Close
Menu

ਥਾਈ ਗੁਫਾ ਵਿੱਚੋਂ ਬਾਕੀ ਪੰਜ ਜਣੇ ਵੀ ਸੁਰੱਖਿਅਤ ਬਾਹਰ ਕੱਢੇ

-- 11 July,2018

ਮਏ ਸਾਈ, ਉੱਤਰੀ ਥਾਈਲੈਂਡ ਦੀ ਥਾਮ ਲੁਆਂਗ ਗੁਫਾ ਵਿੱਚ ਫਸੇ ਹੋਏ ਜੂਨੀਅਰ ਫੁਟਬਾਲ ਟੀਮ ਦੇ ਬਾਕੀ ਪੰਜ ਮੈਂਬਰਾਂ ਨੂੰ ਵੀ ਅੱਜ 18 ਭਿਆਨਕ ਦਿਨਾਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ। ਇਨ੍ਹਾਂ ਵਿੱਚ ਚਾਰ ਖਿਡਾਰੀ ਅਤੇ ਇਨ੍ਹਾਂ ਦਾ 25 ਸਾਲਾ ਕੋਚ ਸ਼ਾਮਲ ਸਨ। ਦੁਨੀਆਂ ਭਰ ਦਾ ਧਿਆਨ ਖਿੱਚਣ ਵਾਲੇ ਇਸ ਬਹੁਤ ਹੀ ਮੁਸ਼ਕਲ ਬਚਾਓ ਅਪਰੇਸ਼ਨ ਦੌਰਾਨ ਅੱਠ ਖਿਡਾਰੀਆਂ ਨੂੰ ਬੀਤੇ ਦੋ ਦਿਨਾਂ ਦੌਰਾਨ ਬਾਹਰ ਕੱਢਿਆ ਗਿਆ ਸੀ।
ਬਚਾਓ ਅਪਰੇਸ਼ਨ ਨੂੰ ਅੱਜ ਅੱਠ ਨਾਮੀ ਵਿਦੇਸ਼ੀ ਗ਼ੋਤਾਖ਼ੋਰਾਂ ਤੇ ਥਾਈ ਨੇਵੀ ਸੀਲ ਦੇ ਜਵਾਨਾਂ ਨੇ ਪਾਣੀ ਭਰੇ ਔਖੇ ਰਸਤੇ ਰਾਹੀਂ ਅੰਜਾਮ ਦਿੱਤਾ। ਨੇਵੀ ਸੀਲ ਨੇ ਅਪਰੇਸ਼ਨ ਸਫਲ ਹੋਣ ਪਿੱਛੋਂ ਫੇਸਬੁੱਕ ਰਾਹੀਂ ਦਿੱਤੀ ਜਾਣਕਾਰੀ ਵਿੱਚ ਕਿਹਾ, ‘‘ਸਾਰੇ 12 ਵਾਈਲਡ ਬੋਰਜ਼ ਤੇ ਉਨ੍ਹਾਂ ਦੇ ਕੋਚ ਨੂੰ ਕੱਢ ਲਿਆ ਗਿਆ ਹੈ।’’ ਗ਼ੌਰਤਲਬ ਹੈ ਕਿ ਇਨ੍ਹਾਂ ਦੀ ਫੁਟਬਾਲ ਟੀਮ ਦਾ ਨਾਂ ਵਾਈਲਡ ਬੋਰ ਹੈ। ਪੋਸਟ ਵਿੱਚ ਲਿਖਿਆ ਹੈ, ‘‘ਸਾਰੇ ਠੀਕ-ਠਾਕ ਹਨ।’’ ਖਿਡਾਰੀਆਂ ਦੀ ਉਮਰ 11 ਤੋਂ 16 ਸਾਲਾਂ ਦਰਮਿਆਨ ਸੀ, ਜਿਹੜੇ ਬੀਤੀ 23 ਜੂਨ ਨੂੰ ਫੁਟਬਾਲ ਪ੍ਰੈਕਟਿਸ ਤੋਂ ਬਾਅਦ ਪਹਾੜਾਂ ਵੱਲ ਨਿਕਲ ਗਏ ਤੇ ਭਾਰੀ ਬਾਰਸ਼ ਕਾਰਨ ਗੁਫਾ ਵਿੱਚ       ਫਸ ਗਏ।
ਨੌਂ ਦਿਨਾਂ ਬਾਅਦ ਦੋ ਬ੍ਰਿਟਿਸ਼ ਗ਼ੋਤਾਖ਼ੋਰਾਂ ਨੇ ਇਨ੍ਹਾਂ ਦਾ ਪਤਾ ਲਾਇਆ ਤੇ ਇਨ੍ਹਾਂ ਤੱਕ ਪੁੱਜੇ। ਇਸ ਤੋਂ ਬਾਅਦ ਇਨ੍ਹਾਂ ਨੂੰ ਬਾਹਰ ਕੱਢਣ ਲਈ ਕਈ ਤਰ੍ਹਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਇਕ ਗ਼ੋਤਾਖ਼ੋਰ ਦੀ ਜਾਨ ਵੀ ਜਾਂਦੀ ਰਹੀ। ਇਨ੍ਹਾਂ ਤੱਕ ਪੁੱਜਣ ਲਈ ਪਹਾੜ ਵਿੱਚ ਸੁਰੰਗਾਂ ਵੀ ਪੁੱਟੀਆਂ ਗਈਆਂ ਪਰ ਆਖ਼ਰ ਇਨ੍ਹਾਂ ਨੂੰ ਗੁਫਾ ਦੇ ਆਮ ਰਸਤੇ ਰਾਹੀਂ ਹੀ ਬਾਹਰ ਕੱਢਿਆ ਜਾ ਸਕਿਆ।

Facebook Comment
Project by : XtremeStudioz