Close
Menu

ਕੈਟੇਲੋਨੀਆ ਮਸਲਾ: ਸਪੇਨ ਵੱਲੋਂ ਸਾਰੇ ਰਾਹ ਖੁੱਲ੍ਹੇ ਹੋਣ ਦਾ ਦਾਅਵਾ

-- 12 October,2017

ਮੈਡਰਿਡ, 12 ਅਕਤੂਬਰ
ਸਪੇਨ ਸਰਕਾਰ ਨੇ ਕਿਹਾ ਹੈ ਕਿ ਕੈਟੇਲੋਨੀਆ ਨੂੰ ਵੱਖਰਾ ਮੁਲਕ ਬਣਨ ਤੋਂ ਰੋਕਣ ਲਈ ਉਨ੍ਹਾਂ ਕੋਲ ਕਈ ਰਾਹ ਹਨ ਅਤੇ ਇਨ੍ਹਾਂ ਬਾਰੇ ਅੱਜ ਕੈਬਨਿਟ ਦੀ ਬੈਠਕ ਦੌਰਾਨ ਵਿਚਾਰਾਂ ਕੀਤੀਆਂ ਗਈਆਂ। ਕੈਟੇਲੋਨੀਆ ਦੇ ਆਗੂਆਂ ਵੱਲੋਂ ਆਜ਼ਾਦੀ ਦੇ ਪੱਖ ’ਚ ਫ਼ਤਵਾ ਹੋਣ ਦਾ ਦਾਅਵਾ ਕੀਤੇ ਜਾਣ ਮਗਰੋਂ ਇਹ ਮਾਮਲਾ ਮੁਲਤਵੀ ਕੀਤੇ ਜਾਣ ਨਾਲ ਦੁਬਿਧਾ ਦਾ ਮਾਹੌਲ ਬਣ ਗਿਆ। ਪ੍ਰਧਾਨ ਮੰਤਰੀ ਮੈਰਿਆਨੋ ਰਾਜੁਆਇ ਨੇ ਅਹਿਦ ਲਿਆ ਕਿ ਉਹ ਖ਼ਿੱਤੇ ਦੀ ਆਜ਼ਾਦੀ ਨੂੰ ਰੋਕਣ ਲਈ ਹਰ ਤਾਕਤ ਦੀ ਵਰਤੋਂ ਕਰਨਗੇ ਜਿਸ ਨਾਲ ਸਪੇਨ ’ਚ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਰਧ ਖੁਦਮੁਖਤਿਆਰ ਖ਼ਿੱਤੇ ਕੈਟੇਲੋਨੀਆ ਦਾ ਸ਼ਾਸਨ ਸਿੱਧੇ ਸਪੇਨ ਸਰਕਾਰ ਦੇ ਹੱਥਾਂ ’ਚ ਲੈ ਸਕਦੇ ਹਨ। ਜੇਕਰ ਇਹ ਕਦਮ ਉਠਾਇਆ ਗਿਆ ਤਾਂ ਮੁਲਕ ’ਚ ਅਸ਼ਾਂਤੀ ਫੈਲ ਸਕਦੀ ਹੈ। ਕੈਟੇਲੋਨੀਆ ਦੇ ਰਾਸ਼ਟਰਪਤੀ ਕਾਰਲਸ ਪੁਇਗਡਿਮੋਂਟ ਦੇ ਸੰਸਦੀ ਭਾਸ਼ਨ ਨੇ ਕਈਆਂ ਨੂੰ ਦੁਬਿਧਾ ’ਚ ਪਾ ਦਿੱਤਾ ਜਦੋਂ ਉਨ੍ਹਾਂ ਇਹ ਆਖ ਦਿੱਤਾ ਕਿ ਕੈਟੇਲੋਨੀਆ ਦੀ ਆਜ਼ਾਦੀ ਦਾ ਮਸਲਾ ਕੁਝ ਸਮੇਂ ਲਈ ਟਾਲਿਆ ਜਾਣਾ ਚਾਹੀਦਾ ਹੈ ਤਾਂ ਜੋ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾ ਸਕੇ। ਹਜ਼ਾਰਾਂ ਲੋਕ ਮੰਗਲਵਾਰ ਸ਼ਾਮ ਨੂੰ ਸੰਸਦ ਦੇ ਬਾਹਰ ਇਕੱਤਰ ਹੋ ਗਏ ਸਨ ਅਤੇ ਕੈਟੇਲੋਨ ਦੇ ਝੰਡੇ ਤੇ ਬੈਨਰ ਲਹਿਰਾਉਂਦੇ ਹੋਏ ਉਹ ਜਮਹੂਰੀਅਤ ਦੇ ਨਾਅਰੇ ਲਾ ਰਹੇ ਸਨ। ਉਨ੍ਹਾਂ ਨੂੰ ਉਮੀਦ ਸੀ ਕਿ ਕੈਟੇਲੋਨੀਆ ਦੇ ਪੱਖ ’ਚ ਕੋਈ ਫ਼ੈਸਲਾ ਆਵੇਗਾ ਪਰ ਉਹ ਨਿਰਾਸ਼ ਹੋ ਗਏ।        

Facebook Comment
Project by : XtremeStudioz