Close
Menu

ਕੇਜਰੀਵਾਲ ਦੇ ਨਿਸ਼ਾਨੇ ’ਤੇ ਪ੍ਰਧਾਨ ਮੰਤਰੀ ਮੋਦੀ

-- 12 June,2018

ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੱਡਾ ਹੱਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਦਾ ਦਫ਼ਤਰ ਤੇ ਕੇਂਦਰ ਨੇ ਦਿੱਲੀ ਉਪਰਾਜਪਾਲ, ਆਈਏਐਸ ਅਧਿਕਾਰੀਆਂ ਤੇ ਸੀਬੀਆਈ, ਈਡੀ, ਆਮਦਨ ਕਰ ਵਿਭਾਗ ਤੇ ਦਿੱਲੀ ਪੁਲੀਸ ਨੂੰ ‘ਆਪ’ ਸਰਕਾਰ ਦੇ ਕੰਮਾਂ ਨੂੰ ਰੋਕਣ ਲਈ ਖੁੱਲ੍ਹੇ ਛੱਡ ਰੱਖਿਆ ਹੈ। ਆਪਣੀ ਸਰਕਾਰੀ ਰਿਹਾਇਸ਼ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਬੋਲਦੇ ਹੋਏ ਸ੍ਰੀ ਕੇਜਰੀਵਾਲ ਨੇ ਦੋਸ਼ ਲਾਇਆ ਕਿ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਕੁੱਟਮਾਰ ਮਾਮਲੇ ਮਗਰੋਂ ਦਿੱਲੀ ਦੇ ਸਰਕਾਰੀ ਅਧਿਕਾਰੀਆਂ ਵੱਲੋਂ ਪਿਛਲੇ 4 ਮਹੀਨਿਆਂ ਤੋਂ ਸਰਕਾਰੀ ਬੈਠਕਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ, ਨੂੰ ਕਥਿਤ ਧਮਕਾਇਆ ਜਾ ਰਿਹਾ ਹੈ ਕਿ ਉਹ ਅਸਹਿਯੋਗ ਜਾਰੀ ਰੱਖਣ ਕਿਉਂਕਿ ਇਹ ਅਸਹਿਯੋਗ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕਰਵਾਇਆ ਜਾ ਰਿਹਾ ਹੈ ਤੇ ਤਾਲਮੇਲ ਐਲਜੀ (ਅਨਿਲ ਬੈਜਲ) ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਸ੍ਰੀ ਮੋਦੀ ਨੂੰ ਨਿਹੋਰਾ ਮਾਰਿਆ ਕਿ ਨਾਂਹ-ਪੱਖੀ ਨਹੀਂ ਸਗੋਂ ਹਾਂ-ਪੱਖੀ ਰਾਜਨੀਤੀ ਅਪਨਾਉਣ।  ਉਨ੍ਹਾਂ ਦੱਸਿਆ ਕਿ ਸੀਬੀਆਈ ਤੇ ‘ਏਸੀਬੀ’ ਨੇ ‘ਆਪ’ ਮੰਤਰੀਆਂ ਤੇ ਵਿਧਾਇਕਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਖ਼ਿਲਾਫ਼ ਫਰਵਰੀ 2015 ਤੋਂ ਲੈ ਕੇ ਹੁਣ ਤਕ 14 ਮਾਮਲੇ ਦਰਜ ਕੀਤੇ ਹਨ ਪਰ ਅਜੇ ਤੱਕ ਇੱਕ ਵੀ ਮਾਮਲੇ ਵਿੱਚ ਗ੍ਰਿਫ਼ਤਾਰੀ ਨਹੀਂ ਪਾਈ ਗਈ।ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਝੂਠੇ ਮੁੱਕਦਮੇ ‘ਆਪ’ ਆਗੂਆਂ ਨੂੰ ਬਦਨਾਮ ਕਰਨ ਲਈ ਠੋਕੇ ਗਏ ਹਨ ਤੇ ਆਏ ਦਿਨ ਮੁੱਕਦਮੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਉਕਤ ਸਾਰੇ ਵਿਭਾਗ ਸਰਕਾਰ ਦੇ ਕੰਮਾਂ ਨੂੰ ਰੋਕਣ ਲਈ ਖੁੱਲ੍ਹੇ ਛੱਡ ਰੱਖੇ ਹਨ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਦੀਆਂ ਸਰਕਾਰਾਂ ਵਾਲੇ ਰਾਜਾਂ ਦੇ ਲੋਕ ਪੁੱਛਣ ਲੱਗੇ ਹਨ ਕਿ ਉਨ੍ਹਾਂ ਦੇ ਰਾਜਾਂ ਦੇ ਸਕੂਲਾਂ ਦੀ ਹਾਲਤ ਕਿਉਂ ਨਹੀਂ ਸੁਧਰ ਰਹੀ ਤੇ ਦਿੱਲੀ ਸਰਕਾਰ ਸਿਹਤ, ਸਿੱਖਿਆ ਤੇ ਹੋਰ ਖੇਤਰਾਂ ਵਿੱਚ ਅਹਿਮ ਕੰਮ ਕਿਵੇਂ ਕਰ ਰਹੀ ਹੈ।

ਦਿੱਲੀ ਸਰਕਾਰ ਦਾ ਮੰਤਰੀ ਮੰਡਲ ਉਪਰਾਜਪਾਲ ਨੂੰ ਮਿਲਿਆ
ਦਿੱਲੀ ਦੇ ਅਧਿਕਾਰੀਆਂ ਵੱਲੋਂ ਸਰਕਾਰ ਨਾਲ ਸਹਿਯੋਗ ਨਾ ਕਰਨ ਦੀ ਸ਼ਿਕਾਇਤ ਲੈ ਕੇ ਦਿੱਲੀ ਸਰਕਾਰ ਦਾ ਮੰਤਰੀ ਮੰਡਲ ਉਪਰਾਜਪਾਲ ਨੂੰ ਮਿਲਿਆ ਪਰ ਅਨਿਲ ਬੈਜਲ ਵੱਲੋਂ ਕਾਰਵਾਈ ਤੋਂ ਇਨਕਾਰ ਕਰਨ ’ਤੇ ਸ੍ਰੀ ਕੇਜਰੀਵਾਲ, ਸ੍ਰੀ ਸਿਸੋਦੀਆ ਤੇ ਹੋਰ ਮੰਤਰੀ ਰਾਜ ਨਿਵਾਸ ਅੱਗੇ ਟਿਕ ਗਏ ਤੇ ਕਿਹਾ ਕਿ ਉਦੋਂ ਤਕ ਨਹੀਂ ਜਾਣਗੇ ਜਦੋਂ ਤਕ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ। ਪੁਲੀਸ ਨੇ ਰਾਜ ਭਵਨ ਦੀ ਸੁਰੱਖਿਆ ਵਧਾ ਦਿੱਤੀ ਹੈ। ਖ਼ਬਰ ਲਿਖੇ ਜਾਣ ਤਕ ਕੇਜਰੀਵਾਲ ਤੇ ਸਾਥੀ ਉੱਥੇ ਹੀ ਡਟੇ ਹੋਏ ਸਨ।

Facebook Comment
Project by : XtremeStudioz