Close
Menu

ਚਿੱਟ ਫੰਡ ਘੁਟਾਲਾ: ਭੰਗੂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

-- 14 September,2018

ਨਵੀਂ ਦਿੱਲੀ, ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 48000 ਕਰੋੜ ਰੁਪਏ ਦੇ ਚਿੱਟ ਫੰਡ ਘੁਟਾਲੇ ਦੇ ਕੇਸ ਵਿੱਚ ਪਰਲਜ਼ ਗਰੁਪ ਤੇ ਇਸ ਦੇ ਮੁਖੀ ਨਿਰਮਲ ਸਿੰਘ ਭੰਗੂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰਵਾ ਦਿੱਤੀ ਹੈ। ਈਡੀ ਵੱਲੋਂ ਇੱਥੋਂ ਦੀ ਇਕ ਵਿਸ਼ੇਸ਼ ਅਦਾਲਤ ਵਿੱਚ ਕਾਲੇ ਧਨ ਵਿਰੋਧੀ ਕਾਨੂੰਨ ਪੀਐਮਐਲਏ ਤਹਿਤ ਦਾਖ਼ਲ ਕਰਵਾਈ ਚਾਰਜਸ਼ੀਟ ਵਿੱਚ ਭੰਗੂ ਤੋਂ ਇਲਾਵਾ ਉਸ ਦੇ ਕਈ ਸਹਿਕਰਮੀ ਤੇ ਬਹੁਤ ਸਾਰੇ ਕਮਿਸ਼ਨ ਏਜੰਟਾਂ ਦੇ ਨਾਂ ਸ਼ਾਮਲ ਹਨ। ਭੰਗੂ ਇਸ ਵੇਲੇ ਨਿਆਂਇਕ ਹਿਰਾਸਤ ਵਿੱਚ ਹੈ। ਈਡੀ ਨੇ ਸੀਬੀਆਈ ਦੇ ਕੇਸ ਦੇ ਆਧਾਰ ’ਤੇ 2015 ਵਿੱਚ ਇਕ ਐਫਆਈਆਰ ਦਰਜ ਕਰ ਕੇ ਜਨਵਰੀ ਮਹੀਨੇ ਪਰਲਜ਼ ਗਰੁਪ ਤੇ ਭੰਗੂ ਦੇ ਆਸਟਰੇਲੀਆ ਵਿਚਲੇ 472 ਕਰੋੜ ਰੁਪਏ ਦੇ ਅਸਾਸੇ ਅਟੈਚ ਕਰ ਦਿੱਤੇ ਸਨ। ਸੀਬੀਆਈ ਨੇ 2016 ਵਿੱਚ ਨਿਰਮਲ ਸਿੰਘ ਭੰਗੂ ਤੇ ਉਸ ਦੇ ਤਿੰਨ ਸਹਿਕਰਮੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ’ਤੇ ਰੀਅਲ ਅਸਟੇਟ ਦੇ ਕੁਝ ਪ੍ਰਾਜੈਕਟਾਂ ਦੀ ਆੜ ਹੇਠ ਫ਼ਰਜ਼ੀ ਸਕੀਮਾਂ ਰਾਹੀਂ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਕੁਝ ਹੋਰ ਰਾਜਾਂ ਅੰਦਰ ਨਿਵੇਸ਼ਕਾਂ ਤੋਂ ਫੰਡ ਇਕੱਤਰ ਕਰਨ ਦੇ ਦੋਸ਼ ਲੱਗੇ ਸਨ। ਭੰਗੂ ਤੇ ਉਸ ਦੀਆਂ ਕੰਪਨੀਆਂ ਪੀਏਸੀਐਲ ਤੇ ਪੀਜੀਐਫਐਲ ਅਤੇ ਉਸ ਦੇ ਬਹੁਤ ਸਾਰੇ ਕਮਿਸ਼ਨ ਏਜੰਟਾਂ ਉਪਰ ਜ਼ਰਾਇਤੀ ਜ਼ਮੀਨ ਦੀ ਖਰੀਦੋ ਫ਼ਰੋਖਤ ਦੀ ਆੜ ਹੇਠ ਕਰੀਬ 5.5 ਕਰੋੜ ਨਿਵੇਸ਼ਕਾਂ ਨਾਲ ਠੱਗੀ ਮਾਰਨ ਦੇ ਦੋਸ਼ ਹਨ। ਇਨ੍ਹਾਂ ਕੰਪਨੀਆਂ ਵੱਲੋਂ ਨਿਵੇਸ਼ਕਾਂ ਨੂੰ ਜ਼ਮੀਨ ਦੇਣ ਦਾ ਝਾਂਸਾ ਦਿੱਤਾ ਜਾਂਦਾ ਸੀ ਹਾਲਾਂਕਿ ਇਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਸੀ। ਭੰਗੂ ਹੁਰੀਂ ਨਿਵੇਸ਼ਕਾਂ ਨੂੰ 90 ਤੋਂ 270 ਦਿਨਾਂ ਦੇ ਅੰਦਰ ਅੰਦਰ ਜ਼ਮੀਨ ਅਲਾਟ ਕਰਵਾਉਣ ਦਾ ਵਾਅਦਾ ਕਰਦੇ ਸਨ ਤੇ ਜੇ ਜ਼ਮੀਨ ਨਾ ਮਿਲ
