Close
Menu

ਜਨਰਲ ਬਾਜਵਾ ਵੱਲੋਂ ਜਾਧਵ ਦੀ ਅਪੀਲ ’ਤੇ ਵਿਚਾਰ

-- 17 July,2017

ਇਸਲਾਮਾਬਾਦ,  ਪਾਕਿ ਫੌਜ ਨੇ ਅੱਜ ਕਿਹਾ ਕਿ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਖ਼ਿਲਾਫ਼ ਸਬੂਤਾਂ ਦਾ ਵਿਸ਼ਲੇਸ਼ਣ ਕਰ ਰਹੇ ਹਨ ਅਤੇ ਉਸ ਦੀ ਅਪੀਲ ਉਤੇ ਫੈਸਲਾ ਮੈਰਿਟ ਦੇ ਆਧਾਰ ਉਤੇ ਹੋਵੇਗਾ। ‘ਇੰਟਰ ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਨੇ ਇਕ ਬਿਆਨ ਵਿੱਚ ਕਿਹਾ ਕਿ ਜਾਧਵ (46) ਨੇ ਪਿਛਲੇ ਮਹੀਨੇ ਜਨਰਲ ਬਾਜਵਾ ਸਾਹਮਣੇ ਰਹਿਮ ਦੀ ਪਟੀਸ਼ਨ ਦਾਖ਼ਲ ਕੀਤੀ। ਬਿਆਨ ਵਿੱਚ ਕਿਹਾ ਗਿਆ ਕਿ ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਜਾਧਵ ਦੀ ਅਪੀਲ ਨੂੰ ਫੌਜੀ ਅਪੀਲੀ ਅਦਾਲਤ ਰੱਦ ਕਰ ਚੁੱਕੀ ਹੈ, ਜਿਸ ਮਗਰੋਂ ਉਸ ਨੇ ਥਲ ਸੈਨਾ ਮੁਖੀ ਕੋਲ ਅਪੀਲ ਦਾਖ਼ਲ ਕੀਤੀ। ਥਲ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਜਨਰਲ ਬਾਜਵਾ, ਜਾਧਵ ਖ਼ਿਲਾਫ਼ ਸਬੂਤਾਂ ਦਾ ਵਿਸ਼ਲੇਸ਼ਣ ਕਰ ਰਹੇ ਹਨ। ਇਸ ਅਪੀਲ ਦਾ ਫੈਸਲਾ ਮੈਰਿਟ ਦੇ ਆਧਾਰ ਉਤੇ ਹੋਵੇਗਾ। ਪਾਕਿ ਕਾਨੂੰਨ ਅਨੁਸਾਰ ਜਾਧਵ ਥਲ ਸੈਨਾ ਮੁਖੀ ਕੋਲ ਰਹਿਮ ਲਈ ਅਪੀਲ ਕਰਨ ਦੇ ਯੋਗ ਹੈ। ਜੇ ਉਸ ਦੀ ਅਪੀਲ ਰੱਦ ਹੋ ਜਾਂਦੀ ਹੈ ਤਾਂ ਉਹ ਰਾਸ਼ਟਰਪਤੀ ਕੋਲ ਪਹੁੰਚ ਕਰ ਸਕਦਾ ਹੈ।
ਪਾਕਿਸਤਾਨ ਵੀਏਨਾ ਕਨਵੈਨਸ਼ਨ ਦੀ ਉਲੰਘਣਾ ਕਰ ਕੇ ਜਾਧਵ ਤੱਕ ਕੌਂਸਲਰ ਰਸਾਈ ਦੀਆਂ ਭਾਰਤ ਦੀਆਂ ਅਪੀਲਾਂ ਨੂੰ ਵਾਰ ਵਾਰ ਰੱਦ ਕਰ ਰਿਹਾ ਹੈ। ਉਸ ਨੇ ਜਾਧਵ ਦੀ ਮਾਂ ਅਵੰਤਿਕਾ ਜਾਧਵ ਦੀ ਵੀਜ਼ਾ ਅਰਜ਼ੀ ਉਤੇ ਵੀ ਕੋਈ ਫੈਸਲਾ ਨਹੀਂ ਕੀਤਾ ਹੈ। 13 ਜੁਲਾਈ ਨੂੰ ਵਿਦੇਸ਼ ਵਿਭਾਗ ਨੇ ਕਿਹਾ ਸੀ ਕਿ ਪਾਕਿਸਤਾਨ ਵੀਜ਼ਾ ਅਰਜ਼ੀ ਉਤੇ ਵਿਚਾਰ ਕਰ ਰਿਹਾ ਹੈ।
ਅੱਜ ਦੀ ਪ੍ਰੈੱਸ ਕਾਨਫਰੰਸ ਦੌਰਾਨ ਫੌਜ ਦੇ ਬੁਲਾਰੇ ਨੇ ਭਾਰਤ ਉਤੇ ਗੋਲੀਬੰਦੀ ਦੀ ਉਲੰਘਣਾ ਕਰਨ ਅਤੇ ਕੰਟਰੋਲ ਰੇਖਾ ਦੁਆਲੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਉਤੇ ਘਰੇਲੂ ਪੱਧਰ ਉਪਰ ਗੋਲੀਬੰਦੀ ਦੀ ਉਲੰਘਣਾ ਦਾ ਦਬਾਅ ਪੈ ਰਿਹਾ ਹੈ। ਜਦੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖ਼ਿਲਾਫ਼ ਸਾਂਝੀ ਜਾਂਚ ਟੀਮ ਵਿੱਚ ਫੌਜ ਦੀ ਭੂਮਿਕਾ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਥਲ ਸੈਨਾ ਦਾ ਧਿਆਨ ਸਿਰਫ਼ ਦੇਸ਼ ਦੀ ਸੁਰੱਖਿਆ ਉਤੇ ਕੇਂਦਰਤ ਹੈ।
ਮੇਜਰ ਜਨਰਲ ਗਫੂਰ ਨੇ ਕਿਹਾ ਕਿ ਚੀਨ-ਪਾਕਿ ਆਰਥਿਕ ਲਾਂਘਾ (ਸੀਪੀਈਸੀ) ਕੌਮੀ ਵਿਕਾਸ ਦਾ ਪ੍ਰਾਜੈਕਟ ਹੈ ਅਤੇ ਥਲ ਸੈਨਾ ਇਸ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਏਗੀ। ਅਮਰੀਕਾ ਦੇ ਪ੍ਰਤੀਨਿਧ ਸਦਨ ਵੱਲੋਂ ਪਾਕਿਸਤਾਨ ਨੂੰ ਮਦਦ ਲਈ ਸ਼ਰਤਾਂ ਸਖ਼ਤ ਕਰਨ ਬਾਰੇ ਪਾਸ ਕੀਤੇ ਬਿੱਲ ਉਤੇ ਉਨ੍ਹਾਂ ਕਿਹਾ ਕਿ ਇਹ ਸ਼ਰਤਾਂ ਦਬਾਅ ਪਾਉਣ ਵਾਲੀਆਂ ਹਨ ਪਰ ਇਨ੍ਹਾਂ ਨੂੰ ਪਾਬੰਦੀਆਂ ਨਹੀਂ ਸਮਝਿਆ ਜਾਣਾ ਚਾਹੀਦਾ।

Facebook Comment
Project by : XtremeStudioz