Close
Menu

ਕੈਪਟਨ ਤੇ ਜਾਖੜ ਵਿਚਾਲੇ ਦੂਰੀਆਂ ਘਟਾਉਣ ਦੇ ਯਤਨ

-- 14 April,2018

ਚੰਡੀਗੜ੍ਹ, 14 ਅਪਰੈਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਿਚਾਲੇ ਦੂਰੀਆਂ ਘਟਾਉਣ ਅਤੇ ਵਧਾਉਣ ਵਾਲਿਆਂ ਵੱਲੋਂ ਬਰਾਬਰ ਦੇ ਯਤਨ ਕੀਤੇ ਜਾ ਰਹੇ ਹਨ।  ਜੇ ਦੂਰੀਆਂ ਘਟਾਉਣ ਵਾਲਿਆ ਦੇ ਯਤਨ ਸਿਰੇ ਚੜ੍ਹ ਗਏ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਭਲਕੇ ਜਲੰਧਰ ਵਿੱਚ ਡਾ.ਬੀ.ਆਰ.ਅੰਬੇਦਕਰ ਦੇ ਜੈਅੰਤੀ ਸਮਾਗਮ ਵਿੱਚ ਸ਼ਾਮਲ ਹੋਣਗੇ ਤੇ  ਇਸ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋਣਗੇ। ਜੇਕਰ ਦੋਵੇਂ ਆਗੂ ਸਮਾਗਮ ਵਿੱਚ ਸ਼ਾਮਲ ਹੋ ਗਏ ਤਾਂ ਪੰਜਾਬ ਵਜ਼ਾਰਤ ਵਿੱਚ ਵਾਧੇ ਦੀ ਗੱਲ ਵੀ ਅੱਗੇ ਤੁਰ ਪਵੇਗੀ ਨਹੀਂ ਤਾਂ ਮਾਮਲਾ ਖਟਾਈ ਵਿੱਚ ਪੈ ਜਾਵੇਗਾ। ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਦੋਵਾਂ ਆਗੂਆਂ ਨੂੰ ਨੇੜੇ ਲਿਆਉਣ ਲਈ ਯਤਨ ਜਾਰੀ ਹਨ ਤੇ ਇਸ ਮਾਮਲੇ ਵਿੱਚ ਇਕ ਸੀਨੀਅਰ ਮੰਤਰੀ ਦੀ ਮੁੱਖ ਮੰਤਰੀ ਨਾਲ ਅੱਜ ਮੀਟਿੰਗ ਵੀ ਹੋਈ ਹੈ, ਇਸ ਵਿੱਚ ਇਕ ਸੀਨੀਅਰ ਅਧਿਕਾਰੀ ਵੀ ਸ਼ਾਮਲ ਸੀ। ਜੇਕਰ ਦੋਵਾਂ ਆਗੂਆਂ ਵਿਚਾਲੇ ਅੱਜ ਰਾਤ ਜਾਂ ਭਲਕੇ ਸਮਾਗਮ ਵਿੱਚ ਗੱਲਬਾਤ ਨਿੱਬੜ ਜਾਂਦੀ ਹੈ ਤਾਂ ਉਥੋਂ ਹੀ ਦੋਵੇਂ ਆਗੂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਲਈ ਦਿੱਲੀ ਰਵਾਨਾ ਹੋ ਸਕਦੇ ਹਨ। ਇਹ ਵੀ ਪਤਾ ਲੱਗਾ ਹੈ ਕਿ 15 ਅਪਰੈਲ ਨੂੰ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਦਾ ਸਮਾਂ ਮਿਲ ਸਕਦਾ ਹੈ ਤੇ ਵਜ਼ਾਰਤ ਵਿੱਚ ਵਾਧੇ ਦਾ ਰਾਹ ਪੱਧਰਾ ਹੋ ਸਕਦਾ ਹੈ।
ਇਸ ਦੇ ਨਾਲ ਹੀ ਜੇਕਰ ਦੋਵਾਂ ਆਗੂਆਂ ਵਿਚਾਲੇ ਦੂਰੀਆਂ ਵਧਾਉਣ ਵਾਲਿਆਂ ਦਾ ਪੱਲੜਾ ਭਾਰੀ ਰਿਹਾ ਤਾਂ ਮਾਮਲਾ ਹੋਰ ਖਟਾਈ ਵਿੱਚ ਪੈ ਸਕਦਾ ਹੈ। ਇਸ ਲਈ ਭਲਕ ਦਾ ਦਿਨ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

Facebook Comment
Project by : XtremeStudioz