Close
Menu

ਕੈਪਟਨ ਵੱਲੋਂ ਬੇਅੰਤ ਸਿੰਘ ਪਰਿਵਾਰ ਨੂੰ ਤੋਹਫ਼ਾ

-- 18 May,2017

ਚੰਡੀਗੜ੍ਹ, ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪਰਿਵਾਰ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕੱਸ ਲਈ ਹੈ। ਮਰਹੂਮ ਮੁੱਖ ਮੰਤਰੀ ਦੇ ਪੋਤਰੇ ਗੁਰਇਕਬਾਲ ਸਿੰਘ, ਜੋ ਕਿ ਸੁਖਵੰਤ ਸਿੰਘ ਕੋਟਲੀ ਦਾ ਪੁੱਤਰ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਛੋਟਾ ਭਰਾ ਹੈ, ਨੂੰ ਪੰਜਾਬ ਪੁਲੀਸ ਵਿੱਚ ਡੀਐਸਪੀ ਦੀ ਨੌਕਰੀ ਮਿਲੇਗੀ। ਗ੍ਰਹਿ ਵਿਭਾਗ ਦੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਡੀਜੀਪੀ ਵੱਲੋਂ ਨਿਯੁਕਤੀ ਸਬੰਧੀ ਤਜਵੀਜ਼ ਭੇਜ ਦਿੱਤੀ ਗਈ ਹੈ। ਗ੍ਰਹਿ ਵਿਭਾਗ ਦੇ ਇੱਕ ਅਧਿਕਾਰੀ ਦਾ ਦੱਸਣਾ ਹੈ ਕਿ ਮਰਹੂਮ ਮੁੱਖ ਮੰਤਰੀ ਦੇ ਪੋਤਰੇ ਨੂੰ ਬਿਨਾਂ ਪ੍ਰੀਖਿਆ ਤੇ ਹੋਰ ਸ਼ਰਤਾਂ ਦੀ ਛੋਟ ਦੇ ਕੇ ਹੀ ਡੀਐਸਪੀ ਦੀਆਂ ਫੀਤੀਆਂ ਨਹੀਂ ਲਾਈਆਂ ਜਾ ਰਹੀਆਂ, ਸਗੋਂ ਉਮਰ ਵਿੱਚ ਵੀ ਛੋਟ ਦਿੱਤੀ ਜਾਵੇਗੀ। ਨੌਕਰੀ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਇਹ ਮਾਮਲਾ ਜਲਦੀ ਹੀ ਮੰਤਰੀ ਮੰਡਲ ਨੂੰ ਭੇਜਿਆ ਜਾਵੇਗਾ।
ਪੁਲੀਸ ਨਿਯਮਾਂ ਮੁਤਾਬਕ ਡੀਐਸਪੀ ਦੀ ਭਰਤੀ ਲਈ ਘੱਟੋ ਘੱਟ ਉਮਰ 21 ਸਾਲ ਤੇ ਉਪਰਲੀ ਹੱਦ 28 ਸਾਲ ਹੋਣੀ ਚਾਹੀਦੀ ਹੈ। ਸਰਕਾਰ ਨੂੰ ਦਿੱਤੀ ਅਰਜ਼ੀ ਵਿੱਚ ਜੋ ਵੇਰਵੇ ਦਿੱਤੇ ਗਏ ਹਨ ਉਨ੍ਹਾਂ ਅਨੁਸਾਰ ਗੁਰਇਕਬਾਲ ਸਿੰਘ ਦੀ ਜਨਮ ਮਿਤੀ 1 ਸਤੰਬਰ, 1998 ਮੁਤਾਬਕ ਉਮਰ 28 ਸਾਲ 7 ਮਹੀਨੇ ਤੇ 21 ਦਿਨ ਪਹਿਲੀ ਜਨਵਰੀ 2017 ਨੂੰ ਬਣਦੀ ਹੈ। ਇਸ ਨੌਜਵਾਨ ਨੇ ਤਾਮਿਲ ਨਾਡੂ ਦੀ ‘ਪੇਰੀਆਰ ਯੂਨੀਵਰਸਿਟੀ’ ਤੋਂ ਬੀ. ਕੌਮ. ਤੱਕ ਦੀ ਪੜ੍ਹਾਈ ਕੀਤੀ ਹੋਈ ਹੈ। ਗੁਰਇਕਬਾਲ ਸਿੰਘ ਨੂੰ ਨੌਕਰੀ ਦੇਣ ਦਾ ਮੁੱਖ ਆਧਾਰ ਇਹੀ ਬਣਾਇਆ ਗਿਆ ਹੈ ਕਿ ਬੇਅੰਤ ਸਿੰਘ ਨੇ ਪੰਜਾਬ ਵਿੱਚ ਅਮਨ ਸ਼ਾਂਤੀ ਲਿਆਉਣ ਲਈ ਸ਼ਹਾਦਤ ਦਿੱਤੀ। ਸਰਕਾਰ ਨੂੰ ਦਿੱਤੀ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਮੁੱਖ ਮੰਤਰੀ ਦੀ ਮੌਤ ਤੋਂ ਬਾਅਦ ਰਾਜ ਸਰਕਾਰ ਦੇ ਕਿਸੇ ਵਿਭਾਗ ਵਿੱਚ ਨੌਕਰੀ ਨਹੀਂ ਲਈ। ਯਾਦ ਰਹੇ ਕਿ ਕਾਂਗਰਸ ਪਾਰਟੀ ਨੇ ਬੇਅੰਤ ਸਿੰਘ ਦੀ ਕਾਂਗਰਸ ਅਤੇ ਪੰਜਾਬ ਨੂੰ ਦੇਣ ਦੀ ਕਦਰ ਕਰਦਿਆਂ ਮਰਹੂਮ ਮੁੱਖ ਮੰਤਰੀ ਦੇ ਪੁੱਤਰ ਤੇਜ ਪ੍ਰਕਾਸ਼ ਸਿੰਘ ਨੂੰ ਦੋ ਵਾਰੀ ਤੇ ਪੁੱਤਰੀ ਗੁਰਕੰਵਲ ਕੌਰ ਨੂੰ ਇੱਕ ਵਾਰੀ ਵਜ਼ੀਰ ਬਣਾਇਆ। ਬੇਅੰਤ  ਸਿੰਘ ਦਾ ਵੱਡਾ ਪੋਤਰਾ ਗੁਰਕੀਰਤ ਸਿੰਘ ਹੁਣ ਦੂਜੀ ਵਾਰ ਖੰਨਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣਿਆ ਗਿਆ ਹੈ। ਇਸੇ ਤਰ੍ਹਾਂ ਰਵਨੀਤ ਸਿੰਘ ਬਿੱਟੂ ਸਾਲ 2009 ਵਿੱਚ ਆਨੰਦਪੁਰ ਸਾਹਿਬ ਤੇ 2014 ਵਿੱਚ ਲੁਧਿਆਣਾ ਸੰਸਦੀ ਹਲਕੇ ਤੋਂ ਮੈਂਬਰ ਚੁਣਿਆ ਗਿਆ ਸੀ।
ਸਰਕਾਰ ਨੂੰ ਦਿੱਤੀ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਜਦੋਂ ਬੇਅੰਤ ਸਿੰਘ ਦੀ ਹੱਤਿਆ ਹੋਈ ਤਾਂ ਗੁਰਇਕਬਾਲ ਸਿੰਘ ਦੀ ਉਮਰ ਛੋਟੀ ਸੀ ਤੇ ਪਰਿਵਾਰ ਲਗਾਤਾਰ ਅਤਿਵਾਦ ਦੀ ਦਹਿਸ਼ਤ ਦੇ ਸਾਏ ਹੇਠ ਹੀ ਰਹਿ ਰਿਹਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪ੍ਰਭਾਵਸ਼ਾਲੀ ਪਰਿਵਾਰਾਂ ਦੇ ਮੈਂਬਰਾਂ ਨੂੰ ਅਤਿਵਾਦ ਪੀੜਤ ਜਾਂ ਤਰਸ ਦੇ ਅਧਾਰ ’ਤੇ ਡੀਐਸਪੀ ਵਰਗੀਆਂ ਵੱਡੀਆਂ ਅਸਾਮੀਆਂ ’ਤੇ ਭਰਤੀ ਕੀਤਾ ਜਾਂਦਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਮੌੜ ਵਿੱਚ ਹੋਏ ਹਾਦਸੇ ਤੋਂ ਪਹਿਲਾਂ ਵੀ ਪਠਾਨਕੋਟ ਅਤੇ ਦੀਨਾਨਗਰ ਵਰਗੇ ਵੱਡੇ ਅਤਿਵਾਦੀ ਦੁਖਾਂਤ ਵਾਪਰੇ। ਇਸ ਦੌਰਾਨ ਕਈ ਸੈਨਿਕਾਂ ਅਤੇ ਮੁਲਾਜ਼ਮਾਂ ਨੇ ਕੁਰਬਾਨੀਆਂ ਦਿੱਤੀਆਂ। ਛੋਟੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਲਈ ਅਕਸਰ ਖੱਜਲ ਖੁਆਰ ਹੀ ਹੋਣਾ ਪੈਂਦਾ ਹੈ।

