Close
Menu
Breaking News:

ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਤੋਂ ਪੱਕੀ ਰਾਹਤ

-- 16 May,2018

ਨਵੀਂ ਦਿੱਲੀ, 16 ਮਈ
ਸੁਪਰੀਮ ਕੋਰਟ ਨੇ ਪੰਜਾਬ ਦੇ ਟੂਰਿਜ਼ਮ ਮੰਤਰੀ ਅਤੇ ਉਘੇ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਨੂੰ 30 ਸਾਲ ਪੁਰਾਣੇ ਰੋਡਰੇਜ ਮਾਮਲੇ ਵਿੱਚ ਵੱਡੀ ਰਾਹਤ ਦਿੰਦਿਆਂ ਕੋਈ ਸਜ਼ਾ ਨਹੀਂ ਦਿੱਤੀ ਪਰ ਅਪਰਾਧ ਦੇ ਲਈ ਇੱਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਨੇ ਸ੍ਰੀ ਸਿੱਧੂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 323 ਤਹਿਤ ਦੋਸ਼ੀ ਮੰਨਿਆ ਪਰ ਨਾਲ ਹੀ ਧਾਰਾ 304 ਤਹਿਤ ਦਰਜ ਗ਼ੈਰ-ਇਰਾਦਤਨ ਕਤਲ ਦੇ ਦੋਸ਼ ਤੋਂ ਉਸ ਨੂੰ ਬਰੀ ਕਰ ਦਿੱਤਾ। ਜਸਟਿਸ ਜੇ. ਚੇਲਾਮੇਸ਼ਵਰ ਤੇ ਜਸਟਿਸ ਸੰਜੇ ਕਿਸ਼ਨ ਕੌਲ ਦੇ ਬੈਂਚ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਧਾਰਾ 323, ਜਿਸ ਤਹਿਤ ਨਵਜੋਤ ਸਿੰਘ ਸਿੱਧੂ ਸਵੈ-ਇੱਛਾ ਨਾਲ ਸੱਟ ਮਾਰਨ ਦਾ ਦੋਸ਼ੀ ਹੈ ਤੇ ਉਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਪਰ ਇੱਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਸਾਥੀ ਰੁਪਿੰਦਰ ਸਿੰਘ ਸੰਧੂ ਨੂੰ ਸੁਪਰੀਮ ਕੋਟ ਨੇ ਦੋਸ਼ਮੁਕਤ ਕਰਾਰ ਦਿੰਦਿਆਂ ਬਰੀ ਕਰ ਦਿੱਤਾ ਹੈ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਉਲਟਾ ਦਿੱਤਾ ਹੈ। ਧਾਰਾ 323 ਤਹਿਤ ਕਿਸੇ ਨਾਲ ਕੁੱਟਮਾਰ ਕਰਕੇ ਜ਼ਖ਼ਮੀ ਕਰਨਾ ਤੇ ਧਾਰਾ 304 ਹੇਠ ਗ਼ੈਰ-ਇਰਾਦਾ ਕਤਲ ਦਾ ਮਾਮਲਾ ਬਣਦਾ ਹੈ। ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਨਜ਼ਦੀਕ 27 ਦਸੰਬਰ 1988 ਨੂੰ ਵਾਪਰੀ ਇੱਕ ਘਟਨਾ ਦੌਰਾਨ ਗੁਰਨਾਮ ਸਿੰਘ (65) ਦੀ ਸੜਕ ਹਾਦਸੇ ਬਾਅਦ ਕੁੱਟਮਾਰ ਕਰਕੇ ਸਿੱਧੂ ਤੇ ਉਸ ਦਾ ਸਾਥੀ ਖਿਸਕ ਗਏ ਸਨ ਅਤੇ ਗੁਰਨਾਮ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ।
ਇਸ ਕੇਸ ਵਿੱਚ ਮੁਕੱਦਮੇ ਦੀ ਸੁਣਵਾਈ ਕਰਨ ਵਾਲੀ ਅਦਾਲਤ ਨੇ ਸਿੱਧੂ ਨੂੰ ਬਰੀ ਕਰ ਦਿੱਤਾ ਸੀ ਪਰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਦਸੰਬਰ 2006 ਵਿੱਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਉਲਟਾਉਂਦਿਆਂ ਆਈਪੀਸੀ ਦੀ ਧਾਰਾ 304 (2) ਤਹਿਤ ਸਿੱਧੂ ਨੂੰ ਗ਼ੈਰ-ਇਰਾਦਾ ਕਤਲ ਦਾ ਦੋਸ਼ੀ ਪਾਇਆ ਸੀ ਅਤੇ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਸਿੱਧੂ ਨੇ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਕੀਤੀ ਸੀ। ਟੂਰਿਜ਼ਮ ਮੰਤਰੀ ਵੱਲੋਂ ਸੀਨੀਅਰ ਵਕੀਲ ਆਰ.ਐਸ. ਚੀਮਾ ਪੇਸ਼ ਹੋਏ ਸਨ ਜਿਨ੍ਹਾਂ ਗੁਰਨਾਮ ਸਿੰਘ ਦੀ ਮੌਤ ਬਾਰੇ ਮੈਡੀਕਲ ਰਿਪੋਰਟ ਨੂੰ ਅਸਪਸ਼ਟ ਦੱਸਿਆ ਸੀ।

