Close
Menu

ਟਰੰਪ ਵੱਲੋਂ ‘ਕਾਬਲੀਅਤ’ ਆਧਾਰਿਤ ਆਵਾਸ ਦੀ ਵਕਾਲਤ

-- 11 January,2018

ਵਾਸ਼ਿੰਗਟਨ, 11 ਜਨਵਰੀ
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਾਬਲੀਅਤ ਅਧਾਰਿਤ ਆਵਾਸ ਪ੍ਰਬੰਧ ਦੀ ਵਕਾਲਤ ਕਰਦਿਆਂ ਕਿਹਾ ਕਿ ਮੁਲਕ ਵਿੱਚ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਆਉਣ ਦੀ ਖੁੱਲ੍ਹ ਹੋਵੇਗੀ ਜਿਨ੍ਹਾਂ ਦਾ ਪਿਛਲਾ ਰਿਕਾਰਡ ਚੰਗਾ ਹੋਵੇਗਾ। ਟਰੰਪ ਦੇ ਇਸ ਬਿਆਨ ਦੀ ਕਈ ਕਾਨੂੰਨਘਾੜਿਆਂ ਨੇ ਹਮਾਇਤ ਕੀਤੀ ਹੈ।
ਇਥੇ ਵ੍ਹਾਈਟ ਹਾਊਸ ਵਿੱਚ ਰਿਪਬਲਿਕਨ ਤੇ ਡੈਮੋਕਰੈਟਜ਼ ਦੇ ਕਾਨੂੰਨਘਾੜਿਆਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ‘ਮੈਂ ਕਿਸੇ ਵੀ ਬਿੱਲ, ਜੋ ਕਿ ਪੇਸ਼ ਕੀਤਾ ਜਾ ਚੁੱਕਾ ਹੈ, ਵਿੱਚ ‘ਕਾਬਲੀਅਤ’ ਸ਼ਬਦ ਜੋੜਨਾ ਚਾਹਾਂਗਾ। ਕਿਉਂਕਿ ਮੇਰਾ ਮੰਨਣਾ ਹੈ ਕਿ ਸਾਡੇ ਮੁਲਕ ਵਿੱਚ ਵੀ ਕੈਨੇਡਾ ਤੇ ਆਸਟਰੇਲੀਆ ਵਾਂਗ ਕਾਬਲੀਅਤ ਅਧਾਰਿਤ ਆਵਾਸ ਪ੍ਰਬੰਧ ਹੋਣਾ ਚਾਹੀਦਾ। ਲਿਹਾਜ਼ਾ, ਜਿਹੜੇ ਲੋਕ ਆਵਾਸ ਲਈ ਆਉਂਦੇ ਹਨ, ਉਨ੍ਹਾਂ ਦਾ ਪਿਛੋਕੜ ਚੰਗਾ ਹੋਣਾ ਚਾਹੀਦਾ ਹੈ। ਇਮਾਨਦਾਰੀ ਨਾਲ ਕਹਾਂ ਤਾਂ ਅਸੀਂ ਮੌਜੂਦਾ ਸਮੇਂ ਇਸ ਦੇ ਉਲਟ ਕੰਮ ਕਰ ਰਹੇ ਹਾਂ।’ ਸਰਹੱਦਾਂ ਦੀ ਸੁਰੱਖਿਆ ’ਤੇ ਜ਼ੋਰ ਦਿੰਦਿਆਂ ਟਰੰਪ ਨੇ ਕਿਹਾ ਕਿ ਮੈਕਸਿਕੋ ਸਰਹੱਦ ’ਤੇ ਕੰਧ ਦੀ ਉਸਾਰੀ ਇਸ (ਸੁਰੱਖਿਆ) ਦਾ ਅਟੁੱਟ ਹਿੱਸਾ ਹੈ ਤੇ ਲੜੀਵਾਰ ਪਰਵਾਸ ਨੂੰ ਠੱਲ੍ਹ ਪਾਉਣ ਲਈ ਕੰਧ ਦੀ ਉਸਾਰੀ ਜ਼ਰੂਰੀ ਹੈ। ਵੀਜ਼ਾ ਲਾਟਰੀ ਸਿਸਟਮ ਦਾ ਭੋਗ ਪਾਉਣ ਦਾ ਸੱਦਾ ਦਿੰਦਿਆਂ ਟਰੰਪ ਨੇ ਕਿਹਾ, ‘ਲੜੀਵਾਰ ਪਰਵਾਸ ਕਰਕੇ ਵੱਡੀ ਗਿਣਤੀ ਲੋਕ ਮੁਲਕ ਵਿੱਚ ਦਾਖ਼ਲ ਹੋ ਰਹੇ ਹਨ, ਪਰ ਅਕਸਰ ਇਹ ਸਹੀ ਨਹੀਂ ਹੁੰਦਾ।’ ਸੈਨੇਟਰ ਕੈਵਿਨ ਮੈਕਾਰਥੀ ਨੇ ਸੁਧਾਰ ਤਿੰਨ ਥੰਮਾਂ- ਬੱਚਿਆਂ ਦੇ ਦਾਖ਼ਲੇ ਨੂੰ ਅੱਗੇ ਪਾਉਣ (ਡੀਏਸੀਏ), ਸਰਹੱਦ ਸੁਰੱਖਿਆ ਤੇ ਚੇਨ ਮਾਈਗ੍ਰੇਸ਼ਨ ਨੂੰ ਖ਼ਤਮ ਕਰਨ ਦੀ ਗੱਲ ਕੀਤੀ ਤਾਂ ਟਰੰਪ ਨੇ ਉਨ੍ਹਾਂ ਨੂੰ ਵਿਚਾਲੇ ਰੋਕਦਿਆਂ ਆਵਾਸ ਕਾਨੂੰਨ ’ਚ ‘ਕਾਬਲੀਅਤ’ ਵੀ ਸ਼ਾਮਲ ਕੀਤੇ ਜਾਣ ਲਈ ਕਿਹਾ। ਇਸ ਕਾਨੂੰਨ ਨੂੰ ਅਗਲੇ ਕੁਝ ਦਿਨਾਂ ਵਿੱਚ ਪੇਸ਼ ਕੀਤਾ ਜਾਵੇਗਾ।

