Close
Menu

ਕੈਪਟਨ ਅਮਰਿੰਦਰ ਸਿੰਘ ਵੱਲੋਂ 1.2 ਲੱਖ ਸਰਕਾਰੀ ਅਸਾਮੀਆਂ ਪੜਾਅਵਾਰ ਭਰਨ ਦੇ ਨਿਰਦੇਸ਼

-- 01 January,2019

ਘਰ-ਘਰ ਰੋਜ਼ਗਾਰ ਸਕੀਮ ਦੇ ਲਈ ਤੁਰੰਤ 5 ਕਰੋੜ ਰੁਪਏ ਜਾਰੀ ਕਰਨ ਅਤੇ ਅਗਲੇ ਵਿੱਤੀ ਸਾਲ ‘ਚ 23 ਕਰੋੜ ਰੁਪਏ ਦਾ ਬਜਟ ਰੱਖਣ ਲਈ ਵਿੱਤ ਵਿਭਾਗ ਨੂੰ ਨਿਰਦੇਸ਼
ਚੰਡੀਗੜ•, 1 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ 1.2 ਲੱਖ ਅਸਾਮੀਆਂ ਨੂੰ ਪੜਾਅਵਾਰ ਤਰੀਕੇ ਨਾਲ ਭਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਇਸ ਦੇ ਨਾਲ ਹੀ ਉਨ•ਾਂ ਨੇ ਪਹਿਲੇ ਪੜਾਅ ਦੌਰਾਨ ਸਿਹਤ, ਸਿੱਖਿਆ ਅਤੇ ਡਾਕਟਰੀ ਸਿੱਖਿਆ ਤੇ ਖੋਜ ਵਰਗੇ ਵਿਭਾਗਾਂ ਵਿੱਚ ਖਾਲੀ ਅਹਿਮ ਅਸਾਮੀਆਂ ਭਰਨ ਲਈ ਆਖਿਆ ਹੈ।
ਮੁੱਖ ਮੰਤਰੀ ਨੇ ਇਹ ਨਿਰਦੇਸ਼ ਸੂਬਾ ਸਰਕਾਰ ਦੀ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੌਰਾਨ ਇਕ ਉੱਚ ਪਧਰੀ ਮੀਟਿੰਗ ਵਿੱਚ ਜਾਰੀ ਕੀਤੇ।
ਮੁੱਖ ਮਤੰਰੀ ਨੇ ਸਰਕਾਰੀ ਅਸਾਮੀਆਂ ਭਰਨ ਲਈ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਰੂਪ-ਰੇਖਾ ਤਿਆਰ ਕਰਨ ਲਈ ਆਖਿਆ ਹੈ। ਜਾਇਜ਼ਾ ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵਿੱਚ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੇ ਬਾਰੇ ਮੁੱਖ ਸਕੱਤਰ ਨੂੰ ਆਪਣੀ ਅਗਵਾਈ ਵਾਲੀ ਅਫਸਰ ਕਮੇਟੀ ਵਿੱਚ ਪ੍ਰਸ਼ਾਸਕੀ ਸਕੱਤਰਾਂ ਦੇ ਨਾਲ ਮੀਟਿੰਗ ਕਰਨ ਲਈ ਕਿਹਾ ਹੈ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਹੁਨਰ ਸਿਖਲਾਈ ਅਤੇ ਨੌਕਰੀਆਂ ਸਬੰਧੀ ਯੋਗਤਾ ਵਿੱਚਲੇ ਪਾੜੇ ਨੂੰ ਪੂਰਨ ਲਈ ਹੁਨਰ ਵਿਕਾਸ ਮਿਸ਼ਨ ਅਤੇ ਰੋਜ਼ਗਾਰ ਉਤਪੱਤੀ ਤੇ ਸਿਖਲਾਈ ਵਿਭਾਗ (ਡੀ.ਈ.ਜੀ.