‘ਮੇਰੀ ਰਹਿੰਦੀ ਜਿ਼ੰਦਗੀ ਪੰਜਾਬੀਆਂ ਨੂੰ ਸਮਰਪਿਤ’

ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਨੂੰ ਨਿਆਂਪਾਲਿਕਾ ਅਤੇ ਦੇਸ਼ ਦੀ ਨਿਆਂ ਪ੍ਰਕਿਰਿਆ ’ਤੇ ਪੂਰਾ ਭਰੋਸਾ ਸੀ ਕਿ ਮੇਰੇ ਨਾਲ ਇਨਸਾਫ਼ ਹੋਵੇਗਾ ਅਤੇ ਇਸ ਫੈਸਲੇ ਨਾਲ ਇਹ ਭਰੋਸਾ ਹੋਰ ਦ੍ਰਿੜ੍ਹ ਹੋਇਆ ਹੈ।’ ਉਨ੍ਹਾਂ ਸਮੂਹ ਪੰਜਾਬੀਆਂ ਦਾ ਧੰਨਵਾਦ ਕਰਦਿਆਂ  ਆਪਣੀ ਪੂਰੀ ਜ਼ਿੰਦਗੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਲੇਖੇ ਲਾਉਣ ਲਈ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਸਿੱਧੂ ਨੇ ਅੱਜ ਫੈਸਲਾ ਆਉਣ ਉਪਰੰਤ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵੱਲੋਂ ਪ੍ਰਗਟਾਏ ਵਿਸ਼ਵਾਸ ਅਤੇ ਵਧਾਈ ਦੇਣ ’ਤੇ ਧੰਨਵਾਦ ਕੀਤਾ ਤੇ ਕਿਹਾ, ‘ਮੈਂ ਆਪਣੀ ਸਾਰੀ ਜ਼ਿੰਦਗੀ ਕਾਂਗਰਸ ਪਾਰਟੀ ਨੂੰ ਸਮਰਪਿਤ ਕਰਦਾ ਹਾਂ।’
ਇਸ ਮੌਕੇ ਸ੍ਰੀ ਸਿੱਧੂ ਦੇ ਦੋਸਤ ਰੁਪਿੰਦਰ ਸਿੰਘ ਸੰਧੂ ਵੀ ਹਾਜ਼ਰ ਸਨ ਜਿਹੜੇ ਇਸੇ ਕੇਸ ਵਿੱਚ ਬਰੀ ਹੋਏ ਹਨ। ਮੰਤਰੀ ਨੂੰ ਵਧਾਈ ਦੇਣ ਵਾਲਿਆਂ ਦਾ ਅੱਜ ਸਾਰਾ ਦਿਨ ਤਾਂਤਾ ਲੱਗਿਆ ਰਿਹਾ। ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੀ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਉਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮਾਲ ਅਤੇ ਜਲ ਸਰੋਤ ਪ੍ਰਬੰਧਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਗੁਰਕੀਰਤ ਸਿੰਘ ਕੋਟਲੀ ਤੇ ਕੁਲਬੀਰ ਸਿੰਘ ਜ਼ੀਰਾ ਵਧਾਈ ਦੇਣ ਘਰ ਆਏ। ਇਸੇ ਦੌਰਾਨ ਸਪੀਕਰ ਰਾਣਾ ਕੇ.ਪੀ.ਸਿੰਘ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਵਧਾਈ ਦਿੱਤੀ। ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਏ.ਵੇਣੂ ਪ੍ਰਸਾਦ ਤੇ ਡਾਇਰੈਕਟਰ ਕਰਨੇਸ਼ ਸ਼ਰਮਾ, ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ ਤੇ ਸ਼ਿਵਦੁਲਾਰ ਸਿੰਘ ਢਿੱਲੋਂ ਸਮੇਤ ਕਈ ਰਾਜਸੀ ਆਗੂਆਂ ਨੇ ਵੀ ਘਰ ਪੁੱਜ ਕੇ ਵਧਾਈ ਦਿੱਤੀ। ਸ੍ਰੀ ਸਿੱਧੂ ਸੀਨੀਅਰ ਐਡਵੋਕੇਟ ਆਰ.ਐਸ.ਚੀਮਾ ਨੂੰ ਮਿਲਣ ਉਪਰੰਤ ਰਾਹੁਲ ਗਾਂਧੀ ਨੂੰ ਮਿਲਣ ਲਈ ਨਵੀਂ ਦਿੱਲੀ ਲਈ ਰਵਾਨਾ ਹੋ ਗਏ।

Facebook Comment
Project by : XtremeStudioz