Close
Menu

ਝਾਡ਼ੂ ’ਕੱਠਾ ਕਰਨ ਲੲੀ ‘ਆਪ’ ਨੇ ਛੋਟੇਪੁਰ ਨੂੰ ਮਾਰੀ ਆਵਾਜ਼

-- 19 May,2017

ਜਲੰਧਰ, ਪੰਜਾਬ ਵਿੱਚ ‘ਆਪ’ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਕਰ ਰਹੇ ਪਾਰਟੀ ਦੇ ਸੂਬਾੲੀ ਉਪ ਪ੍ਰਧਾਨ ਅਮਨ ਅਰੋੜਾ ਨੇ ਸੁੱਚਾ ਸਿੰਘ ਛੋਟੇਪੁਰ ਸਮੇਤ ਪਾਰਟੀ ਛੱਡ ਗਏ ਸਾਰੇ ਵਾਲੰਟੀਅਰਾਂ ਅਤੇ ਆਗੂਆਂ ਨੂੰ ਵਾਪਸੀ ਦੀ ਅਪੀਲ ਕੀਤੀ ਹੈ। ਇੱਥੇ ਪਾਰਟੀ ਦਫ਼ਤਰ ਵਿੱਚ ਵਾਲੰਟੀਅਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਹਾਰ ਦੇ ਕਾਰਨਾਂ ਵਿੱਚ ਛੋਟੇਪੁਰ ਵੀ ਵੱਡਾ ਕਾਰਨ ਸਨ। ਸ੍ਰੀ ਅਰੋੜਾ ਨੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਕਾਰਜਕਾਲ ਨੂੰ ਵਧੀਆ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੇ ਮਾਮਲੇ ਨੂੰ ਟਾਲਿਆ ਜਾ ਸਕਦਾ ਸੀ। ਜਿਹੜੇ ਵਾਲੰਟੀਅਰ ਪਾਰਟੀ ਛੱਡ ਗਏ ਹਨ ਜਾਂ ਕੱਢਿਆ ਗਿਆ, ਉਨ੍ਹਾਂ ਦਾ ‘ਆਪ’ ਵਿੱਚ ਸਵਾਗਤ ਕੀਤਾ ਜਾਵੇਗਾ।