ਸਕੇ ਤਾਂ ਰਕਮ ’ਤੇ ਚੋਖਾ ਲਾਭ ਦੇਣ ਦਾ ਸਬਜ਼ਬਾਗ਼ ਦਿਖਾਉਂਦੇ ਸਨ।
ਈਡੀ ਨੇ ਕਿਹਾ ਕਿ ਪੀਏਸੀਐਲ ਅਤੇ ਪੀਜੀਐਫਐਲ ਦੇ ਪ੍ਰਮੋਟਰਾਂ ਤੇ ਡਾਇਰੈਕਟਰਾਂ ਨੇ ਜ਼ਰਾਇਤੀ ਜ਼ਮੀਨ ਦੀ ਵਿਕਰੀ ਰਾਹੀਂ ਦੇਸ਼ ਭਰ ’ਚੋਂ 48000 ਕਰੋੜ ਰੁਪਏ ਤੋਂ ਵੱਧ ਧਨ ਇਕੱਤਰ ਕੀਤਾ ਸੀ। ਪਹਿਲਾਂ 45000 ਕਰੋੜ ਰੁਪਏ ਦਾ ਅਨੁਮਾਨ ਲਾਇਆ ਗਿਆ ਸੀ। ਈਡੀ ਵੱਲੋਂ ਜਾਰੀ ਕੀਤੇ ਇਕ ਬਿਆਨ ਮੁਤਾਬਕ ‘‘ ਕੁੱਲ ਫੰਡਾਂ ਵਿੱਚੋਂ ਪੀਏਸੀਐਲ ਨੇ 164 ਕਰੋੜ ਰੁਪਏ ਪਰਲਜ਼ ਇਨਫਰਾਸਟ੍ਰਕਚਰ ਪ੍ਰਾਜੈਕਟਸ ਲਿਮਟਿਡ ਪੀਆਈਪੀਐਲ ਵਿੱਚ 25.37 ਫ਼ੀਸਦ ਸ਼ੇਅਰ ਖਰੀਦਣ ਲਈ ਨਿਵੇਸ਼ ਕੀਤੇ ਅਤੇ ਬਾਕੀ ਦੀ 74.63 ਫ਼ੀਸਦ ਹਿੱਸਾਪੱਤੀ ਪੀਏਸੀਐਲ ਅਤੇ ਇਸ ਦੀ ਮੁਹਰੈਲ ਕੰਪਨੀਆਂ ਰਾਹੀਂ 493.18 ਕਰੋੜ ਰੁਪਏ ਵਿੱਚ ਖਰੀਦੀ ਗਈ। 2009 ਤੋਂ 2014 ਤੱਕ ਕੁੱਲ ਮਿਲਾ ਕੇ 657.18 ਕਰੋੜ ਰੁਪਏ ਪੀਆਈਪੀਐਲ ਨੂੰ ਮਿਲੇ ਸਨ।’’ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੀਏਸੀਐਲ ਦੀ ਸਹਾਇਕ ਕੰਪਨੀ ਪੀਆਈਪੀਐਲ ਨੇ 2010 ਵਿੱਚ 147.38 ਕਰੋੜ ਰੁਪਏ ਦੇ ਨਿਵੇਸ਼ ਨਾਲ ਆਸਟਰੇਲੀਅਨ ਫਰਮ ਮਾਈਰਿਜ਼ੌਰਟਜ਼ ਗਰੁਪ ਦੇ 50 ਫ਼ੀਸਦ ਸ਼ੇਅਰ ਤੇ 2009 ਤੋਂ 2014 ਤੱਕ 459.23 ਕਰੋੜ ਰੁਪਏ ਦੇ ਨਿਵੇਸ਼ ਨਾਲ ਇਕ ਹੋਰ ਆਸਟਰੇਲੀਅਨ ਫਰਮ ਮਾਈਗਰੁਪ ਹੋਲਡਿੰਗਜ਼ ਦੇ 99.24 ਸ਼ੇਅਰ ਖਰੀਦ ਲਏ। ਮਾਈਗਰੁਪ ਨੇ 147.38 ਕਰੋੜ ਰੁਪਏ ਦੇ ਨਿਵੇਸ਼ ਨਾਲ ਮਾਈਰਿਜ਼ੌਰਟਜ਼ ਦੇ ਬਾਕੀ 50 ਫ਼ੀਸਦ ਸ਼ੇਅਰ ਖਰੀਦ ਲਏ। ਅਚੱਲ ਸੰਪਤੀ ਦੀ ਖਰੀਦ ਬਦਲੇ ਆਸਟਰੇਲੀਆ ਦੇ ਹਿਕੀ ਲਾਅਰਜ਼ ਟਰੱਸਟ ਨੂੰ 25.07 ਕਰੋੜ ਰੁਪਏ ਦੀ ਰਕਮ ਅਦਾ ਕੀਤੀ ਗਈ। 

Facebook Comment
Project by : XtremeStudioz