Close
Menu

ਡੋਕਲਾਮ ਵਿੱਚ ਤਣਾਅ ਜ਼ਿਆਦਾ ਗੰਭੀਰ ਨਹੀਂ: ਦਲਾਈ ਲਾਮਾ

-- 10 August,2017

ਨਵੀਂ ਦਿੱਲੀ, 10 ਅਗਸਤ
ਡੋਕਲਾਮ ਵਿੱਚ ਤਣਾਅ ਨੂੰ ‘ਜ਼ਿਆਦਾ ਗੰਭੀਰ ਨਾ’ ਦੱਸਦਿਆਂ ਦਲਾਈ ਲਾਮਾ ਨੇ ਅੱਜ ‘ਹਿੰਦੀ ਚੀਨੀ ਭਾਈ ਭਾਈ’ ਦਾ ਨਾਅਰਾ, ਜੋ 1950 ਵਿੱਚ ਭਾਰਤ-ਚੀਨ ਦੇ ਰਿਸ਼ਤਿਆਂ ਨੂੰ ਪਰਭਾਸ਼ਿਤ ਕਰਦਾ ਸੀ, ਦੁਹਰਾਉਂਦਿਆਂ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਗੁਆਂਢੀ ਮੁਲਕਾਂ ਨੂੰ ਰਲ-ਮਿਲ ਕੇ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ।
81 ਸਾਲਾ ਤਿੱਬਤੀਅਨ ਅਧਿਆਤਮਕ ਆਗੂ ਨੇ ਕਿਹਾ ਕਿ 21ਵੀਂ ਸਦੀ ਦਾ ਮੁੱਖ ਵਿਸ਼ਾ ਗੱਲਬਾਤ ਹੋਣਾ ਚਾਹੀਦਾ ਹੈ ਅਤੇ ਹਰੇਕ ਮਸਲੇ ਦਾ ਹੱਲ ਗੱਲਬਾਤ ਰਾਹੀਂ ਹੋਣਾ ਚਾਹੀਦਾ ਹੈ।
ਐਡੀਟਰਜ਼ ਗਿਲਡ ਆਫ ਇੰਡੀਆ ਵੱਲੋਂ ਕਰਾਏ ਗਏ ਰਾਜੇਂਦਰ ਮਾਥੁਰ ਯਾਦਗਾਰੀ ਭਾਸ਼ਣ ਮੌਕੇ ਉਨ੍ਹਾਂ ਕਿਹਾ, ‘ਇਹੀ ਇਕ ਰਾਹ ਹੈ। ਇਕ ਧਿਰ ਜਿੱਤਦੀ ਹੈ ਅਤੇ ਦੂਜੀ ਹਾਰਦੀ ਹੈ ਅਸਲ ਵਿੱਚ ਪੁਰਾਣੀ ਸੋਚ ਹੈ। ਆਧੁਨਿਕ ਸਮੇਂ ਵਿੱਚ ਹਰੇਕ ਮੁਲਕ ਇਕ ਦੂਜੇ ਉਤੇ ਨਿਰਭਰ ਹੈ।’ ਇਸ ਅਧਿਆਤਮਕ ਆਗੂ, ਜੋ ਆਪਣੇ ਆਪ ਨੂੰ ਭਾਰਤ ਦਾ ‘ਚੇਲਾ’ ਦੱਸਦਾ ਹੈ, ਨੇ ਚੀਨ ਨੂੰ ਚੋਭ ਲਾਉਂਦਿਆਂ ਕਿਹਾ, ‘ਭਾਰਤ ਵਿੱਚ ਮੈਂ ਹੋਰ ਕਾਫ਼ੀ ਕੁੱਝ ਕਰ ਸਕਦਾ ਹੈ ਕਿਉਂਕਿ ਇਥੇ ਆਜ਼ਾਦੀ ਹੈ ਅਤੇ ਜਿਥੇ ਆਜ਼ਾਦੀ ਨਹੀਂ, ਉਸ ਨੂੰ ਮੈਂ ਪਸੰਦ ਨਹੀਂ ਕਰਦਾ। ਕੁੱਝ ਤਣਾਅ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਬਹੁਤ ਜ਼ਿਆਦਾ ਗੰਭੀਰ ਹੈ।
ਸਾਨੂੰ ਲੋਕਾਂ ਤੇ ਸਰਕਾਰਾਂ ਦਰਮਿਆਨ ਨਿਖੇੜਾ ਕਰਨ ਦੀ ਲੋੜ ਹੈ। ਇਕ ਦਿਨ ਮੈਂ ਕਿਹਾ ਸੀ ਕਿ ਸਾਰੇ ਮਸਲਿਆਂ ਲਈ ‘ਹਿੰਦੀ-ਚੀਨੀ ਭਾਈ ਭਾਈ’ ਵਾਲਾ ਇਕ ਹੀ ਰਾਹ ਹੈ। ਭਾਰਤ ਤੇ ਚੀਨ ਨੂੰ ਰਲ-ਮਿਲ ਕੇ ਰਹਿਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਕੂੜ ਪ੍ਰਚਾਰ ਅਤੇ ਗਲਤ ਜਾਣਕਾਰੀ ਚੀਜ਼ਾਂ ਨੂੰ ਗੁੰਝਲਦਾਰ ਬਣਾਉਂਦੇ ਹਨ।
ਦੱਸਣਯੋਗ ਹੈ ਕਿ ਚੀਨੀ ਸਰਕਾਰ ਵੱਲੋਂ ਲਹਾਸਾ ਵਿੱਚ ਸਖ਼ਤੀ ਕੀਤੇ ਜਾਣ ਬਾਅਦ ਦਲਾਈ ਲਾਮਾ ਨੇ 1959 ਵਿੱਚ ਭਾਰਤ ਵਿੱਚ ਸ਼ਰਨ ਲਈ ਸੀ। ਕੇਂਦਰੀ ਤਿੱਬਤੀਅਨ ਅਥਾਰਿਟੀ ਅਤੇ ਚੀਨ ਦਰਮਿਆਨ ਮੁੜ ਸੰਵਾਦ ਸ਼ੁਰੂ ਹੋਣ ਦੀ ਸੰਭਾਵਨਾ ਬਾਰੇ ਉਨ੍ਹਾਂ ਕਿਹਾ ਕਿ ਇਹ ਕਮਿਊਨਿਸਟ ਪਾਰਟੀ ਆਫ ਚਾਈਨਾ ਦੀ 19ਵੀਂ ਕੌਮੀ ਕਾਂਗਰਸ ਬਾਅਦ ਹੋ ਸਕਦੀ ਹੈ, ਜੋ ਇਸ ਸਾਲ ਦੇ ਅਖ਼ੀਰ ਵਿੱਚ ਹੋਣੀ ਹੈ। ਪਰ ਕੁੱਝ ਵੀ ਯਕੀਨੀ ਨਹੀਂ ਹੈ।

Facebook Comment
Project by : XtremeStudioz