ਟੀ) ਵਿਚਕਾਰ ਵਧੀਆ ਤਾਲਮੇਲ ਅਤੇ ਇਕਸੁਰਤਾ ‘ਤੇ ਜ਼ੋਰ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਘਰੇਲੂ ਉਦਯੋਗ ਵਿੱਚ ਨੌਜਵਾਨਾਂ ਨੂੰ ਲਾਹੇਵੰਦ ਰੋਜ਼ਗਾਰ ਪ੍ਰਾਪਤ ਕਰਨ ਦੇ ਲਈ ਲੈਸ ਕਰਨ ਵਾਸਤੇ ਹੋਰ ਵਿਸ਼ੇਸ਼ ਤਕਨੀਕੀ ਸਿਖਲਾਈ ਅਤੇ ਵੋਕੇਸ਼ਨਲ ਗਾਈਡੈਂਸ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ। ਉਨ•ਾਂ ਨੇ ਨੌਕਰੀਆਂ ਵਾਸਤੇ ਉਭਰ ਰਹੀਆਂ ਨਵੀਆਂ ਜ਼ਰੂਰਤਾਂ ਦੀ ਲੀਹ ‘ਤੇ ਅਰਧ ਹੁਨਰਮੰਦਾਂ ਅਤੇ ਗੈਰ ਹੁਨਰਮੰਦਾਂ ਨੂੰ ਨਤੀਜਾ ਮੁੱਖੀ ਸਿਖਲਾਈ ਦੇਣ ਵਾਸਤੇ ਹੁਨਰ ਵਿਕਾਸ ਮਿਸ਼ਨ ਦੇ ਤਾਲਮੇਲ ਨਾਲ ਵਿਸ਼ੇਸ਼ ਸਿਖਲਾਈ ਸਬੰਧੀ ਵੀ ਜ਼ੋਰ ਦਿੱਤਾ।
ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉਤਪੱਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਡੀ.ਈ.ਜੀ.ਟੀ ਵੱਲੋਂ ਆਯੋਜਿਤ ‘ਓਵਰਸੀਜ਼ ਇੰਪਲਾਈਮੈਂਟ ਕੈਂਪ’ ਦੌਰਾਨ ਵਿਦੇਸ਼ੀ ਕੰਪਨੀਆਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਲਈ 30 ਹਜ਼ਾਰ ਨੌਜਵਾਨਾਂ ਨੇ ਨਿਵੇਦਨ ਦਿੱਤਾ। ਇਸ ਕੈਂਪ ਵਿੱਚ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਨੇ 5000 ਨੌਕਰੀਆਂ ਵਾਸਤੇ ਖਾਹਿਸ਼ਮੰਦਾਂ ਦੀ ਚੋਣ ਲਈ ਸ਼ਮੂਲੀਅਤ ਕੀਤੀ ਪਰ ਸਿਰਫ 500 ਦੀ ਹੀ ਚੋਣ ਹੋਈ ਜਿਸ ਤੋਂ ਉਮੀਦਵਾਰਾਂ ਦੀ ਹੁਨਰ ਸਿਖਲਾਈ ਅਤੇ ਨੌਕਰੀ ਦੀ ਯੋਗਤਾ ਵਿਚਲੇ ਪਾੜੇ ਦਾ ਪ੍ਰਗਟਾਵਾ ਹੁੰਦਾ ਹੈ।
ਮੰਤਰੀ ਵੱਲੋਂ ਉਠਾਈ ਗਈ ਮੰਗ ਨੂੰ ਪ੍ਰਵਾਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਹੇਠ ਵੱਖ-ਵੱਖ ਸਕੀਮਾਂ ਨੂੰ ਚਲਾਉਣ ਲਈ ਤੁਰੰਤ 5 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਵਾਸਤੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ। ਉਨ•ਾਂ ਨੇ ਅਗਲੇ ਵਿੱਤੀ ਸਾਲ ਦੌਰਾਨ 23 ਕਰੋੜ ਰੁਪਏ ਦੀ ਵਿੱਤੀ ਵਿਵਸਥਾ ਕਰਨ ਲਈ ਵੀ ਵਿੱਤ ਵਿਭਾਗ ਨੂੰ ਆਖਿਆ।
