Close
Menu

ਚੰਗੀ ਜਮਹੂਰੀਅਤ ਲਈ ਆਲੋਚਨਾ ਜ਼ਰੂਰੀ: ਅਨਸਾਰੀ

-- 11 August,2017

ਨਵੀਂ ਦਿੱਲੀ, ਰਾਜ ਸਭਾ ਦੇ ਚੇਅਰਮੈਨ ਹਾਮਿਦ ਅਨਸਾਰੀ ਨੇ ਅੱਜ ਕਿਹਾ ਕਿ ਜੇ ਸਰਕਾਰ ਦੀਆਂ ਨੀਤੀਆਂ ਦੀ ਆਜ਼ਾਦੀ ਤੇ ਬੇਬਾਕੀ ਨਾਲ ਆਲੋਚਨਾ ਦੀ ਖੁੱਲ੍ਹ ਨਹੀਂ ਦਿੱਤੀ ਜਾਂਦੀ ਤਾਂ ਜਮਹੂਰੀਅਤ ਵੀ ਤਾਨਾਸ਼ਾਹੀ ਵਿੱਚ ਬਦਲ ਸਕਦੀ ਹੈ। ਦੇਸ਼ ਦੇ ਉਪ ਰਾਸ਼ਟਰਪਤੀ ਤੇ ਰਾਜ ਸਭਾ ਚੇਅਰਮੈਨ ਵਜੋਂ ਆਪਣੇ ਦਹਾਕਾ ਲੰਬੇ ਕਾਰਜਕਾਲ ਦੇ ਆਖ਼ਰੀ ਦਿਨ ਆਪਣੀ ਵਿਦਾਇਗੀ ਤਕਰੀਰ ਦੌਰਾਨ ਸ੍ਰੀ ਅਨਸਾਰੀ ਨੇ ਕਿਹਾ ਕਿ ਰਾਜ ਸਭਾ ਦੇਸ਼ ਦੀ ਅਨੇਕਤਾ ਦਾ ਪ੍ਰਗਟਾਵਾ ਕਰਨ ਵਾਲਾ ਸਦਨ ਹੈ।
ਉਨ੍ਹਾਂ ਇਸ ਮੌਕੇ ਸਾਬਕਾ ਉਪ ਰਾਸ਼ਟਰਪਤੀ ਐਸ. ਰਾਧਾਕ੍ਰਿਸ਼ਨਨ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਕਿਹਾ, ‘‘ਇਕ ਲੋਕਤੰਤਰ ਵੀ ਉਦੋਂ ਵਿਗੜ ਕੇ ਤਾਨਾਸ਼ਾਹੀ ਬਣ ਸਕਦਾ ਹੈ, ਜੇ ਇਹ ਵਿਰੋਧੀ ਗਰੁੱਪਾਂ ਨੂੰ ਆਜ਼ਾਦੀ, ਨਿਰਪੱਖਤਾ ਤੇ ਬੇਬਾਕੀ ਨਾਲ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਦੀ ਖੁੱਲ੍ਹ ਨਹੀਂ ਦਿੰਦਾ।’’ ਉਨ੍ਹਾਂ ਨਾਲ ਹੀ ਕਿਹਾ ਕਿ ਜਿਥੇ ਮੈਂਬਰਾਂ ਨੂੰ ‘ਆਲੋਚਨਾ ਕਰਨ ਦਾ ਪੂਰਾ ਹੱਕ ਹੈ, ਉਥੇ ਇਸ ਹੱਕ ਦੀ ਦੁਰਵਰਤੋਂ ਜਾਣ-ਬੁੱਝ ਕੇ ਸੰਸਦ ਦਾ ਕੰਮ-ਕਾਜ ਰੋਕਣ ਲਈ ਨਹੀਂ ਕੀਤੀ ਜਾਣੀ ਚਾਹੀਦੀ।… ਅਸਲ ਵਿੱਚ ਸਾਰੇ ਗਰੁੱਪਾਂ ਦੇ ਹੱਕ ਵੀ ਹਨ ਤੇ ਜ਼ਿੰਮੇਵਾਰੀਆਂ ਵੀ।’’ਉਨ੍ਹਾਂ ਕਿਹਾ ਕਿ ਜਮਹੂਰੀਅਤ ਦੀ ਖ਼ਾਸੀਅਤ ਇਸ ਵੱਲੋਂ ‘ਘੱਟਗਿਣਤੀਆਂ ਨੂੰ ਦਿੱਤੀ ਜਾਂਦੀ ਸੁਰੱਖਿਆ’ ਹੈ, ਪਰ ਘੱਟਗਿਣਤੀਆਂ ਦੀਆਂ ਵੀ ਜ਼ਿੰਮੇਵਾਰੀਆਂ ਹਨ। ਗ਼ੌਰਤਲਬ ਹੈ ਕਿ ਸ੍ਰੀ ਅਨਸਾਰੀ ਇਹ ਫ਼ੈਸਲਾ ਲੈਣ ਵਾਲਿਆਂ ਵਿੱਚ ਮੋਹਰੀ ਸਨ, ਕਿ ਸਦਨ ਵਿੱਚ ਕਾਨੂੰਨਾਂ ਨੂੰ ਸ਼ੋਰ-ਸ਼ਰਾਬੇ ਦੌਰਾਨ ਨਹੀਂ ਪਾਸ ਕੀਤਾ ਜਾਣਾ ਚਾਹੀਦਾ ਤੇ ਇਸ ਮਾਮਲੇ ਵਿੱਚ ਜਲਦਬਾਜ਼ੀ ਨਹੀਂ ਹੋਣੀ ਚਾਹੀਦੀ।
ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਦਨ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਲਕ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਉਨ੍ਹਾਂ (ਸ੍ਰੀ ਅਨਸਾਰੀ) ਵਰਗੀਆਂ ਸ਼ਖ਼ਸੀਅਤਾਂ ਸਦਕਾ ਹੀ ਅੱਗੇ ਵਧ ਰਿਹਾ ਹੈ। ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਹੀ ਸ੍ਰੀ ਅਨਸਾਰੀ ਦੀ ਪੰਜ-ਪੰਜ ਸਾਲਾ ਮਿਆਦਾਂ ਲਈ ਦੋ ਵਾਰ ਉਪ ਰਾਸ਼ਟਰਪਤੀ ਵਜੋਂ ਚੋਣ ਹੋਈ ਸੀ। ਉਨ੍ਹਾਂ ਇਸ ਮੌਕੇ ਉਰਦੂ ਦੇ ਨਾਮੀ ਸ਼ਾਇਰ ਇਕਬਾਲ ਦਾ ਸ਼ੇਅਰ ਵੀ ਪੜ੍ਹਿਆ: ‘‘ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਵਰਨਾ ਸਦੀਓਂ ਸੇ ਰਹਾ ਹੈ ਦੁਸ਼ਮਨ ਦੌਰ-ਏ-ਜ਼ਮਾਨਾ ਹਮਾਰਾ।’’ ਹੋਰ ਵੀ ਅਨੇਕਾਂ ਮੈਂਬਰਾਂ ਨੇ ਸ੍ਰੀ ਅਨਸਾਰੀ ਦੇ ਯੋਗਦਾਨ ਨੂੰ ਸਲਾਹਿਆ।

Facebook Comment
Project by : XtremeStudioz