Close
Menu

ਦਿੱਲੀ ਤੋਂ ਪੰਜਾਬ ’ਚ ਹੋ ਰਹੀ ਚਿੱਟੇ ਦੀ ਸਪਲਾਈ ਦਾ ਪਰਦਾਫਾਸ਼

-- 11 July,2018

ਸੰਗਰੂਰ, ਸੰਗਰੂਰ ਪੁਲੀਸ ਵੱਲੋਂ ਦਿੱਲੀ ਤੋਂ ਹੈਰੋਇਨ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਗਰੋਹ ਦੇ ਚਾਰ ਮੈਂਬਰਾਂ ਨੂੰ ਜਾਅਲੀ ਨੰਬਰ ਵਾਲੀ ਆਲਟੋ ਕਾਰ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 900 ਗਰਾਮ ਹੈਰੋਇਨ ਅਤੇ ਇੱਕ ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਇੱਥੇ ਸੱਦੀ ਗਈ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਵਿਜੈ ਕੁਮਾਰ ਨੇ ਪੁਲੀਸ ਪਾਰਟੀ ਸਮੇਤ ਮਾਨਵਾਲਾ ਲਿੰਕ ਰੋਡ, ਧੂਰੀ ਨੇੜੇ ਨਾਕਾ ਲਗਾ ਕੇ ਜਾਅਲੀ ਨੰਬਰ ਦੀ ਆਲਟੋ ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ 900 ਗਰਾਮ ਹੈਰੋਇਨ ਅਤੇ 1000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮਾਂ ਵਿੱਚ ਅਵਤਾਰ ਸਿੰਘ, ਜਗਤਾਰ ਸਿੰਘ ਉਰਫ ਬਿੱਟੂ, ਗੁਰਮੀਤ ਸਿੰਘ ਉਰਫ ਛਿੰਦਾ ਵਾਸੀਆਨ ਬਾਜ਼ੀਗਰ ਬਸਤੀ, ਧੂਰੀ ਅਤੇ ਰਾਜਿੰਦਰ ਸਿੰਘ ਉਰਫ ਬਿੱਟੂ ਵਾਸੀ ਰੋਹਟੀ ਛੰਨਾ, ਥਾਣਾ ਸਦਰ ਨਾਭਾ ਸ਼ਾਮਲ ਹਨ।
ਸ੍ਰੀ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਗਤਾਰ ਸਿੰਘ ਉਰਫ ਬਿੱਟੂ ਅਤੇ ਅਵਤਾਰ ਸਿੰਘ ਦੀ ਦਿੱਲੀ ਰਹਿੰਦੇ ਇਕ ਅਫ਼ਰੀਕੀ ਮੂਲ ਦੇ ਵਿਅਕਤੀ  ਨਾਲ ਪਛਾਣ ਹੋ ਗਈ ਸੀ ਜੋ ਦਿੱਲੀ ਤੋਂ ਵੱਖ-ਵੱਖ ਰਾਜਾਂ ਵਿੱਚ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਹੈ। ਗ੍ਰਿਫ਼ਤਾਰ ਕੀਤੇ ਗਏ ਚਾਰੋਂ ਮੁਲਜ਼ਮ ਦਿੱਲੀ ਰਹਿੰਦੇ ਉਸ ਅਫ਼ਰੀਕੀ ਵਿਅਕਤੀ ਪਾਸੋਂ 11 ਲੱਖ ਰੁਪਏ ਦੀ ਹੈਰੋਇਨ ਖਰੀਦ ਕੇ ਲਿਆਏ ਸਨ ਜੋ ਉਨ੍ਹਾਂ ਨੇ ਅੱਗੇ 25 ਤੋਂ 30 ਲੱਖ ਰੁਪਏ ਵਿੱਚ ਵੇਚਣੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਕਰੀਬ ਤਿੰਨ-ਚਾਰ ਵਾਰ ਦਿੱਲੀ ਤੋਂ ਹੈਰੋਇਨ ਲਿਆ ਕੇ ਇੱਥੇ ਵੇਚਦੇ ਰਹੇ ਹਨ। ਪਹਿਲਾਂ ਉਹ ਘੱਟ ਮਾਤਰਾ ਵਿੱਚ ਹੈਰੋਇਨ ਲੈ ਕੇ ਆਉਂਦੇ ਸਨ, ਪਰ ਹੁਣ ਸਖਤੀ ਕਰਕੇ ਹੈਰੋਇਨ ਦਾ ਵੱਧ ਰੇਟ ਮਿਲਣ ਕਾਰਨ ਉਨ੍ਹਾਂ ਨੂੰ ਵਧੇਰੇ ਮੁਨਾਫ਼ਾ ਹੋਣਾ ਸੀ। ਮੁਲਜ਼ਮਾਂ ਨੇ ਬੈਂਕਾਂ ਵਿੱਚ ਲਾਕਰ ਰੱਖੇ ਹੋਏ ਹਨ, ਜਿਨ੍ਹਾਂ ਵਿੱਚ ਉਹ ਨਸ਼ਾ ਤਸਕਰੀ ਤੋਂ ਹੋਣ ਵਾਲੀ ਕਮਾਈ ਰੱਖਦੇ ਸਨ। ਚਾਰੋਂ ਮੁਲਜ਼ਮਾਂ ਕੋਲ ਕੋਈ ਜੱਦੀ ਜਾਇਦਾਦ ਨਹੀਂ ਹੈ ਪ੍ਰੰਤੂ ਨਸ਼ਿਆਂ ਤੋਂ ਮੋਟੀ ਕਮਾਈ ਹੋਣ ਕਰਕੇ ਉਨ੍ਹਾਂ ਨੇ ਘਰ ਦਾ ਸਾਰਾ ਸਾਮਾਨ ਬਣਾਇਆ ਹੋਇਆ ਹੈ।
ਐਸਐਸਪੀ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਸਖ਼ਤ ਸੁਨੇਹਾ ਦੇਣ ਲਈ ਮੁਲਜ਼ਮਾਂ ਵੱਲੋਂ ਨਸ਼ਾ ਤਸਕਰੀ ਦੀ ਕਮਾਈ ਨਾਲ ਖਰੀਦਿਆ ਘਰ ਦਾ ਸਾਰਾ ਸਾਮਾਨ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਜਿਨ੍ਹਾਂ ਵਿੱਚ ਇੱਕ ਆਲਟੋ ਕਾਰ, ਦੋ ਮੋਟਰਸਾਈਕਲ, ਦੋ ਸਕੂਟਰੀਆਂ, ਦੋ ਫਰਿੱਜ, ਦੋ ਕੂਲਰ, ਤਿੰਨ ਵਾਸ਼ਿੰਗ ਮਸ਼ੀਨਾਂ, ਦੋ ਐਲਈਡੀਜ਼, ਇੱਕ ਟੀਵੀ, 15 ਗੈਸ ਸਿਲੰਡਰ, ਸਟੀਲ ਦੀਆਂ ਦੋ ਅਲਮਾਰੀਆਂ, ਪੱਖੇ, ਗੀਜ਼ਰ ਤੇ ਡਬਲ ਬੈੱਡ ਆਦਿ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਨਸ਼ੇ ਦੀ ਸਪਲਾਈ ਕਰਨ ਵਾਲੇ ਅਫ਼ਰੀਕੀ ਵਿਅਕਤੀ ਦੇ ਟਿਕਾਣਿਆਂ ਬਾਰੇ ਪਤਾ ਲਗਾਇਆ ਜਾਵੇਗਾ। ਮੁਲਜ਼ਮਾਂ ਦੇ ਬੈਂਕ ਖਾਤਿਆਂ ਅਤੇ ਲਾਕਰਾਂ ਦੀ ਚੈਕਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਵਤਾਰ ਸਿੰਘ ਖ਼ਿਲਾਫ਼ ਪਹਿਲਾਂ ਵੀ ਸੱਤ ਕੇਸ, ਰਾਜਿੰਦਰ ਸਿੰਘ ਉਰਫ਼ ਬਿੱਟੂ ਖ਼ਿਲਾਫ਼ ਚਾਰ ਕੇਸ, ਜਗਤਾਰ ਸਿੰਘ ਉਰਫ਼ ਬਿੱਟੂ ਖ਼ਿਲਾਫ਼ ਇੱਕ ਕੇਸ ਦਰਜ ਹੈ। ਅਵਤਾਰ ਸਿੰਘ ਦਸਵੀਂ ਪਾਸ ਹੈ ਜਦੋਂ ਕਿ ਬਾਕੀ ਸਾਰੇ ਪੰਜ-ਪੰਜ ਜਮਾਤਾਂ ਪੜ੍ਹੇ ਹੋਏ ਹਨ।

Facebook Comment
Project by : XtremeStudioz