ਮੁੱਖ ਮੰਤਰੀ ਨੇ ਸਰਕਾਰ ਦੀਆਂ ਵੱਖ-ਵੱਖ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਪਹਿਲਕਦਮੀਆਂ ਨੂੰ ਫਾਇਨਾਂਸ ਕਰਨ ਲਈ ਪੰਜਾਬ ਟੈਕਨੀਕਲ ਐਜੂਕੈਸ਼ਨ ਬੋਰਡ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਫੰਡਾਂ ਦੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉਤਪਤੀ ਸਕੱਤਰ ਡੀ.ਕੇ ਤਿਵਾੜੀ ਨੂੰ ਆਖਿਆ। ਮੁੱਖ ਮੰਤਰੀ ਨੇ ਫਰਵਰੀ ਵਿੱਚ ਸੂਬਾ ਪੱਧਰੀ ਮੈਗਾ ਨੌਕਰੀ ਮੇਲਾ ਲਾਉਣ ਵਾਸਤੇ ਵੀ ਸਹਿਮਤੀ ਵੀ ਦਿੱਤੀ।
ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਹੇਠ ਅੱਜ ਤੱਕ 4.53 ਲੱਖ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਹਨ। ਇਨ•ਾਂ ਵਿੱਚੋਂ 37 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਅਤੇ 1 ਲੱਖ 30 ਹਜ਼ਾਰ ਨੂੰ ਨਿੱਜੀ ਸੈਕਟਰ ਵਿੱਚ ਨੌਕਰੀਆਂ ਮੁਹੱਈਆ ਕਰਵਾਉਣ ਤੋਂ ਇਲਾਵਾ 2.86 ਲੱਖ ਨੂੰ ਵੱਖ-ਵੱਖ ਸਵੈ-ਰੋਜ਼ਗਾਰ ਸਕੀਮਾਂ ਹੇਠ ਮਦਦ ਮੁਹੱਈਆ ਕਰਵਾਈ ਗਈ ਹੈ।
ਰੋਜ਼ਗਾਰ ਉਤਪਤੀ ਅਤੇ ਸਿਖਲਾਈ ਕਮਿਸ਼ਨਰ ਰਾਹੁਤ ਤਿਵਾੜੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪ੍ਰਕਿਰਿਆ ਦੇ ਵਾਸਤੇ ਸੁਵਿਧਾ ਪ੍ਰਦਾਨ ਕਰਨ ਲਈ ਛੇਤੀ ਹੀ ਇਕ ਸਮਰਪਿਤ ਇੰਪਲਾਈਮੈਂਟ ਐਂਡ ਫੋਰਨ ਸਟਡੀ ਫੈਸੀਲਿਟੇਸ਼ਨ ਡੇਸਕ ਨੂੰ ਕਾਰਜ਼ਸ਼ੀਲ ਕੀਤਾ ਜਾਵੇਗਾ। ਉਨ•ਾਂ ਇਹ ਵੀ ਦੱਸਿਆ ਕਿ ਨੌਕਰੀ ਪ੍ਰਾਪਤ ਕਰਨ ਵਾਲਿਆਂ ਵਿਚਕਾਰ ਵਧ ਤੋਂ ਵਧ ਪਹੁੰਚ ਨੂੰ ਯਕੀਨੀ ਬਣਾਉਣ ਦੇ ਲਈ ਇਕ ਪੰਜਾਬ ਜੌਬ ਹੈਲਪਲਾਈਨ ਅਤੇ ਇਕ ਫੁੱਲ-ਫਲੈਜਡ ਡਿਜੀਟਲ ਐਂਡ ਸੋਸ਼ਲ ਮੀਡੀਆ ਪਲੇਟਫਾਰਮ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਅਤੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਗਿਰੀਸ਼ ਦਿਆਲਨ ਸ਼ਾਮਲ ਸਨ।

Facebook Comment
Project by : XtremeStudioz