Close
Menu

ਜੇਤਲੀ ਖ਼ਿਲਾਫ਼ ਜੇਠਮਲਾਨੀ ਦੀਆਂ ਟਿੱਪਣੀਆਂ ‘ਅਪਮਾਨਜਨਕ’

-- 19 May,2017

ਨਵੀਂ ਦਿੱਲੀ, ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਵੱਲੋਂ ਅਰੁਣ ਜੇਤਲੀ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਨੂੰ ਅੱਜ ਅਪਮਾਨਜਨਕ ਕਰਾਰ ਦਿੱਤਾ ਹੈ। ਜਸਟਿਸ ਮਨਮੋਹਨ ਨੇ ਕਿਹਾ ਕਿ ਜੇਕਰ ਕੇਜਰੀਵਾਲ ਦੀਆਂ ਹਦਾਇਤਾਂ ’ਤੇ ਟਿੱਪਣੀਆਂ ਕੀਤੀਆਂ ਗਈਆਂ ਹਨ ਤਾਂ ਉਨ੍ਹਾਂ ਨੂੰ ਖੁਦ ਕਟਹਿਰੇ ’ਚ ਆਉਣਾ ਚਾਹੀਦਾ ਹੈ ਅਤੇ ਜੇਤਲੀ ਨਾਲ ਜਿਰ੍ਹਾ ਦੀ ਬਜਾਏ ਆਪਣੇ ਦੋਸ਼ਾਂ ਨੂੰ ਸਾਬਿਤ ਕਰਨਾ ਚਾਹੀਦਾ ਹੈ। ਜਸਟਿਸ ਮਨਮੋਹਨ ਨੇ ਕਿਹਾ, ‘‘ਜੇਕਰ ਅਜਿਹੇ ਦੋਸ਼ ਕੇਜਰੀਵਾਲ ਦੇ ਨਿਰਦੇਸ਼ਾਂ ’ਤੇ ਲਾਏ ਗਏ ਹਨ ਤਾਂ ਸ੍ਰੀ ਜੇਤਲੀ ਨਾਲ ਜਿਰ੍ਹਾ ਕਰਨ ਦੀ ਕੋਈ ਤੁੱਕ ਨਹੀਂ ਹੈ। ਕੇਜਰੀਵਾਲ ਨੂੰ ਦੋਸ਼ ਲਾਉਣ ਦਿਓ। ਉਨ੍ਹਾਂ ਨੂੰ ਕਟਹਿਰੇ ’ਚ ਆਉਣ ਦਿਓ।’’ ਜੇਤਲੀ ਦੇ ਸੀਨੀਅਰ ਵਕੀਲਾਂ ਰਾਜੀਵ ਨਈਅਰ ਅਤੇ ਸੰਦੀਪ ਸੇਠੀ ਨੇ ਅਦਾਲਤ ਮੂਹਰੇ ਇਹ ਮੁੱਦਾ ਉਠਾਉਂਦਿਆਂ ਕਿਹਾ ਸੀ ਕਿ ਉਹ ਸਪਸ਼ਟੀਕਰਨ ਚਾਹੁੰਦੇ ਹਨ ਕਿ ਟਿੱਪਣੀਆਂ ਉਨ੍ਹਾਂ (ਕੇਜਰੀਵਾਲ) ਦੇ ਨਿਰਦੇਸ਼ਾਂ ’ਤੇ ਕੀਤੀਆਂ ਗਈਆਂ ਸਨ ਜਾਂ ਜੇਠਮਲਾਨੀ ਨੇ ਆਪਣੇ ਬੂਤੇ ’ਤੇ ਗੱਲਾਂ ਆਖੀਆਂ। ਸ੍ਰੀ ਨਈਅਰ ਨੇ ਕਿਹਾ ਕਿ ਜੇਕਰ ਕੇਜਰੀਵਾਲ ਨੇ ਸੀਨੀਅਰ ਵਕੀਲ ਨੂੰ ਵਿਵਾਦਤ ਟਿੱਪਣੀਆਂ ਕਰਨ ਦੇ ਨਿਰਦੇਸ਼ ਦਿੱਤੇ ਸਨ ਤਾਂ ਉਹ ਉਨ੍ਹਾਂ (ਕੇਜਰੀਵਾਲ) ਤੋਂ 10 ਕਰੋੜ ਰੁਪਏ ਤੋਂ ਵੱਧ ਹਰਜਾਨੇ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਜੇਠਮਲਾਨੀ ਨੇ ਆਪਣੇ ਆਪ ਟਿੱਪਣੀ ਕੀਤੀ ਹੈ ਤਾਂ ਇਹ ਬਾਰ ਕੌਂਸਿਲ ਆਫ਼ ਇੰਡੀਆ ਦੇ ਨਿਯਮਾਂ ਦਾ ਉਲੰਘਣ ਹੋਏਗਾ। ਵਿਵਾਦਤ ਟਿੱਪਣੀਆਂ ਕੱਲ ਸ੍ਰੀ ਜੇਠਮਲਾਨੀ ਵੱਲੋਂ ਜਾਇੰਟ ਰਜਿਸਟਰਾਰ ਦੀਪਾਲੀ ਸ਼ਰਮਾ ਮੂਹਰੇ ਕੀਤੀਆਂ ਗਈਆਂ ਸਨ ਜਦੋਂ ਸ੍ਰੀ ਜੇਤਲੀ ਨਾਲ 10 ਕਰੋੜ ਦੇ ਮਾਣਹਾਨੀ  ਮਾਮਲੇ ’ਚ ਜਿਰ੍ਹਾ ਕੀਤੀ ਜਾ ਰਹੀ ਸੀ। ਸ੍ਰੀ ਜੇਤਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੇ ਪੰਜ ਹੋਰ ਆਗੂਆਂ ਖ਼ਿਲਾਫ਼ ਮਾਣਹਾਨੀ ਦਾ ਕੇਸ ਕੀਤਾ ਹੋਇਆ ਹੈ। ਇਨ੍ਹਾਂ ’ਚ ਰਾਘਵ ਚੱਢਾ, ਕੁਮਾਰ ਵਿਸ਼ਵਾਸ, ਆਸ਼ੂਤੋਸ਼, ਸੰਜੇ ਸਿੰਘ ਅਤੇ ਦੀਪਕ ਬਾਜਪੇਈ ਸ਼ਾਮਲ ਹਨ। ਇਨ੍ਹਾਂ ਆਗੂਆਂ ਨੇ ਦੋਸ਼ ਲਾਏ ਸਨ ਕਿ ਡੀਡੀਸੀਏ ਦਾ 2000 ਤੋਂ 2013 ਤੱਕ ਪ੍ਰਧਾਨ ਰਹਿੰਦਿਆਂ ਸ੍ਰੀ ਜੇਤਲੀ ਨੇ ਵਿੱਤੀ ਬੇਨਿਯਮੀਆਂ ਕੀਤੀਆਂ ਸਨ। ਇਹ ਮੁੱਦਾ ਜਸਟਿਸ ਮਨਮੋਹਨ ਅੱਗੇ ਉਸ ਸਮੇਂ ਆਇਆ ਜਦੋਂ ਉਹ ਰਾਘਵ ਚੱਢਾ ਵੱਲੋਂ ਸੋਧ ਦੀ ਪਾਈ ਅਰਜ਼ੀ ’ਤੇ ਸੁਣਵਾਈ ਕਰ ਰਹੇ ਸਨ।

Facebook Comment
Project by : XtremeStudioz