Close
Menu

ਪਾਕਿਸਤਾਨ ਆਰਥਿਕ ਲਾਂਘੇ ਨਾਲ ਸਬੰਧਤ ਕਰਜ਼ੇ ਦੇ ਵੇਰਵੇ ਸਾਂਝੇ ਕਰਨ ਲਈ ਤਿਆਰ

-- 15 October,2018

ਇਸਲਾਮਾਬਾਦ, ਚੀਨ-ਪਾਕਿਸਤਾਨ ਆਰਥਿਕ ਲਾਂਘੇ (ਸੀਪੀਈਸੀ) ਨਾਲ ਸਬੰਧਤ ਕਰਜ਼ੇ ਦੇ ਵੇਰਵੇ ਪਾਕਿਸਤਾਨ ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਨਾਲ ਸਾਂਝੇ ਕਰਨ ਲਈ ਤਿਆਰ ਹੈ। ਅਮਰੀਕਾ ਵੱਲੋਂ ਪਾਕਿਸਤਾਨ ਦੇ ਮੌਜੂਦਾ ਆਰਥਿਕ ਸੰਕਟ ਲਈ ਪ੍ਰਾਜੈਕਟ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦੋਸ਼ਾਂ ਨੂੰ ਨਕਾਰਦਿਆਂ ਵਿੱਤ ਮੰਤਰੀ ਅਸਦ ਉਮਰ ਨੇ ਕਿਹਾ ਕਿ ਉਨ੍ਹਾਂ ਆਈਐਮਐਫ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟੀਨ ਲਗਾਰਡ ਨਾਲ ਮਿਲ ਕੇ ਪਾਕਿਸਤਾਨ ਲਈ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਇੰਡੋਨੇਸ਼ੀਆ ਤੋਂ ਪਰਤੇ ਅਸਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਈਐਮਐਫ ਕੋਲ ਪਹੁੰਚ ਦਾ ਫ਼ੈਸਲਾ ਮਿੱਤਰ ਮੁਲਕਾਂ ਨਾਲ ਸਲਾਹ-ਮਸ਼ਵਰਾ ਮਗਰੋਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਈਐਮਐਫ ਦੀ ਟੀਮ 7 ਨਵੰਬਰ ਨੂੰ ਪਾਕਿਸਤਾਨ ਆਏਗੀ। ਮੰਤਰੀ ਮੁਤਾਬਕ ਪਾਕਿਸਤਾਨ ’ਤੇ ਮੌਜੂਦਾ ਕਰਜ਼ ਅਦਾਇਗੀ ਕਰੀਬ 9 ਅਰਬ ਡਾਲਰ ਬਣਦੀ ਹੈ ਪਰ ਆਈਐਮਐਫ ਇਹ ਸਾਰਾ ਕਰਜ਼ਾ ਨਹੀਂ ਦੇਵੇਗਾ।
ਲਗਾਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਈਐਮਐਫ ਚੀਨ ਵੱਲੋਂ ਸੀਪੀਈਸੀ ਲਈ ਦਿੱਤੇ 50 ਅਰਬ ਡਾਲਰ ਦੇ ਕਰਜ਼ੇ ਸਮੇਤ ਪਾਕਿਸਤਾਨ ਵੱਲੋਂ ਲਏ ਗਏ ਹੋਰ ਕਰਜ਼ਿਆਂ ਦੀ ਜਾਣਕਾਰੀ ਚਾਹੁੰਦਾ ਹੈ। ਉਮਰ ਨੇ ਕਿਹਾ ਕਿ ਸਰਕਾਰ ਨੂੰ ਕੁਝ ਸਖ਼ਤ ਫ਼ੈਸਲੇ ਲੈਣਗੇ ਪੈਣਗੇ ਜਿਨ੍ਹਾਂ ਦੀ ਤਕਲੀਫ਼ ਲੋਕਾਂ ਨੂੰ ਹੋਵੇਗੀ ਪਰ ਮੌਜੂਦਾ ਆਰਥਿਕ ਹਾਲਾਤ ’ਚੋਂ ਨਿਕਲਣ ਲਈ ਕੌਮਾਂਤਰੀ ਵਚਨਬੱਧਤਾ ਨੂੰ ਨਿਭਾਉਣਾ ਪਏਗਾ। ਉਨ੍ਹਾਂ ਕਿਹਾ ਕਿ ਜੇਕਰ ਆਈਐਮਐਫ ਦੀਆਂ ਸ਼ਰਤਾਂ ਪਾਕਿਸਤਾਨ ਨੂੰ ਸਵੀਕਾਰ ਨਾ ਹੋਈਆਂ ਤਾਂ ਉਹ ਮਿੱਤਰ ਮੁਲਕਾਂ ਵੱਲ ਦੁਬਾਰਾ ਰੁਖ ਕਰਨਗੇ।
ਮੰਤਰੀ ਨੇ ਕਿਹਾ ਕਿ ਆਰਥਿਕ ਹਾਲਾਤ ਨਾਲ ਕੌਮੀ ਸੁਰੱਖਿਆ ਦਾ ਮੁੱਦਾ ਜੁੜਿਆ ਹੋਇਆ ਹੈ ਅਤੇ ਸਰਕਾਰ ਕੌਮੀ ਸੁਰੱਖਿਆ ਦੇ ਮਾਮਲਿਆਂ ਨਾਲ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸਾਊਦੀ ਅਰਬ, ਚੀਨ ਅਤੇ ਸੰਯੁਕਤ ਅਰਬ ਅਮੀਰਾਤ ਨੇ ਪਾਕਿਸਤਾਨ ਨੂੰ ਆਰਥਿਕ ਸੰਕਟ ’ਚੋਂ ਕੱਢਣ ਲਈ ਸਖ਼ਤ ਸ਼ਰਤਾਂ ਨਹੀਂ ਰੱਖੀਆਂ ਹਨ ਪਰ ਉਨ੍ਹਾਂ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਮੁਲਕ ਪਾਕਿਸਤਾਨ ਨੂੰ ਵਿੱਤੀ ਸਹਾਇਤਾ ਕਿਉਂ ਨਹੀਂ ਦੇ ਰਹੇ ਹਨ। 

Facebook Comment
Project by : XtremeStudioz