Close
Menu

ਟਰੰਪ ਨੇ ਇਸਰਾਇਲੀ ਜਾਸੂਸ ਦੀ ਜਾਨ ਖ਼ਤਰੇ ਵਿੱਚ ਪਾਈ

-- 18 May,2017

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਵੇਦਨਸ਼ੀਲ ਖ਼ੁਫ਼ੀਆ ਜਾਣਕਾਰੀ ਰੂਸ ਨੂੰ ਦੇ ਕੇ ਆਈਐਸ ਵਿੱਚ ਕੰਮ ਕਰ ਰਹੇ ਇਕ ਇਸਰਾਇਲੀ ਜਾਸੂਸ ਦੀ ਜਾਨ ਖ਼ਤਰੇ ਵਿੱਚ ਪਾ ਦਿੱਤੀ ਹੈ। ਇਹ ਗੱਲ ਇਕ ਮੀਡੀਆ ਰਿਪੋਰਟ ਤੋਂ ਸਾਹਮਣੇ ਆਈ ਹੈ।
‘ਏਬੀਸੀ ਨਿਊਜ਼’ ਦੀ ਰਿਪੋਰਟ ਮੁਤਾਬਕ: ‘‘ਇਸਰਾਇਲੀ ਜਾਸੂਸ ਨੇ ਜਾਣਕਾਰੀ ਦਿੱਤੀ ਸੀ ਕਿ ਆਈਐਸ ਨੇ ਲੈਪਟਾਪ ਵਿੱਚ ਛੁਪਾਏ ਇਕ ਬੰਬ ਰਾਹੀਂ ਅਮਰੀਕਾ ਜਾਣ ਵਾਲੇ ਇਕ ਮੁਸਾਫ਼ਰ ਹਵਾਈ ਜਹਾਜ਼ ਨੂੰ ਉਡਾਉਣ ਦੀ ਸਾਜ਼ਿਸ਼ ਬਣਾਈ ਹੈ। ਇਹ ਬੰਬ ਹਵਾਈ ਅੱਡਿਆਂ ਦੀਆਂ ਮਸ਼ੀਨਾਂ ਨਾਲ ਨਹੀਂ ਫੜਿਆ ਜਾ ਸਕਦਾ।’’ ਇਹ ਜਾਣਕਾਰੀ ਸ੍ਰੀ ਟਰੰਪ ਵੱਲੋਂ ਰੂਸ ਨੂੰ ਦਿੱਤੇ ਜਾਣ ਨਾਲ ਇਕ ਜਾਸੂਸ ਦੀ ਜਾਨ ਖ਼ਤਰੇ ਵਿੱਚ ਪੈ     ਗਈ ਹੈ।
‘ਨਿਊਯਾਰਕ ਟਾਈਮਜ਼’ ਨੇ ਵੀ ਲਿਖਿਆ ਕਿ ਅਮਰੀਕਾ ਵੱਲੋਂ ਰੂਸ ਨੂੰ ਦਿੱਤੀ ਗਈ ਜਾਣਕਾਰੀ ਇਸਰਾਈਲ ਨੇ ਅਮਰੀਕਾ ਨੂੰ ਦਿੱਤੀ ਸੀ। ਵ੍ਹਾਈਟ ਹਾਊਸ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਦੂਜੇ ਪਾਸੇ ਇਸਰਾਈਲ ਨੇ ਅਮਰੀਕਾ ਦੀ ਹਮਾਇਤ ਕੀਤੀ ਹੈ। ਅਮਰੀਕਾ ਵਿੱਚ ਇਸਰਾਇਲੀ ਰਾਜਦੂਤ ਰੌਨ ਡਰਮਰ ਨੇ ‘ਨਿਊਯਾਰਕ ਟਾਈਮਜ਼’ ਨਾਲ ਗੱਲ ਕਰਦਿਆਂ ਕਿਹਾ, ‘‘ਇਸਰਾਈਲ ਨੂੰ ਅਮਰੀਕਾ ਨਾਲ ਸੂਚਨਾ-ਵਟਾਂਦਰਾ ਸਬੰਧਾਂ ਉਤੇ ਪੂਰਾ ਭਰੋਸਾ ਹੈ ਤੇ ਇਹ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਵਿੱਚ ਵੀ ਜਾਰੀ ਰਹੇਗਾ।’’ ਇਸ ਦੌਰਾਨ ਇਸਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਇਸ ਮੁੱਦੇ ਉਤੇ     ਸ੍ਰੀ ਟਰੰਪ ਨਾਲ ਫੋਨ ’ਤੇ 20 ਮਿੰਟ ਗੱਲਬਾਤ ਕੀਤੀ।
ਇਸ ਦੌਰਾਨ ਸ੍ਰੀ ਟਰੰਪ ਵੱਲੋਂ ਆਪਣੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਤੇ ਰੂਸ ਦੇ ਸਬੰਧਾਂ ਦੀ ਜਾਂਚ ਕਰਨ ਤੋਂ ਐਫ਼ਬੀਆਈ ਡਾਇਰੈਕਟਰ ਨੂੰ ਵਰਜੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਉਣ ’ਤੇ ਟਰੰਪ ਟੀਮ ਨੇ ਇਕ ‘ਅਣਚੁਣੇ ਅਫ਼ਸਰਸ਼ਾਹ’ ਉਤੇ ਸਾਬੋਤਾਜ ਦੇ ਦੋਸ਼ ਲਾਏ ਹਨ। ਉਧਰ ਸ੍ਰੀ ਟਰੰਪ ਦੇ ਹਮਾਇਤੀ ਤੇ ਅਮਰੀਕੀ ਪ੍ਰਤੀਨਿਧ ਸਭਾ ਦੇ ਸਾਬਕਾ ਸਪੀਕਰ ਨਿਊਇਟ ਗਿੰਗਰਿਚ ਨੇ ਮੀਡੀਆ ਨੂੰ ‘ਭ੍ਰਿਸ਼ਟ ਅਦਾਰਾ’ ਦੱਸਦਿਆਂ ਵ੍ਹਾਈਟ ਹਾਊਸ ਦੀ ਰੋਜ਼ਾਨਾ ਪ੍ਰੈੱਸ ਕਾਨਫਰੰਸ ਬੰਦ ਕਰਨ ਦੀ ਮੰਗ ਕੀਤੀ ਹੈ।

Facebook Comment
Project by : XtremeStudioz