Close
Menu

ਦੇਸ਼ ਛੱਡਣ ਤੋਂ ਪਹਿਲਾਂ ਜੇਤਲੀ ਨੂੰ ਮਿਲਿਆ ਸੀ: ਮਾਲਿਆ

-- 14 September,2018

ਲੰਡਨ, ਅਰਬਾਂ ਰੁਪਏ ਦੇ ਕਰਜ਼ੇ ਦੇ ਚੁੱਕੀਆਂ ਬੈਂਕਾਂ ਨੂੰ ਅੰਗੂਠਾ ਦਿਖਾਉਣ ਵਾਲੇ ਕਾਰੋਬਾਰੀ ਵਿਜੈ ਮਾਲਿਆ ਨੇ ਅੱਜ ਆਖਿਆ ਕਿ ਭਾਰਤ ਛੱਡਣ ਤੋਂ ਪਹਿਲਾਂ ਉਹ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲ ਕੇ ਆਇਆ ਸੀ।
ਭਾਰਤ ਵੱਲੋਂ ਦਾਇਰ ਕੀਤੇ ਸਪੁਰਦਾਰੀ ਦੇ ਕੇਸ ਸਬੰਧੀ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਪੁੱਜੇ ਕਿੰਗਫਿਸ਼ਰ ਏਅਰਲਾਈਨ ਦੇ 62 ਸਾਲਾ ਸਾਬਕਾ ਮੁਖੀ ਨੇ ਇਹ ਗੱਲ ਉਦੋਂ ਆਖੀ ਜਦੋਂ ਪੱਤਰਕਾਰਾਂ ਨੇ ਉਸ ਤੋਂ ਪੁੱਛਿਆ ਕਿ ਕੀ ਦੇਸ਼ ਛੱਡਣ ਤੋਂ ਪਹਿਲਾਂ ਉਸ ਕੋਈ ਸੂਹ ਕੱਢੀ ਸੀ ਤਾਂ ਉਸ ਨੇ ਜਵਾਬ ਦਿੱਤਾ ‘‘ ਮੈਂ ਦੇਸ਼ ਛੱਡ ਕੇ ਗਿਆ ਸੀ ਕਿਉਂਕਿ ਮੇਰੀ ਜਨੇਵਾ ਵਿੱਚ ਮੀਟਿੰਗ ਹੋਣ ਵਾਲੀ ਸੀ। ਜਾਣ ਤੋਂ ਪਹਿਲਾਂ ਮੈਂ ਵਿੱਤ ਮੰਤਰੀ ਨੂੰ ਮਿਲਿਆ ਸਾਂ ਤੇ ਬੈਂਕਾਂ ਨਾਲ ਮਾਮਲਾ ਸੁਲਝਾਉਣ ਦੀ ਪੇਸ਼ਕਸ਼ ਕੀਤੀ ਸੀ। ਇਹ ਸੱਚ ਹੈ।’’ ਹਾਲਾਂਕਿ ਮਾਲਿਆ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ 2016 ਵਿੱਚ ਜਦੋਂ ਭਾਰਤ ਤੋਂ ਆਇਆ ਸੀ ਤਾਂ ਉਸ ਵੇਲੇ ਵੀ ਅਰੁਣ ਜੇਤਲੀ ਹੀ ਵਿੱਤ ਮੰਤਰੀ ਸਨ। ਉਸ ਨੇ ਪੱਤਰਕਾਰਾਂ ਨੂੰ ਦੱਸਿਆ ‘‘ ਮੈਂ ਪਹਿਲਾਂ ਹੀ ਆਖ ਚੁੱਕਿਆ ਹਾਂ ਕਿ ਮੈਨੂੰ ਸਿਆਸੀ ਖਿੱਦੋ ਬਣਾਇਆ ਜਾ ਰਿਹਾ ਹੈ। ਇਸ ਵਿੱਚ ਮੈਂ ਕੁਝ ਨਹੀਂ ਕਰ ਸਕਦਾ। ਮੇਰੀ ਜ਼ਮੀਰ ਬਿਲਕੁਲ ਸਾਫ਼ ਹੈ ਅਤੇ ਮੈਂ 15000 ਕਰੋੜ ਰੁਪਏ ਦੇ ਮੁੱਲ ਦੇ ਅਸਾਸੇ ਕਰਨਾਟਕ ਹਾਈ ਕੋਰਟ ਦੀ ਟੇਬਲ ’ਤੇ ਰੱਖੇ ਸਨ।’’ ਲੰਡਨ ਦੀ ਅਦਾਲਤ ਵਿੱਚ ਪੇਸ਼ੀ ਵੇਲੇ ਦੁਪਹਿਰ ਦੇ ਖਾਣੇ ਦੇ ਵਕਫ਼ੇ ਦੌਰਾਨ ਉਹ ਸਿਗਰਟ ਦੇ ਕਸ਼ ਲਾਉਂਦਾ ਰਿਹਾ। ਉਸਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਬੈਂਕਾਂ ਤੋਂ ਪੁੱਛਣ ਕਿ ਜਦੋਂ ਉਹ ਕਰਜ਼ੇ ਮੋੜਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਦੀ ਮਦਦ ਕਿਉਂ ਨਾ ਕੀਤੀ ਗਈ। ‘‘ ਮੈਂ ਬਿਨਾਂ ਸ਼ੱਕ ਬਲੀ ਦਾ ਬੱਕਰਾ ਹਾਂ, ਮੈਂ ਬਲੀ ਦਾ ਬੱਕਰਾ ਮਹਿਸੂਸ ਕਰਦਾ ਹਾਂ। ਦੋਵੇਂ ਸਿਆਸੀ ਪਾਰਟੀਆਂ ਮੈਨੂੰ ਪਸੰਦ ਨਹੀਂ ਕਰਦੀਆਂ। ਉਸਨੇ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਉਸ ਲਈ ਤਿਆਰ ਕੀਤੀ ਗਈ ਬੈਰਕ ਨੰਬਰ 12 ਦੀ ਵੀਡਿਓ ਨੂੰ ਤਨਜ਼ੀਆ ਲਹਿਜੇ ਵਿੱਚ ‘‘ ਬੇਹੱਦ ਸ਼ਾਨਦਾਰ’’ ਕਰਾਰ ਦਿੱਤਾ। ਪੱਤਰਕਾਰਾਂ ਦੇ ਇਸਰਾਰ ’ਤੇ ਉਸਨੇ ਇੰਨਾ ਹੀ ਕਿਹਾ ‘‘ ਮੈਂ ਹੋਰ ਕੁਝ ਨਹੀਂ ਕਹਿਣਾ, ਤੁਸੀਂ ਸਭ ਕੁਝ ਅਦਾਲਤ ਵਿੱਚ ਸੁਣ ਹੀ ਲੈਣਾ ਹੈ।’’ ਮਾਲਿਆ ਖ਼ਿਲਾਫ ਸਪੁਰਦਗੀ ਵਾਰੰਟ ਜਾਰੀ ਹੋਣ ਮਗਰੋਂ ਪਿਛਲੇ ਸਾਲ ਅਪਰੈਲ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਭਾਰਤੀ ਬੈਂਕਾਂ ਦੇ ਕਰੀਬ 9000 ਕਰੋੜ ਰੁਪਏ ਦੇ ਕਰਜ਼ੇ ਡਕਾਰ ਕੇ ਫ਼ਰਾਰ ਹੋ ਗਿਆ ਸੀ। 

Facebook Comment
Project by : XtremeStudioz