‘ਇੱਕ ਘਰ ਇੱਕ ਨੌਕਰੀ’ ਦਾ ਅਜਬ ਆਗਾਜ਼
ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਭਰਮਾਉਣ ਲਈ ‘ਹਰ ਘਰ ਇੱਕ ਨੌਕਰੀ’ ਦਾ ਨਾਅਰਾ ਦਿੱਤਾ ਸੀ। ਇਸ ਨਾਅਰੇ ’ਤੇ ਭਾਵੇਂ ਰਾਜਸੀ ਤੌਰ ’ਤੇ ਅਮਲ ਅਜੇ ਸ਼ੁਰੂ ਨਹੀਂ ਹੋਇਆ, ਪਰ ਪ੍ਰਸ਼ਾਸਕੀ ਹਲਕਿਆਂ ਵਿੱਚ ਚਰਚਾ ਹੈ ਕਿ ਇਸ ਵਾਅਦੇ ਨੂੰ ਨਿਭਾਉਣ ਦਾ ਮੁੱਢ ਰਸੂਖਵਾਨ ਪਰਿਵਾਰਾਂ ਤੋਂ ਬੰਨ੍ਹਿਆ ਜਾ ਰਿਹਾ ਹੈ।

Facebook Comment
Project by : XtremeStudioz