Close
Menu

ਪਾਕਿਸਤਾਨ ਨੇ ਸ਼ਰੀਫ਼ ਤੇ ਮਰੀਅਮ ਨੂੰ ‘ਵਿਦੇਸ਼ ਯਾਤਰਾ ਦੀ ਮਨਾਹੀ’ ਵਾਲੀ ਸੂਚੀ ’ਚ ਪਾਇਆ

-- 11 July,2018

ਲਾਹੌਰ, ਪਾਕਿਸਤਾਨ ਸਰਕਾਰ ਨੇ ਬਰਖ਼ਾਸਤ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਦੇ ਨਾਵਾਂ ਨੂੰ ਐਗਜ਼ਿਟ ਕੰਟਰੋਲ ਲਿਸਟ (ਈਸੀਐਲ) ਵਿੱਚ ਪਾ ਦਿੱਤਾ ਹੈ। ਉਹ ਦੋਵੇਂ ਸ਼ੁੱਕਰਵਾਰ ਨੂੰ ਵਤਨ ਪਰਤਣ ਵਾਲੇ ਹਨ। ਗੌਰਤਲਬ ਹੈ ਕਿ ਭ੍ਰਿਸ਼ਟਾਚਾਰ ਮਾਮਲੇ ਵਿੱਚ ਇਸਲਾਮਾਬਾਦ ਦੀ ਅਦਾਲਤ ਨੇ ਕੁਝ ਦਿਨ ਪਹਿਲਾਂ ਸ਼ਰੀਫ਼ ਅਤੇ ਮਰੀਅਮ ਨੂੰ ਦੋਸ਼ੀ ਠਹਿਰਾਉਂਦੇ ਹੋਏ ਕ੍ਰਮਵਾਰ 10 ਅਤੇ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਸੂਚੀ ਵਿੱਚ ਜਿਨ੍ਹਾਂ ਲੋਕਾਂ ਦਾ ਨਾਂ ਪਾਇਆ ਗਿਆ ਹੈ ਉਹ ਪਾਕਿਸਤਾਨ ਤੋਂ ਬਾਹਰ ਨਹੀਂ ਜਾ ਸਕਦੇ। ਸ਼ਰੀਫ਼ ਅਤੇ ਮਰੀਅਮ ਦੋਵੇਂ ਹੀ ਅੱਜ ਕੱਲ੍ਹ ਲੰਡਨ ਵਿੱਚ ਹਨ। ਇਹ ਉਥੇ ਸ਼ਰੀਫ਼ ਦੀ ਪਤਨੀ ਕੁਲਸੂਮ ਨਵਾਜ਼ ਦੀ ਤੀਮਾਰਦਾਰੀ ਕਰ ਰਹੇ ਹਨ, ਜੋ ਗਲੇ ਦੇ ਕੈਂਸਰ ਤੋਂ ਪੀੜਤ ਹੈ ਅਤੇ ਦਿਲ ਦਾ ਦੌਰ ਪੈਣ ਤੋਂ ਬਾਅਦ ਉਨ੍ਹਾਂ ਨੂੰ  14 ਜੂਨ ਤੋਂ ਉਥੇ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ।  ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਭਿ੍ਸ਼ਟਾਚਾਰ ਦੇ ਇਕ ਮਾਮਲੇ ਵਿੱਚ ਸ਼ਰੀਫ਼ ਅਤੇ ਮਰੀਅਮ ਵਿਰੁੱਧ ਦੋਸ਼ ਸਿੱਧ ਹੋਣ ਤੋਂ ਬਾਅਦ ਮੰਤਰਾਲੇ ਅਤੇ ਬਿਊਰੋ ਦੀ ਬੇਨਤੀ ’ਤੇ ਵਿਚਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਂ ਈਸੀਐਲ ਵਿੱਚ ਪਾ ਦਿੱਤੇ ਗਏ। ਬਿਊਰੋ ਨੇ ਇਹ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ ਕਿ ਦੇਸ਼ ਦੇ ਕਿਸੇ ਵੀ ਹਵਾਈ ਅੱਡੇ ’ਚ ਪਹੁੰਚਣ ’ਤੇ ਸ਼ਰੀਫ਼ ਅਤੇ ਮਰੀਅਮ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ। ਬਿਊਰੋ ਨੇ ਕਾਰਜਕਾਰੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਸ ਨੂੰ ਹੈਲੀਕਾਪਟਰ ਮੁਹੱਈਆ ਕਰਾਇਆ ਜਾਵੇ ਤਾਂ ਕਿ ਸ਼ਰੀਫ਼ ਅਤੇ ਮਰੀਅਮ ਨੂੰ ਸ਼ੁੱਕਰਵਾਰ ਨੂੰ ਲਾਹੌਰ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਇਸਲਾਮਾਬਾਦ ਲਿਜਾਇਆ ਜਾ ਸਕੇ। ਇਸੇ ਦੌਰਾਨ ਸ਼ਰੀਫ਼ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਜਾਣ ਤੋਂ ਡਰ ਨਹੀਂ ਲੱਗਦਾ। ਉਨ੍ਹਾਂ ਕਿਹਾ, ‘‘ਮੈਂ ਕੁਝ ਜੱਜਾਂ ਅਤੇ ਸੈਨਾ ਦੇ ਜਰਨੈਲਾਂ ਵੱਲੋਂ ਪੈਦਾ ਕੀਤੇ ਜਾ ਰਹੇ ਡਰ ਤੋਂ ਪਾਕਿਸਤਾਨ ਨੂੰ    ਮੁਕਤ ਕਰਾਉਣ ਲਈ ਵਾਪਸ ਆ ਰਿਹਾ ਹਾਂ।’’

Facebook Comment
Project by : XtremeStudioz