Close
Menu

ਖਹਿਰਾ ਵੱਲੋਂ ਕੈਪਟਨ ਗੈਰਹਾਜ਼ਰ ਮੁੱਖ ਮੰਤਰੀ ਕਰਾਰ

-- 12 June,2018

ਚੰਡੀਗੜ੍ਹ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਵਿਧਾਨ ਅਤੇ ਲੋਕਤੰਤਰ ਨੂੰ ਛਿੱਕੇ ਟੰਗ ਕੇ ਮਨਮਰਜ਼ੀਆਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਗੈਰਹਾਜ਼ਰ ਮੁੱਖ ਮੰਤਰੀ ਹਨ, ਜੋ ਵਿਦੇਸ਼ੀ ਮਿੱਤਰਾਂ ਨਾਲ ਛੁੱਟੀਆਂ ਮਨਾ ਰਹੇ ਹਨ ਜਦਕਿ ਪੰਜਾਬ ਜ਼ਹਿਰੀਲੇ ਪਾਣੀਆਂ, ਭ੍ਰਿਸ਼ਟਾਚਾਰ, ਡਰੱਗ ਦੇ ਕੋਹੜ, ਬੇਰੁਜ਼ਗਾਰੀ, ਕਿਸਾਨਾਂ ਦੀਆਂ ਖੁਦਕੁਸ਼ੀਆਂ ਆਦਿ ਮੁੱਦਿਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੰਭੀਰ ਮੁੱਦਿਆਂ ਨਾਲ ਨਜਿੱਠਣ ਦੀ ਥਾਂ ਕੈਪਟਨ ਗੈਰ-ਚੁਣੇ ਸਿਆਸਤਦਾਨਾਂ ਅਤੇ ਕੁਝ ਚਹੇਤੇ ਅਫਸਰਾਂ ਦੀ ਜੁੰਡਲੀ ਰਾਹੀਂ ਰਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੈਂਸਰ, ਹੈਪੇਟਾਈਟਸ ਆਦਿ ਗੰਭੀਰ ਬੀਮਾਰੀਆਂ ਫੈਲਾ ਰਹੇ ਪਾਣੀਆਂ ਵਿਚਲੇ ਪ੍ਰਦੂਸ਼ਣ ਸਬੰਧੀ ਕੈਪਟਨ ਦਾ ਢਿੱਲਾ ਰਵੱਈਆ ਇਸ ਦੀ ਤਾਜ਼ਾ ਮਿਸਾਲ ਹੈ।
ਸ੍ਰੀ ਖਹਿਰਾ ਨੇ ਕਿਹਾ ਕਿ ਸਰਕਾਰੀ ਕੋਠੀ ਵਿੱਚ ਮਿਆਦ ਤੋਂ ਵੱਧ ਸਮਾਂ ਰਹਿਣ ਵਾਲੀ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਰਜਿੰਦਰ ਕੌਰ ਭੱਠਲ ਦੇ 84 ਲੱਖ ਰੁਪਏ  ਮੁਆਫ਼ ਕੀਤੇ ਜਾਣ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਸਿੱਧਾ ਪੰਜਾਬ ਪੁਲੀਸ ਵਿੱਚ ਡੀ.ਐੱਸ.ਪੀ ਨਿਯੁਕਤ ਕੀਤਾ ਜਾਣਾ ਵੀ ਗੈਰਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਹੁਣ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਲੰਘਣਾ ਕਰਨ ਜਾ ਰਹੇ ਹਨ, ਜਿਸ ਵਿੱਚ ਸਾਰੇ ਸਾਬਕਾ ਮੁੱਖ ਮੰਤਰੀਆਂ ਨੂੰ ਸਰਕਾਰੀ ਕੋਠੀਆਂ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਦੂਜੇ ਪਾਸੇ ਕੈਪਟਨ ਹੁਣ ਬੀਬੀ ਭੱਠਲ ਨੂੰ ਪਲਾਨਿੰਗ ਬੋਰਡ ਦੀ ਵਾਈਸ ਚੇਅਰਪਰਸਨ ਸਿਰਫ ਇਸ ਲਈ ਬਣਾਉਣ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਸੈਕਟਰ 2 ਚੰਡੀਗੜ੍ਹ ਵਿਚਲੀ ਮੰਤਰੀਆਂ ਵਾਲੀ ਸਰਕਾਰੀ ਕੋਠੀ ਛੱਡਣੀ ਨਾ ਪਵੇ।

Facebook Comment
Project by : XtremeStudioz