Close
Menu

ਕੈਨੇਡਾ ਵੱਲੋਂ ਲੈਟਵੀਆ ਵਿੱਚ ਨਾਟੋ ਮਿਸ਼ਨ ਦੇ ਪਸਾਰ ਦਾ ਐਲਾਨ

-- 11 July,2018

ਰੀਗਾ, ਲੈਟਵੀਆ,  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਆਖਿਆ ਕਿ ਕੈਨੇਡਾ ਲੈਟਵੀਆ ਵਿਚਲੇ ਆਪਣੇ ਨਾਟੋ ਮਿਸ਼ਨ ਨੂੰ ਹੋਰ ਵਧਾਉਣ ਜਾ ਰਿਹਾ ਹੈ। ਇਹ ਮਿਸ਼ਨ ਮਾਰਚ 2023 ਤੱਕ ਚਾਰ ਸਾਲ ਲਈ ਵਧਾਇਆ ਜਾਵੇਗਾ। ਇਸ ਦੌਰਾਨ ਦੇਸ਼ ਵਿੱਚ ਮੌਜੂਦਾ 455 ਫੌਜੀ ਟੁਕੜੀਆਂ ਦੀ ਥਾਂ ਉੱਤੇ ਫੌਜੀ ਟੁਕੜੀਆਂ ਦੀ ਗਿਣਤੀ 540 ਕੀਤੀ ਜਾਵੇਗੀ।
ਟਰੂਡੋ ਨੇ ਲੈਟਵੀਆ ਦੇ ਪ੍ਰਧਾਨ ਮੰਤਰੀ ਮੈਰਿਸ ਕੁਸਿਨਸਕਿਸ ਨਾਲ ਮੁਲਾਕਾਤ ਤੋਂ ਬਾਅਦ ਮੰਗਲਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਨਾਲ ਸ਼ਾਇਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਧਿਆਨ ਇਸ ਪਾਸੇ ਜਾਵੇ। ਉਨ੍ਹਾਂ ਆਖਿਆ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਤੀਤ ਵਿੱਚ ਜਿਹੋ ਜਿਹਾ ਰਾਹ ਰੂਸ ਵੱਲੋਂ ਚੁਣਿਆ ਗਿਆ ਸੀ ਉਸ ਨਾਲੋਂ ਵਧੇਰੇ ਸਕਾਰਾਤਮਕ ਪਹੁੰਚ ਹੁਣ ਅਪਣਾਵੇ। ਜਿ਼ਕਰਯੋਗ ਹੈ ਕਿ 2014 ਵਿੱਚ ਰੂਸ ਨੇ ਅਚਾਨਕ ਕ੍ਰਿਮੀਆ ਉੱਤੇ ਕਬਜਾ ਕਰ ਲਿਆ ਸੀ ਤੇ ਪੂਰਬੀ ਯੂਕਰੇਨ ਉੱਤੇ ਚੜ੍ਹਾਈ ਬੋਲ ਦਿੱਤੀ ਸੀ। ਅਜਿਹੀ ਸਥਿਤੀ ਮੁੜ ਖੜ੍ਹੀ ਨਾ ਹੋਵੇ ਇਸ ਲਈ ਨਾਟੋ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਕੈਨੇਡਾ ਹਿੱਸਾ ਹੈ।
ਸੋਮਵਾਰ ਨੂੰ ਕੈਨੇਡਾ ਤੋਂ ਰਵਾਨਾ ਹੋਣ ਤੋਂ ਪਹਿਲਾਂ ਟਰੂਡੋ ਨੇ ਨਾਟੋ ਦੇ ਸਕੱਤਰ ਜਨਰਲ ਜੈਨਸ ਸਟੌਟਨਬਰਗ ਨਾਲ ਫੋਨ ਉੱਤੇ ਕੀਤੀ ਗੱਲਬਾਤ ਵਿੱਚ ਇਸ ਗੱਠਜੋੜ ਦੀ ਏਕਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਆਖਿਆ ਕਿ ਡਿਫੈਂਸ ਤੇ ਸਕਿਊਰਿਟੀ ਵਰਗੇ ਮੁੱਦਿਆਂ ਉੱਤੇ ਇਸ ਗੱਠਜੋੜ ਦੀ ਇੱਕਜੁੱਟਤਾ ਦੀ ਕਾਫੀ ਅਹਿਮੀਅਤ ਹੈ।

Facebook Comment
Project by : XtremeStudioz