Close
Menu

ਦੇਸ਼ ਸਿਰਫ ਤਿੰਨ ਲੋਕਾਂ ਦੇ ਭਰੋਸੇ ਨਹੀਂ ਚੱਲ ਸਕਦਾ: ਰਾਹੁਲ

-- 12 June,2018

ਨਵੀਂ ਦਿੱਲੀ, ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੇਸ਼ ਭਾਜਪਾ ਤੇ ਆਰਐਸਐਸ ਆਗੂਆਂ ਦਾ ਗੁਲਾਮ ਬਣ ਕੇ ਰਹਿ ਗਿਆ ਹੈ। ਦੇਸ਼ ਨੂੰ ਸਿਰਫ ਤਿੰਨ ਲੋਕ ਪ੍ਰਧਾਨ ਮੰਤਰੀ, ਭਾਜਪਾ ਪ੍ਰਧਾਨ ਤੇ ਆਰਐਸਐਸ ਮੁਖੀ ਹੀ ਚਲਾ ਰਹੇ ਹਨ ਪਰ ਅਗਲੇ 6 ਮਹੀਨਿਆਂ ਜਾਂ ਸਾਲ ਤਕ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਇਨ੍ਹਾਂ ਨੂੰ ਇਹ ਅਹਿਸਾਸ ਕਰਵਾ ਦੇਣਗੀਆਂ ਕਿ ਭਾਰਤ ਇਥੋਂ ਦੇ ਲੋਕਾਂ ਵੱਲੋਂ ਚਲਾਇਆ ਜਾਂਦਾ ਹੈ ਨਾ ਕਿ ਸਿਰਫ ਤਿੰਨ ਲੋਕਾਂ ਵੱਲੋਂ। ਉਨ੍ਹਾਂ ਇਹ ਗੱਲ ਕਾਂਗਰਸ ਦੇ ਓਬੀਸੀ ਮੋਰਚੇ ਵੱਲੋਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਕਹੀ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀ ਭੰਡੀ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਮੋਹਨ ਭਾਗਵਤ ਨੂੰ ਛੇਤੀ ਹੀ ਦੇਸ਼ ਦੀ ਤਾਕਤ ਦਾ ਪਤਾ ਚਲ ਜਾਵੇਗਾ ਕਿ ਇਹ ਮੁਲਕ ਲੋਕਾਂ ਵੱਲੋਂ ਚਲਾਇਆ ਜਾਂਦਾ ਹੈ।

ਰਾਹੁਲ ਨੇ ਦੱਸਿਆ ਕਿ ਭਾਜਪਾ ਦੇ 4-5 ਸੰਸਦ ਮੈਂਬਰ ਉਨ੍ਹਾਂ ਕੋਲ ਆਏ ਤੇ ਦੱਸਿਆ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੀ ਵੀ ਨਹੀਂ ਸੁਣਦੇ ਸਿਰਫ਼ ਆਰਐਸਐਸ ਦੀ ਸੁਣੀ ਜਾਂਦੀ ਹੈ। ਉਹ ਡਰਦੇ ਹੋਏ ਕੁੱਝ ਬੋਲ ਵੀ ਨਹੀਂ ਪਾਉਂਦੇ। ਰਾਹੁਲ ਗਾਂਧੀ ਨੇ ਓਬੀਸੀ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਉਨ੍ਹਾਂ ਨੂੰ ਵਿਧਾਨ ਸਭਾ, ਲੋਕ ਸਭਾ ਤੇ ਰਾਜ ਸਭਾ ਵਿੱਚ ਭੇਜੇਗੀ ਤੇ ਮਜ਼ਬੂਤ ਬਣਾਏਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਖਦੇ ਹਨ ਕਿ ਦੇਸ਼ ਵਿੱਚ ਹੁਨਰ ਦੀ ਕਮੀ ਹੈ ਜੋ ਗ਼ਲਤ ਹੈ। ਓਬੀਸੀ ਭਾਈਚਾਰੇ ’ਚ ਹੁਨਰ ਦੀ ਭਰਮਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ। ਭਾਜਪਾ ਸਰਕਾਰ ਨੇ ਸਿਰਫ 15-20 ਅਮੀਰਾਂ ਲਈ ਹੀ ਨੀਤੀਆਂ ਬਣਾਈਆਂ
ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਪ੍ਰਚਾਰ ਲਈ ਕਰੋੜਾਂ ਰੁਪਏ ਖਰਚ ਕੀਤੇ ਤੇ ਮੋਦੀ ਉਨ੍ਹਾਂ ਲਈ ਹੀ ਸਰਕਾਰ ਚਲਾ ਰਹੇ ਹਨ ਤੇ ਸਾਰਾ ਲਾਭ ਉਨ੍ਹਾਂ ਲੋਕਾਂ ਦੀ ਜੇਬ ਵਿੱਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ਲਈ ਕੁੱਝ ਨਹੀਂ ਕੀਤਾ, ਸਗੋਂ ਸਨਅਤਕਾਰਾਂ ਦਾ ਢਾਈ ਲੱਖ ਕਰੋੜ ਦਾ ਕਰਜ਼ ਮੁਆਫ਼ ਕਰ ਕੇ ਉਨ੍ਹਾਂ ਦੀ ਮਦਦ ਕੀਤੀ, ਜਦੋਂ ਕਿ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਮਿਹਨਤ ਕਰਨ ਵਾਲਿਆਂ ਦਾ ਇੱਥੇ ਕੋਈ ਮੁੱਲ ਨਹੀਂ ਹੈ, ਜਦੋਂ ਕਿ ਵਿਦੇਸ਼ਾਂ ਵਿੱਚ ਵੱਡੀਆਂ ਕੰਪਨੀਆਂ ਸਥਾਪਤ ਕਰਨ ਵਾਲਿਆਂ ਨੇ ਛੋਟੀ ਪੱਧਰ ਤੋਂ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ‘ਕੋਕਾ-ਕੋਲਾ’ ਤੇ ‘ਮੈਕਡੋਨਲਡਸ’ ਦੀ ਮਿਸਾਲ ਵੀ ਦਿੱਤੀ।

Facebook Comment
Project by : XtremeStudioz