ਐਚ-1ਬੀ ਵੀਜ਼ਾ ਦੀ ਮਿਆਦ ਵਧਾਉਣ ਦਾ ਸਵਾਗਤ

ਵਾਸ਼ਿੰਗਟਨ: ਪਰਵਾਸੀ ਭਾਰਤੀਆਂ ਨੇ ਐਚ-1ਬੀ ਵੀਜ਼ਿਆਂ ਦੀ ਮਿਆਦ ’ਚ ਵਾਧੇ ਵਿੱਚ ਕੋਈ ਅੜਿੱਕੇ ਨਾ ਡਾਹੁਣ ਦੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਪਰਵਾਸੀ ਭਾਰਤੀਆਂ ਨੇ ਕਿਹਾ ਕਿ ਜੇਕਰ ਵੀਜ਼ਿਆਂ ਦੀ ਮਿਆਦ ਵਿੱਚ ਵਾਧਾ ਨਾ ਕੀਤਾ ਜਾਂਦਾ ਤਾਂ ਅਮਰੀਕਾ ’ਚੋਂ ਤਕਨੀਕੀ ਮਾਹਿਰਾਂ ਦਾ ਨਿਕਾਸ ਹੋ ਜਾਂਦਾ ਜਿਸ ਦੀ ਵੱਡੀ ਸੱਟ ਅਮਰੀਕੀ ਕਾਰੋਬਾਰਾਂ ਨੂੰ ਵੱਜਦੀ। ਯਾਦ ਰਹੇ ਕਿ ਅਮਰੀਕਾ ਦੇ ਨਾਗਰਿਕਤਾ ਤੇ ਆਵਾਸ ਸੇਵਾਵਾਂ ਵਿਭਾਗ ਨੇ ਕਿਹਾ ਸੀ ਕਿ ਐਚ-1ਬੀ ਵੀਜ਼ਾ ਧਾਰਕਾਂ ਨੂੰ ਮੁਲਕ ਵਿੱਚੋਂ ਬਾਹਰ ਧੱਕਣ ਦੀ ਫ਼ਿਲਹਾਲ ਕੋਈ ਯੋਜਨਾ ਵਿਚਾਰ ਅਧੀਨ ਨਹੀਂ ਹੈ।

Facebook Comment
Project by : XtremeStudioz