Close
Menu

ਜੰਮੂ ਕਸ਼ਮੀਰ: ਮੁਕਾਬਲਿਆਂ ’ਚ ਛੇ ਅਤਿਵਾਦੀ ਹਲਾਕ

-- 23 March,2019

ਸ੍ਰੀਨਗਰ, 23 ਮਾਰਚ
ਜੰਮੂ ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸੁਰੱਖਿਆ ਬਲਾਂ ਨਾਲ ਅੱਜ ਹੋਏ ਮੁਕਾਬਲਿਆਂ ’ਚ ਛੇ ਅਤਿਵਾਦੀ ਮਾਰੇ ਗਏ ਹਨ ਜਦਕਿ ਸੱਤ ਸੁਰੱਖਿਆ ਕਰਮੀ ਤੇ 18 ਨਾਗਰਿਕ ਜ਼ਖ਼ਮੀ ਹੋਏ ਹਨ। ਇਸ ਦੌਰਾਨ ਅਤਿਵਾਦੀਆਂ ਦੁਆਰਾ ਬੰਦੀ ਬਣਾਏ ਗਏ ਨਾਬਾਲਗ ਲੜਕੇ ਦੀ ਵੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਸ਼ਕਰ-ਏ-ਤੌਇਬਾ ਦੇ ਦੋ ਅਤਿਵਾਦੀ ਬਾਂਦੀਪੋਰਾ ਜ਼ਿਲ੍ਹੇ ਦੇ ਹਾਜਿਨ ਇਲਾਕੇ ਵਿਚ ਰਾਤ ਨੂੰ ਹੋਏ ਮੁਕਾਬਲੇ ਵਿਚ ਮਾਰੇ ਗਏ। ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਖ਼ਿਲਾਫ਼ ਮੁਹਿੰਮ ਵੀਰਵਾਰ ਨੂੰ ਸ਼ੁਰੂ ਹੋਈ ਸੀ, ਪਰ ਸਾਵਧਾਨੀ ਨਾਲ ਕੰਮ ਲਿਆ ਗਿਆ ਕਿਉਂਕਿ ਅਤਿਵਾਦੀਆਂ ਨੇ ਦੋ ਆਮ ਨਾਗਰਿਕਾਂ ਨੂੰ ਬੰਦੀ ਬਣਾ ਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਕ ਆਮ ਨਾਗਰਿਕ ਨੂੰ ਵੀਰਵਾਰ ਸ਼ਾਮ ਨੂੰ ਬਚਾ ਲਿਆ ਗਿਆ ਸੀ, ਪਰ 12 ਵਰ੍ਹਿਆਂ ਦੇ ਇਕ ਹੋਰ ਬੰਦੀ ਦੀ ਮੁਕਾਬਲੇ ਦੌਰਾਨ ਮੌਤ ਹੋ ਗਈ। ਇਕ ਪੁਲੀਸ ਬੁਲਾਰੇ ਨੇ ਕਿਹਾ ਕਿ ਲਸ਼ਕਰ ਦੇ ਦੋ ਅਤਿਵਾਦੀ ਹਾਜਿਨ ਮੁਕਾਬਲੇ ਵਿਚ ਮਾਰੇ ਗਏ। ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਦੀ ਸ਼ਨਾਖ਼ਤ ਅਲੀ ਤੇ ਹੁਬੈਬ ਵੱਜੋਂ ਹੋਈ ਹੈ। ਉਹ ਪਾਕਿਸਤਾਨੀ ਨਾਗਰਿਕ ਸਨ। ਬੁਲਾਰੇ ਨੇ ਦੱਸਿਆ ਕਿ ਇਕ ਬੰਦੀ ਅਬਦੁੱਲ ਹਮੀਦ ਨੂੰ ਵੀਰਵਾਰ ਨੂੰ ਬਚਾ ਲਿਆ ਗਿਆ, ਪਰ ਦੂਜੇ ਬੰਦੀ ਆਤਿਫ਼ ਮੀਰ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਅਤਿਵਾਦੀਆਂ ਨੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸੇ ਦੌਰਾਨ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਦੋ ਅਤਿਵਾਦੀ ਮਾਰੇ ਗਏ। ਇਕ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਵਿਚ ਸ਼ੋਪੀਆਂ ਦੇ ਇਮਾਮ ਸਾਹਿਬ ਇਲਾਕੇ ਵਿਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਤੇ ਤਲਾਸ਼ੀ ਮੁਹਿੰਮ ਚਲਾਈ। ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ’ਚ ਦੋ ਅਤਿਵਾਦੀ ਮਾਰੇ ਗਏ। ਸ਼ੋਪੀਆਂ ਇਲਾਕੇ ਵਿਚ ਆਮ ਨਾਗਰਿਕਾਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪ ਦੀ ਵੀ ਸੂਚਨਾ ਹੈ ਤੇ ਕਈ ਜਣੇ ਜ਼ਖ਼ਮੀ ਹੋਏ ਹਨ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਵਿਚ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਵਾਰਪੋਰਾ ਇਲਾਕੇ ਵਿਚ ਹੋਏ ਮੁਕਾਬਲੇ ਵਿਚ ਵੀ ਦੋ ਅਤਿਵਾਦੀ ਮਾਰੇ ਗਏ ਹਨ। ਇਸ ਤੋਂ ਪਹਿਲਾਂ ਬਾਰਾਮੂਲਾ ਜ਼ਿਲ੍ਹੇ ਦੇ ਕਲੰਤਰਾ ਵਿਚ ਵੀਰਵਾਰ ਨੂੰ ਹੋਏ ਮੁਕਾਬਲੇ ਵਿਚ ਜੈਸ਼-ਏ-ਮੁਹੰਮਦ ਦੇ ਦੋ ਅਤਿਵਾਦੀ ਮਾਰੇ ਗਏ ਸਨ। ਇਕ ਹੋਰ ਘਟਨਾ ਵਿਚ ਅਨੰਤਨਾਗ ’ਚ ਅਤਿਵਾਦੀਆਂ ਵੱਲੋਂ ਚਲਾਈ ਗੋਲੀ ਵਿਚ ਪੁਲੀਸ ਅਧਿਕਾਰੀ ਜ਼ਖ਼ਮੀ ਹੋ ਗਿਆ।

Facebook Comment
Project by : XtremeStudioz