ਗੁਰਪ੍ਰੀਤ ਘੁੱਗੀ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੰਜਾਬੀ ਫ਼ਿਲਮਾਂ ਵੱਲ ਝੁਕਾਅ ਜ਼ਿਆਦਾ ਸੀ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਘੱਟੋ ਘੱਟ 70 ਸੀਨੀਅਰ ਅਹੁਦੇਦਾਰਾਂ ਨਾਲ ਗੱਲਬਾਤ ਕਰ ਕੇ ਘੁੱਗੀ ਸਬੰਧੀ ਫ਼ੈਸਲਾ ਲਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਛੱਡਣ ਤੋਂ ਪਹਿਲਾਂ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੇ ਘਰ ਉਨ੍ਹਾਂ ਦੀ ਗੁਰਪ੍ਰੀਤ ਘੁੱਗੀ ਨਾਲ ਢਾਈ ਘੰਟੇ ਤੱਕ ਗੱਲਬਾਤ ਹੋਈ, ਜਿਸ ਵਿੱਚ ਘੁੱਗੀ ਨੇ ਕਿਹਾ ਸੀ ਕਿ ਉਹ ਬਤੌਰ ਵਾਲੰਟੀਅਰ ‘ਆਪ’ ਦੀ ਸੇਵਾ ਕਰਨਗੇ। ਕੇਜਰੀਵਾਲ ਚਾਹੁੰਦੇ ਸਨ ਕਿ ਘੁੱਗੀ ਨੂੰ ਪਾਰਟੀ ਦੀ ਸੂਬਾੲੀ ਪ੍ਰਧਾਨਗੀ ਤੋਂ ਵੀ ਵੱਡਾ ਅਹੁਦਾ ਦਿੱਤਾ ਜਾਵੇ, ਪਰ ਉਹ ਖ਼ੁਦ ਹੀ ਪਾਰਟੀ ਛੱਡ ਗਏ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦਾ ਜਥੇਬੰਦਕ ਢਾਂਚਾ ਇੱਕ ਮਹੀਨੇ ਦੇ ਅੰਦਰ-ਅੰਦਰ ਬਣਾ ਦਿੱਤਾ ਜਾਵੇਗਾ ਤੇ ਇਸ ਵਿੱਚ ਦਿੱਲੀ ਹਾਈ ਕਮਾਂਡ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੋਵੇਗੀ। ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਏ ਜਾਣ ਸਬੰਧੀ ਪਰਵਾਸੀ ਪੰਜਾਬੀਆਂ ਵੱਲੋਂ ਕੀਤੇ ਗਏ ਵਿਰੋਧ ਬਾਰੇ ੳੁਨ੍ਹਾਂ ਕਿਹਾ ਕਿ ਸ੍ਰੀ ਮਾਨ ਨੂੰ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਪਰਵਾਸੀ ਪੰਜਾਬੀਆਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਪਾਰਟੀ ਵਿੱਚ ਰਹਿਣ ਲਈ ਮਨਾ ਲਿਆ। ਪਾਰਟੀ ਨੂੰ ਆਉਂਦੇ ਫੰਡਾਂ ਬਾਰੇ ਜਾਣਕਾਰੀ ਵੀ ਛੇਤੀ ਹੀ ਵੈੱਬਸਾਈਟ ’ਤੇ ਪਾੲੀ ਜਾਵੇਗੀ।
ਸ੍ਰੀ ਅਰੋਡ਼ਾ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਲੜਨ ਲੲੀ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ ਤੇ ਉਮੀਦਵਾਰਾਂ ਦੀ ਚੋਣ ਕਰਨ ਲਈ 7 ਮੈਂਬਰੀ ਕਮੇਟੀ ਬਣਾਈ ਜਾਵੇਗੀ। ਇਸ ਮੌਕੇ ਡਾ. ਅਮਰਜੀਤ ਸਿੰਘ ਥਿੰਦ, ਡਾ. ਸੰਜੀਵ ਸ਼ਰਮਾ, ਚੰਦਨ ਗਰੇਵਾਲ, ਹੰਸ ਰਾਜ ਰਾਣਾ, ਦਰਸ਼ਨ ਭਗਤ, ਯੂਥ ਆਗੂ ਸੁਖਦੀਪ ਸਿੰਘ ਅੱਪਰਾ, ਬਲਵੰਤ ਭਾਟੀਆ ਆਦਿ ਹਾਜ਼ਰ ਸਨ।

ਮੀਟਿੰਗ ਦੌਰਾਨ ਹੋੲਿਆ ਤਕਰਾਰ

‘ਆਪ’ ਦੇ ਸੂਬਾਈ ਉਪ ਪ੍ਰਧਾਨ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਦੌਰਾਨ ਆਦਮਪੁਰ ਤੋਂ ਚੋਣ ਲੜ ਚੁੱਕੇ ਉਮੀਦਵਾਰ ਹੰਸ ਰਾਜ ਰਾਣਾ ਵਾਲੰਟੀਅਰਾਂ ਨਾਲ ੳੁਲਝ ਗਏ ਤੇ ਗੱਲ ਅਪਸ਼ਬਦ ਵਰਤਣ ਤੱਕ ਪੁੱਜ ਗਈ। ਇਸੇ ਦੌਰਾਨ ਰਾਣਾ ਅਤੇ ਵਾਲੰਟੀਅਰਾਂ ਨੇ ਇੱਕ ਦੂਜੇ ਨੂੰ ਧਮਕੀਆਂ ਵੀ ਦਿੱਤੀਆਂ। ਸੂਤਰਾਂ ਮੁਤਾਬਕ ਇਹ ਤਕਰਾਰ ਪਾਰਟੀ ’ਚ ‘ਗ਼ਲਤ ਬੰਦਿਆਂ’ ਨੂੰ ਟਿਕਟ ਦੇਣ ਬਾਰੇ ਕੀਤੀਆਂ ਟਿੱਪਣੀਆਂ ਤੋਂ ਹੋਇਆ। ਮਾਮਲਾ ਵਧਦਾ ਦੇਖ ਕੇ ਪਾਰਟੀ ਆਗੂ ਚੰਦਨ ਗਰੇਵਾਲ ਅਤੇ ਡਾ. ਸੰਜੀਵ ਸ਼ਰਮਾ ਨੇ ਦੋਹੇਂ ਧਿਰਾਂ ਨੂੰ ਸ਼ਾਂਤ ਕਰਵਾਇਆ।

Facebook Comment
Project by : XtremeStudioz