਰਜ ਕਰਨ ਦੀ ਲੋੜ ਹੈ। ਕੇਂਦਰ ਸਰਕਾਰ ਨੇ ਵੀ ਅੱਤ ਵਾਲੇ ਕਦਮ ਉਠਾਏ ਹਨ, ਜਿਸ ਨਾਲ ਸਮੱਸਿਆ ਹੋਰ ਵਧ ਗਈ ਹੈ।’ ਕਾਂਗਰਸੀ ਆਗੂ ਨੇ ਟਵੀਟ ਕੀਤਾ ਕਿ ਪਿਛਲੇ ਸਮੇਂ ਦੌਰਾਨ ਕਈ ਮੌਕਿਆਂ ਉਤੇ ਉਨ੍ਹਾਂ ਨੇ ‘ਚਿਤਾਵਨੀ ਦਿੱਤੀ ਸੀ ਕਿ ਕਸ਼ਮੀਰ ਮੁੱਦਾ ਜਾਂ ਸਮੱਸਿਆ (ਇਸ ਨੂੰ ਜੋ ਵੀ ਕਿਹਾ ਜਾਂਦਾ ਹੈ) ਰਿਸਦਾ ਫੱਟ ਬਣ ਗਿਆ ਹੈ।’
ਦੱਸਣਯੋਗ ਹੈ ਕਿ ਪਿਛਲੇ ਸਾਲ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਬਾਅਦ ਕਸ਼ਮੀਰ ਵਿੱਚ ਫੈਲੀ ਅਸ਼ਾਂਤੀ ਤੇ ਹਿੰਸਾ ਲਈ ਵਿਰੋਧੀ ਧਿਰ ਵੱਲੋਂ ਕੇਂਦਰ ਅਤੇ ਪੀਡੀਪੀ-ਭਾਜਪਾ ਗੱਠਜੋੜ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। 

Facebook Comment
Project by : XtremeStudioz