Close
Menu

ਤਬਾਹੀ ਦਾ ਕਾਰਨ ਬਣਿਆ ਜਾਤੀਵਾਦ ਦਾ ਜ਼ਹਿਰ: ਮੋਦੀ

-- 12 October,2017

ਨਵੀਂ ਦਿੱਲੀ, 12 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਜਾਤੀਵਾਦ ਦੇ ਜ਼ਹਿਰ’ ਕਾਰਨ ਪਿੰਡਾਂ ਦੀ ਤਬਾਹੀ ਉਤੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਇਸ ਜ਼ਹਿਰ ਦੀ ਕਾਟ ਵਿੱਚ ਪਿੰਡਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਉਹ ਇਕਜੁੱਟ ਹੋ ਸਕਣ। ਉਨ੍ਹਾਂ ਪੇਂਡੂ ਭਾਰਤ ਲਈ ਨਤੀਜਾਮੁਖੀ ਵਿਕਾਸ ਸਕੀਮਾਂ ਲਿਆਉਣ ਦੀ ਲੋੜ ਉਤੇ ਜ਼ੋਰ ਦਿੱਤਾ।
ਸ੍ਰੀ ਮੋਦੀ ਨੇ ਕਿਹਾ ਕਿ ਸਾਡੇ ਪਿੰਡ ਹਾਲੇ ਵੀ ਜਾਤੀਵਾਦ ਦੇ ਜ਼ਹਿਰ ਵਿੱਚ ਫਸੇ ਹੋਏ ਹਨ। ਇਹ ਜ਼ਹਿਰ ਪਿੰਡਾਂ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਤਬਾਹ ਕਰ ਰਿਹਾ ਹੈ। ਸਾਨੂੰ ਪਿੰਡਾਂ ਨੂੰ ਇਸ ਜ਼ਹਿਰ ਤੋਂ ਮੁਕਤ ਕਰਨ ਅਤੇ ਇਕਜੁੱਟ ਕਰਨ ਲਈ ਕੋਸ਼ਿਸ਼ਾਂ ਕਰਨ ਦੀ ਲੋੜ ਹੈ। ਸਰਕਾਰ ਪਿੰਡਾਂ ਨੂੰ ਅੱਗੇ ਲੈ ਜਾਣ ਲਈ ਕਦਮ ਚੁੱਕ ਰਹੀ ਹੈ। ਉਹ ਇੱਥੇ ਨਾਨਾਜੀ ਦੇਸ਼ਮੁੱਖ ਦੀ ਜਨਮ ਸ਼ਤਾਬਦੀ ਅਤੇ ਜੈ ਪ੍ਰਕਾਸ਼ ਨਰਾਇਣ ਦੇ 115ਵੇਂ ਜਨਮ ਦਿਨ ਸਬੰਧੀ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਤਾਰ ਵਿੱਚ ਅਖੀਰ ਵਿੱਚ ਖੜ੍ਹੇ ਵਿਅਕਤੀ ਤੱਕ ਲਾਭ ਪਹੁੰਚਾਉਣ ਲਈ ਮੁਲਕ ਕੋਲ ਤਸੱਲੀਬਖ਼ਸ਼ ਸਰੋਤ ਹਨ ਪਰ ਮਨਚਾਹੇ ਨਤੀਜੇ ਚੰਗੇ ਸ਼ਾਸਨ ਰਾਹੀਂ ਹੀ ਹਾਸਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਰਾਜਾਂ ਵਿੱਚ ਚੰਗਾ ਸ਼ਾਸਨ ਹੈ, ਉਹ ਵੱਧ ਪ੍ਰਾਜੈਕਟ ਸ਼ੁਰੂ ਕਰ ਕੇ ਵਡੇਰੇ ਰੁਜ਼ਗਾਰ ਮੌਕੇ ਪੈਦਾ ਕਰਨ ਦੇ ਯੋਗ ਹਨ। ਪੇਂਡੂ ਭਾਰਤ ਦੇ ਟਿਕਾਊ ਵਿਕਾਸ ਲਈ ਜ਼ਰੂਰੀ ਹੈ ਕਿ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਕੀਮਾਂ ਬਣਾਈਆਂ ਜਾਣ ਅਤੇ ਇਨ੍ਹਾਂ ਨੂੰ ਨਵੀਂ ਤਕਨਾਲੋਜੀ ਦੀ ਵਰਤੋਂ ਕਰਦਿਆਂ ਲਾਗੂ ਕੀਤਾ ਜਾਣਾ ਚਾਹੀਦਾ ਹੈ। 

Facebook Comment
Project by : XtremeStudioz