Close
Menu

ਖ਼ਸ਼ੋਗੀ ਦੇ ਸਰੀਰ ਦੇ ਟੁਕੜੇ ਲਿਜਾਂਦਿਆਂ ਦੀ ਸੀਸੀਟੀਵੀ ਫੁਟੇਜ ਜਾਰੀ

-- 31 December,2018

ਅੰਕਾਰਾ, 31 ਦਸੰਬਰ
ਤੁਰਕੀ ਦੇ ਟੈਲੀਵਿਜ਼ਨ ਚੈਨਲ ਨੇ ਸੀਸੀਟੀਵੀ ਦੀ ਫੁਟੇਜ ਪ੍ਰਸਾਰਿਤ ਕੀਤੀ ਹੈ, ਜਿਸ ਵਿੱਚ ਕੁਝ ਆਦਮੀ ਸੂਟਕੇਸ ਤੇ ਬੈਗ ਚੁੱਕੀ ਲਿਜਾ ਰਹੇ ਹਨ। ਚੈਨਲ ਮੁਤਾਬਕ ਇਨ੍ਹਾਂ ਸੂਟਕੇਸਾਂ ਤੇ ਬੈਗਾਂ ਵਿੱਚ ਮਰਹੂਮ ਸਾਊਦੀ ਪੱਤਰਕਾਰ ਜਮਾਲ ਖ਼ਸ਼ੋਗੀ ਦੇ ਸਰੀਰ ਦੇ ਅੰਗ ਹਨ।
ਏ-ਹੈਬਰ ਟੈਲੀਵਿਜ਼ਨ ਵੱਲੋਂ ਐਤਵਾਰ ਦੇਰ ਰਾਤ ਪ੍ਰਸਾਰਤ ਕੀਤੀਆਂ ਇਨ੍ਹਾਂ ਤਸਵੀਰਾਂ ’ਚ ਤਿੰਨ ਵਿਅਕਤੀ ਪੰਜ ਸੂਟਕੇਸ ਤੇ ਦੋ ਵੱਡੇ ਕਾਲੇ ਰੰਗ ਦੇ ਬੈਗ ਚੁੱਕੀ ਇਸਤੰਬੁਲ ਵਿੱਚ ਸਾਊਦੀ ਕੌਂਸੁਲ ਦੇ ਘਰ ਵਿੱਚ ਦਾਖ਼ਲ ਹੁੰਦੇ ਵਿਖਾਈ ਦੇ ਰਹੇ ਹਨ। ਸਾਊਦੀ ਕੌਂਸੁਲ ਦੀ ਰਿਹਾਇਸ਼ ਸਾਊਦੀ ਕੌਂਸੁਲੇਟ ਤੋਂ ਕੋਈ ਬਹੁਤੀ ਦੂਰ ਨਹੀਂ, ਜਿੱਥੇ ਲੰਘੇ ਅਕਤੂੁਬਰ ਮਹੀਨੇ ਖ਼ਸ਼ੋਗੀ ਨੂੰ ਕਤਲ ਕਰ ਦਿੱਤਾ ਗਿਆ ਸੀ। ਏ-ਹੈਬਰ ਨੇ ਅਨਾਮ ਤੁਰਕ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਸੂਟਕੇਸਾਂ ਤੇ ਬੈਗਾਂ ਵਿੱਚ ਖ਼ਸ਼ੋਗੀ ਦੇ ਸਰੀਰ ਦੇ ਟੁਕੜੇ ਟੁਕੜੇ ਕੀਤੇ ਅੰਗ ਹਨ।
ਯਾਦ ਰਹੇ ਕਿ ਵਾਸ਼ਿੰਗਟਨ ਪੋਸਟ ਲਈ ਕੰਮ ਕਰਦਾ ਖ਼ਸ਼ੋਗੀ 2 ਅਕਤੂਬਰ ਨੂੰ ਇਸਤੰਬੁਲ ਸਥਿਤ ਸਾਊਦੀ ਸਫ਼ਾਰਤਖਾਨੇ ਵਿੱਚ ਆਪਣਾ ਪਾਸਪੋਰਟ ਲੈਣ ਲਈ ਗਿਆ, ਰਹੱਸਮਈ ਤਰੀਕੇ ਨਾਲ ਲਾਪਤਾ ਹੋ ਗਿਆ ਸੀ। ਤੁਰਕ ਅਧਿਕਾਰੀਆਂ ਮੁਤਾਬਕ ਖ਼ਸ਼ੋਗੀ ਨੂੰ ਸਾਊਦੀ ਸਫ਼ਾਰਤਖਾਨੇ ਵਿੱਚ ਗਲਾ ਘੁੱਟ ਕੇ ਮਾਰਨ ਮਗਰੋਂ ਸਾਊਦੀ ਅਰਬ ਤੋਂ ਆਈ 15 ਮੈਂਬਰੀ ਟੀਮ ਨੇ ਉਹਦੇ ਸਰੀਰ ਨੂੰ ਛੋਟੇ ਛੋਟੇ ਟੁਕੜਿਆਂ ’ਚ ਕੱਟ ਦਿੱਤਾ। ਅਜਿਹੀਆਂ ਮੀਡੀਆ ਰਿਪੋਰਟਾਂ ਵੀ ਸਨ ਕਿ ਸਰੀਰ ਦੇ ਕੁਝ ਅੰਗਾਂ ਨੂੰ ਰਸਾਇਣ ਨਾਲ ਗਾਲ ਦਿੱਤਾ ਗਿਆ ਹੈ।
ਤੁਰਕੀ ਸਰਕਾਰ ਨੇ ਹਾਲਾਂਕਿ ਕੌਂਸੁਲੇਟ ਦਫ਼ਤਰ ਤੇ ਕੌਂਸੁਲੇਟ ਰਿਹਾਇਸ਼ ਦੀ ਤਲਾਸ਼ੀ ਵੀ ਲਈ, ਪਰ ਖ਼ਸ਼ੋਗੀ ਦੀ ਦੇਹ ਅਜੇ ਤਕ ਹੱਥ ਨਹੀਂ ਲੱਗੀ।

Facebook Comment
Project by : XtremeStudioz